ਸਾਹਿਤ ਤੇ ਸਮਾਜਕ ਸਰੋਕਾਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਦਾ ਸਨਮਾਨ

ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਸਨਮਾਨੀਆਂ ਗਈਆਂ ਸ਼ਖ਼ਸੀਅਤਾਂ

ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਸਨਮਾਨੀਆਂ ਗਈਆਂ ਸ਼ਖ਼ਸੀਅਤਾਂ

ਮੈਲਬਰਨ, 24 ਅਗਸਤ : ਸਾਊਥ ਆਸਟਰੇਲੀਆ ਦੇ ਸ਼ਹਿਰ ਐਡੀਲੇਡ ’ਚ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਪੰਜਾਬੀ ਸਾਹਿਤ ਅਤੇ ਸਮਾਜਕ ਸਰੋਕਾਰਾਂ ਨਾਲ ਜੁੜੀਆਂ ਸ਼ਖਸੀਅਤਾਂ ਨਾਲ ਰੂ-ਬ-ਰੂ ਸਮਾਗਮ ਕਰਵਾਇਆ ਗਿਆ।

ਜਲੰਧਰ ਤੋਂ ਛਪਦੇ ‘ਅਲਖ’ ਰਸਾਲੇ ਨਾਲ ਜੁੜੇ ਸ਼ਾਇਰ ਮਨੋਹਰ ਸਿੰਘ ਖਹਿਰਾ ਨੇ ਵੱਖ-ਵੱਖ ਵਿਸ਼ਿਆਂ ਉਤੇ ਲਿਖੀਆਂ ਆਪਣੀਆਂ ਕਵਿਤਾਵਾਂ ਨਾਲ ਸਾਂਝ ਪਾਈ। ਪੰਜਾਬ ਦੇ ਪਲੀਤ ਹੋ ਰਹੇ ਵਾਤਾਵਰਨ ’ਤੇ ਉਨ੍ਹਾਂ ਆਪਣੀ ਕਵਿਤਾ ਕਾਲੀ ਵੇਈਂ ਅਤੇ ਤਿੜਕ ਰਹੇ ਪਰਿਵਾਰਕ ਰਿਸ਼ਤਿਆਂ ’ਤੇ ਲਿਖਤ ‘ਵਿਰਸਾ’ ਸੁਣਾਈ। ਸ੍ਰੀ ਖਹਿਰਾ ਨੇ ਕਿਹਾ ਕਿ ਕਲਮ ਜ਼ਰੀਏ ਆਪਣੀ ਧਰਤੀ ਤੇ ਆਪਣੇ ਲੋਕਾਂ ਦੀ ਅਸਲ ਤਸਵੀਰ ਸਾਹਮਣੇ ਲਿਆਉਣੀ ਸਾਹਿਤਕਾਰਾਂ ਦਾ ਮੁਢਲਾ ਫਰਜ਼ ਬਣਦਾ ਹੈ। ਇਸ ਮੌਕੇ ਸ੍ਰੀਮਤੀ ਸ਼ਰਨਜੀਤ ਕੌਰ ਨੇ ਤੰਗੀਆਂ ’ਚ ਘਿਰੀ ਇਕ ਪੰਜਾਬਣ ਦੀ ਸਾਉਣ ਮਹੀਨੇ ਧੁੰਦਲੀ ਪਈ ਤਾਂਘ ਨੂੰ ਕਵਿਤਾ ਰਾਹੀਂ ਸਾਂਝਾ ਕੀਤਾ।
ਕਿਰਤੀ ਜਥੇਬੰਦੀਆਂ ਅਤੇ ਕਰਮਚਾਰੀ ਤਬਕੇ ਦੇ ਹੱਕਾਂ ਲਈ ਅੰਦੋਲਨਾਂ ਦਾ ਹਿੱਸਾ ਰਹੇ ਲੜੀਵਾਰ ‘ਵਰਗ ਚੇਤਨਾ’ ਦੇ ਸੰਪਾਦਕ ਸ੍ਰੀ ਯਸ਼ਪਾਲ ਨੇ ਮਜ਼ਦੂਰਾਂ-ਕਿਰਤੀਆਂ ਦੀਆਂ ਮੰਗਾਂ ਲਈ ਲੜੇ ਸੰਘਰਸ਼ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਮਾਜਕ ਬਰਾਬਰੀ ਲਈ ਹਮੇਸ਼ਾ ਹੀ ਆਵਾਜ਼ ਬੁਲੰਦ ਕਰਨ ਦੀ ਲੋੜ ਰਹੀ ਹੈ ਤੇ ਉਹ ਲਿਖਤਾਂ ਰਾਹੀਂ ਇਸ ਸਬੰਧੀ ਹੋਕਾ ਦਿੰਦੇ ਰਹਿੰਦੇ ਹਨ।
ਧਰਮ ਅਤੇ ਸਾਹਿਤ ਦੇ ਖੇਤਰ ਨਾਲ ਲੰਮੇ ਸਮੇਂ ਤੋਂ ਜੁੜੇ ਉੱਘੇ ਲੇਖਕ ਗਿਆਨੀ ਸੰਤੋਖ ਸਿੰਘ ਨੇ ਪੰਜਾਬੀ ਬੋਲੀ ਦੇ ਵਿਗਾੜੇ ਜਾ ਰਹੇ ਅਸਲ ਸਰੂਪ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਮਾਂ-ਬੋਲੀ ਦੇ ਵਿਆਕਰਨ ਪ੍ਰਤੀ ਮੁੱਢੋਂ ਲਾਪ੍ਰਵਾਹ ਲੇਖਕ ਜ਼ਿੰਮੇਵਾਰ ਹਨ। ਨਾਲ ਹੀ ਪੰਜਾਬੀ ਅਖਬਾਰਾਂ ਅਤੇ ਰਸਾਲਿਆਂ ’ਚ ਆਪਣੇ ਸ਼ਬਦਾਂ ਦੀ ਥਾਂ ਹਿੰਦੀ ਅਤੇ ਅੰਗਰੇਜ਼ੀ ਦੀ ਹੋ ਰਹੀ ਵਰਤੋਂ ਪੰਜਾਬੀ ਪਾਠਕਾਂ ਨਾਲ ਧਰੋਹ ਕਮਾਉਣ ਬਰਾਬਰ ਹੈ ਅਤੇ ਇਸ ਸਬੰਧੀ ਹਰ ਪੰਜਾਬੀ ਨੂੰ ਚੇਤੰਨ ਹੋਣ ਦੀ ਲੋੜ ਹੈ। ਗਾਇਕ ਬਾਗੀ ਭੰਗੂ ਵੱਲੋਂ 1947 ਦੇ ਦੰਗਿਆਂ ’ਚ ਵਿਛੜੇ ਦੋ ਦੋਸਤਾਂ ਦੀ ਕਹਾਣੀ ਬਿਆਨਦਾ ਇਕ ਗੀਤ ਅਤੇ ਇਕ ਗ਼ਜ਼ਲ ਸੁਣਾਈ ਗਈ। ਅਖੀਰ ’ਚ ਸੰਸਥਾ ਵੱਲੋਂ ਇਨ੍ਹਾਂ ਸ਼ਖਸੀਅਤਾਂ ਨੂੰ ਸਨਮਾਨ ਪੱਤਰ ਦਿੱਤੇ ਗਏ। ਐਸੋਸੀਏਸ਼ਨ ਵੱਲੋਂ ਮਿੰਟੂ ਬਰਾੜ, ਮਨਪ੍ਰੀਤ ਸਿੰਘ, ਜੌਹਰ ਗਰਗ, ਸਤਵਿੰਦਰ ਸਿੰਘ ਆਦਿ ਹਾਜ਼ਰ ਸਨ।

Widgetized Section

Go to Admin » appearance » Widgets » and move a widget into Advertise Widget Zone