Last UPDATE: August 22, 2014 at 7:49 pm

ਸਫੇੜਾ ਦੇ ਲੋਕਾਂ ਨੇ ਰਾਸ਼ਨ ਵੰਡਣ ਆਏ ਇੰਸਪੈਕਟਰ ਦੀ ਗੱਡੀ ਘੇਰੀ

ਪਿੰਡ ਸਫੇੜਾ ਦੇ ਵਸਨੀਕ ਸਸਤੇ ਰਾਸ਼ਨ ਦੀ ਸਹੀ ਵੰਡ ਨਾ ਹੋਣ ਕਾਰਨ ਰੋਸ ਪ੍ਰਗਟ ਕਰਦੇ ਹੋਏ । -ਫੋਟੋ: ਨੌਗਾਵਾਂ

ਗ਼ਰੀਬਾਂ ਦਾ ਰਾਸ਼ਨ ਅਮੀਰਾਂ ਨੂੰ ਵੰਡਣ ਦਾ ਦੋਸ਼

ਪੱਤਰ ਪ੍ਰੇਰਕ
ਦੇਵੀਗੜ੍ਹ, 22 ਅਗਸਤ
ਹਲਕਾ ਸਨੌਰ ਦੇ ਪਿੰਡ ਸਫੇੜਾ ਦੇ ਗ਼ਰੀਬ ਲੋਕਾਂ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਆਟਾ ਦਾਲ ਸਕੀਮ ਦਾ ਰਾਸ਼ਨ ਵੰਡਣ ‘ਚ ਘਪਲੇਬਾਜ਼ੀ ਦੇ ਦੋਸ਼ ਲਗਾਏ ਹਨ। ਅੱਜ ਜਦੋਂ ਪਿੰਡ ‘ਚ ਡਿੱਪੂ ਹੋਲਡਰ ਤੇ ਮੌਕੇ ਦੇ ਹਲਕਾ ਇੰਸਪੈਕਟਰ ਰਾਸ਼ਨ ਵੰਡਣ ਲੱਗੇ ਤਾਂ ਪਿੰਡ ਦੇ ਲੋਕਾਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਤੇ ਇੰਸਪੈਕਟਰ ਦੀ ਗੱਡੀ ਘੇਰ ਕੇ ਪੰਜਾਬ ਸਰਕਾਰ ਅਤੇ ਡਿੱਪੂ ਹੋਲਡਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ‘ਚ ਗ਼ਰੀਬ ਲੋਕਾਂ ਨੂੰ ਤਾਂ ਸਰਕਾਰ ਵੱਲੋਂ ਚਲਾਈ ਗਈ ਸਕੀਮ ਇੱਕ ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਨਹੀਂ ਮਿਲ ਰਹੀ ਜਦੋਂ ਕਿ ਅਮੀਰ ਲੋਕਾਂ ਨੂੰ ਕਥਿਤ ਤੌਰ ‘ਤੇ ਸਸਤੇ ਭਾਅ ਵਾਲਾ ਆਟਾ ਦਾਲ ਮਿਲ ਰਿਹਾ ਹੈ। ਗ਼ਰੀਬ ਲੋਕ ਜਿਨ੍ਹਾਂ ਦੇ ਕਾਰਡ ਬਣੇ ਹਨ, ਨੂੰ ਵੀ ਰਾਸ਼ਨ ਦੀ ਸਹੀ ਵੰਡ ਨਹੀਂ ਹੋ ਰਹੀ ਜੋ ਕਿ ਗ਼ਰੀਬ ਲੋਕਾਂ ਨਾਲ ਧੱਕਾ ਹੈ। ਕਰਮਜੀਤ ਸਿੰਘ ਪੁੱਤਰ ਜਵਾਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਕਾਰਡ ‘ਚ ਪੰਜ ਜੀਆਂ ਦੇ ਨਾਂ ਹਨ ਪਰ ਉਨ੍ਹਾਂ ਨੂੰ ਡਿੱਪੂ ਵਾਲਾ ਸਿਰਫ ਦੋ ਜੀਆਂ ਦਾ ਹੀ ਲਾਭ ਦੇ ਰਿਹਾ ਹੈ।
ਪਿੰਡ ਦੀਆਂ ਵਸਨੀਕ ਜੋਗਿੰਦਰ ਕੌਰ (ਵਿਧਵਾ), ਕੁਲਵੰਤ ਕੌਰ (ਵਿਧਵਾ) ਨੇ ਕਿਹਾ ਕਿ ਉਹ ਬਹੁਤ ਗ਼ਰੀਬ ਹਨ, ਪਰ ਸਰਕਾਰ ਨੇ ਉਨ੍ਹਾਂ ਦਾ ਆਟਾ ਦਾਲ ਸਕੀਮ ਵਾਲਾ ਕਾਰਡ ਬਣਾਇਆ ਹੀ ਨਹੀਂ। ਇਸ ਮੌਕੇ ਰਾਜ ਕੌਰ, ਬਲਬੀਰ ਸਿੰਘ, ਪਾਲ ਕੌਰ, ਸੁਰਿੰਦਰ ਸਿੰਘ, ਮਹਿੰਦਰ ਸਿੰਘ, ਰੀਠਾ ਸਿੰਘ, ਸੁਰਜੀਤ ਸਿੰਘ, ਕਰਤਾਰ ਸਿੰਘ, ਛੋਟਾ ਸਿੰਘ, ਜੀਵਨ ਸਿੰਘ, ਲਾਭ ਸਿੰਘ, ਪ੍ਰੇਮ ਸਿੰਘ, ਮਹਿਦੰਰ ਕੌਰ ਆਦਿ ਨੇ ਕਿਹਾ ਕਿ ਉਨ੍ਹਾਂ ਨੂੰ ਸਸਤੇ ਆਟਾ ਦਾਲ ਵਾਲੀ ਸਕੀਮ ਦਾ ਲਾਭ ਨਹੀਂ ਮਿਲ ਰਿਹਾ ਜਦੋਂ ਕਿ ਉਨ੍ਹਾਂ ਕੋਲ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ। ਡਿੱਪੂ ਹੋਲਡਰ ਵੱਲੋਂ ਪਹਿਲਾਂ ਉਨ੍ਹਾਂ ਤੋਂ ਇਸ ਸਕੀਮ ਦੇ ਫਾਰਮ ਭਰਵਾਏ ਗਏ ਸਨ ਪਰ ਉਨ੍ਹਾਂ ਦੇ ਕਾਰਡ ਨਹੀਂ ਬਣਾਏ ਗਏ। ਡਿੱਪੂ ਹੋਲਡਰ ਨੇ ਉਨ੍ਹਾਂ ਦੇ ਫਾਰਮ ਖੁਰਦ ਬੁਰਦ ਕਰ ਕੇ ਕਥਿਤ ਤੌਰ ‘ਤੇ ਅਮੀਰ ਲੋਕਾਂ ਦੇ ਕਾਰਡ ਬਣਵਾ ਦਿੱਤੇ। ਇਸ ਸਬੰਧੀ ਉਹ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਬੇਨਤੀ ਵੀ ਕਰ ਚੁੱਕੇ ਹਨ।
ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਹਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਪਿੰਡ ਦੇ ਗ਼ਰੀਬ ਲੋਕਾਂ ਲਈ ਆਟਾ ਦਾਲ ਸਕੀਮ ਦੇ 97 ਫਾਰਮ ਭਰ ਕੇ ਮਹਿਕਮੇ ਨੂੰ ਦਿੱਤੇ ਹਨ ਪਰ ਉਨ੍ਹਾਂ ਵਿੱਚੋਂ ਸਿਰਫ 40 ਲੋਕਾਂ ਦੇ ਕਾਰਡ ਹੀ ਬਣ ਕੇ ਆਏ ਹਨ।
ਇਸ ਸਬੰਧੀ ਡਿੱਪੂ ਹੋਲਡਰ ਜ਼ਿਲ੍ਹਾ ਪ੍ਰਧਾਨ ਸ਼ਿਆਮ ਲਾਲ ਪੰਜੋਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਬੀਪੀਐਲ ਵਾਲੇ 67 ਫੀਸਦੀ ਵਾਲੇ ਸਸਤੇ ਆਟਾ-ਦਾਲ ਵਾਲੀ ਸਕੀਮ ਵਾਲੀ ਸਕੀਮ ‘ਚੋਂ ਜੋ ਪੰਜਾਬ ਸਰਕਾਰ ਵੱਲੋਂ ਰਿਵਲਟ ਕਰ ਲਈ ਗਈ ਹੈ। ਉਸ ਵਿੱਚੋਂ ਸਿਰਫ 40 ਫੀਸਦੀ ਲੋਕਾਂ ਦੇ ਕਾਰਡ ਹੀ ਬਣੇ ਹਨ। ਇਸ ਕਰਕੇ ਜਿਨ੍ਹਾਂ ਲੋਕਾਂ ਦੇ ਕਾਰਡ ਬਣੇ ਨਹੀਂ ਉਨ੍ਹਾਂ ‘ਚ ਰੋਸ ਪਾਇਆ ਜਾ ਰਿਹਾ ਹੈ।¢
ਇਸ ਸਬੰਧੀ ਹਲਕਾ ਫੂਡ ਸਪਲਾਈ ਇੰਸਪੈਕਟਰ ਗੁਰਜਿੰਦਰ ਸਿੰਘ ਦਾ ਕਹਿਣਾ ਸੀ ਕਿ ਜਿਹੜੇ ਲੋਕਾਂ ਦੇ ਨੀਲੇ ਕਾਰਡ ਬਣੇ ਹਨ। ਉਨ੍ਹਾਂ ਨੂੰ ਰਾਸ਼ਨ ਦੀ ਸਹੀ ਵੰਡ ਕੀਤੀ ਜਾ ਰਹੀ ਹੈ। ਡਿੱਪੂ ਹੋਲਡਰ ਗੁਰਨਾਮ ਸਿੰਘ ਨੇ ਕਿਹਾ ਕਿ ਇਸ ਸਕੀਮ ਵਾਲੀ ਆਟਾ ਦਾਲ ਇੰਸਪੈਕਟਰ ਸਾਹਿਬ ਆਪ ਹੀ ਵੰਡਵਾ ਕੇ ਜਾਂਦੇ ਹਨ। ਉਹ ਇਸ ਵਿੱਚ ਹੇਰਾਫੇਰੀ ਕਿਵੇਂ ਕਰ ਸਕਦੇ। ਲੋਕਾਂ ਦੇ ਕਾਰਡ ਮਹਿਕਮੇ ਨੇ ਬਣਾਉਣੇ ਹੁੰਦੇ ਹਨ ਤੇ ਉਨ੍ਹਾਂ ਨੇ ਫਾਰਮ ਭਰ ਕੇ ਭੇਜ ਦਿੱਤੇ ਸਨ।

Widgetized Section

Go to Admin » appearance » Widgets » and move a widget into Advertise Widget Zone