Last UPDATE: April 28, 2018 at 12:55 am

ਲੈ! ਬਾਨੋ ਅੱਜ ਤੋਂ ਇਹ ਹਰੀ ਸਿੰਘ ਨਲਵਾ ਤੇਰਾ ਪੁੱਤਰ ਤੇ ਤੂ ਮੇਰੀ ਮਾਂ ਹੋਈ। 

ਇਸਤਰੀ ਜਾਤੀ ਦਾ ਸਨਮਾਨ ਤੇ ਸਰਦਾਰ ਹਰੀ ਸਿੰਘ ਨਲਵਾ ( 30 ਅਪ੍ਰੈਲ ਸ਼ਹੀਦੀ ਦਿਹਾੜੇ ‘ਤੇ)

ਲੈ! ਬਾਨੋ ਅੱਜ ਤੋਂ ਇਹ ਹਰੀ ਸਿੰਘ ਨਲਵਾ ਤੇਰਾ ਪੁੱਤਰ ਤੇ ਤੂ ਮੇਰੀ ਮਾਂ ਹੋਈ।
ਸਰਦਾਰ ਹਰੀ ਸਿੰਘ ਨਲਵਾ ਦੇ ਉੱਚੇ-ਸੁੱਚੇ ਇਖ਼ਲਾਕ ਦੀ ਕਹਾਣੀ

(Author: ਪ੍ਰੋ: ਸਰਚਾਂਦ ਸਿੰਘ 9781355522)
ਅੱਜ ਦੇ ਸਮੇਂ ਜਿੱਥੇ ਇਸਤਰੀ ਜਾਤੀ ਦਾ ਅਪਮਾਨ ਅਤੇ ਬੇਆਬਰੂ ਹੋਣਾ ਨਿਤ ਦੀ ਵਿਥਿਆ ਬਣ ਰਹੀ ਹੋਵੇ ਉੱਥੇ ਸਰਦਾਰ ਹਰੀ ਸਿੰਘ ਨਲਵੇ ਦੇ ਉੱਚੇ ਸੁਚੇ ਕਿਰਦਾਰ ਦੀ ਯਾਦ, ਉਸ ਵੱਲੋਂ ਇਕ ਪਠਾਣ ਔਰਤ ਬੀਬੀ ਬਾਨੋ ਦਾ ਪੁੱਤਰ ਬਣਨ ਦਾ ਵਰਤਾਰਾ ਯਾਦ ਆਉਣਾ ਸੁਭਾਵਿਕ ਹੈ।  ਇਤਿਹਾਸ ਦੇ ਸੁਨਹਿਰੇ ਪੰਨਿਆਂ ‘ਤੇ ਸਰਦਾਰ ਹਰੀ ਸਿੰਘ ਨਲਵਾ ਇਕ ਪ੍ਰਮੁੱਖ ਯੋਧਾ ਤੇ ਜਰਨੈਲ ਵਜੋਂ ਦਰਜ ਹੈ। ਦੱਰਾ ਖ਼ੈਬਰ ਜਿੱਤ ਕੇ ਹਮਲਾਵਰਾਂ ਦਾ ਸਦਾ ਲਈ ਰਾਹ ਬੰਦ ਕਰ ਦੇਣ ਵਾਲਾ ਇਹ ਸਰਦਾਰ ਕਲਗ਼ੀਆਂ ਵਾਲੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਲਾਡਲਾ ਹਰੀ ਸਿੰਘ ਨਲਵਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਖ਼ਾਲਸਾ ਫ਼ੌਜ ਦਾ ਮਹਾਨ ਜਰਨੈਲ ਸੀ। ਆਪਣੇ ਸਮੇਂ ‘ਚ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿਚ ਪ੍ਰਸਿੱਧੀ ਰੱਖਣ ਵਾਲੇ ਅਦੁੱਤੀ ਸੂਰਬੀਰ ਤੇ ਮਹਾਨ ਰਾਜਾ ਨਲ ਵਰਗੇ ਗੁਣਾਂ ਕਾਰਨ ਹਰੀ ਸਿੰਘ ਦੇ ਨਾਮ ਨਾਲ ਰਾਜਾ ਨਲ ਸਾਨੀ ਅਤੇ ਜੋ ਬਾਅਦ ਵਿਚ ਬੋਲ ਚਾਲ ਰਾਹੀਂ ਨਲਵਾ ਪਿਆ।  ਇਸ ਦੀ ਪੁਸ਼ਟੀ ਕਰਦਿਆਂ ਇਤਿਹਾਸਕਾਰ ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗ਼ਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸ ਕਾ ਨਾਮ ਨਲਵਾ ਮਸ਼ਹੂਰ ਹੂਆ।
ਇਸ ਮਹਾਨ ਜਰਨੈਲ ਦਾ ਜਨਮ ਸੰਨ  1791 ਈ. ਵਿਚ ਸੁਕਰਚੱਕੀਆ ਮਿਸਲ ਦੇ ਸਰਦਾਰ ਗੁਰਦਿਆਲ ਸਿੰਘ ਜੀ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੋਂ ਗੁੱਜਰਾਂਵਾਲਾ ਵਿਖੇ ਹੋਇਆ। ਅਜੇ ਸੱਤ ਸਾਲਾਂ ਦਾ ਸੀ ਕਿ ਇਸ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਖ਼ਾਲਸਾਈ ਬੀਰ ਰਸੀ ਕਥਾ ਕਹਾਣੀਆਂ ਸਰਵਣ ਕਰਦਿਆਂ ਆਪ ਜੀ ਨੇ ਬਚਪਨ ਦੇ ਦਿਨ ਮਾਮੇ ਦੇ ਘਰ ਗੁਜ਼ਰਾਨ ਕੀਤਾ। ਵਿੱਦਿਆ ਜਾਂ ਫ਼ੌਜੀ ਸਿੱਖਿਆ ਦਾ ਕੋਈ ਖ਼ਾਸ ਯੋਗ ਪ੍ਰਬੰਧ ਨਾ ਹੋਣ ਦੇ ਬਾਵਜੂਦ 15 ਸਾਲ ਦੀ ਉਮਰ ਵਿਚ ਆਪ ਨੇ ਦੇਖੋ-ਦੇਖੀ ਸਾਰੇ ਜੰਗੀ ਕਰਤਬਾਂ ਵਿਚ ਪ੍ਰਵੀਨਤਾ ਹਾਸਲ ਕਰ ਲਈ। ਬਸੰਤੀ ਦਰਬਾਰ ਦੇ ਜੰਗੀ ਕਰਤਬ ਦੇ ਇਕ ਮੁਕਾਬਲੇ ਦੌਰਾਨ ਆਪ ਦੇ ਕਰਤਬ ਦੇਖ ਮਹਾਰਾਜਾ ਰਣਜੀਤ ਸਿੰਘ ਨੇ ਆਪ ਜੀ ਨੂੰ ਆਪਣੀ ਫ਼ੌਜ ਵਿਚ ਭਰਤੀ ਕਰ ਲਿਆ। ਕੁੱਝ ਹੀ ਦਿਨਾਂ ਬਾਅਦ ਆਪ ਦੀ ਸ਼ੇਰ ਨਾਲ ਲੜਾਈ ਤੇ ਦਲੇਰੀ ਦੇਖ ਕੇ ਮਹਾਰਾਜੇ ਨੇ ਉਸ ਨੂੰ ਆਪਣੀ ਸ਼ੇਰਦਿਲ ਨਾਮੀ ਰਜਮੈਂਟ ਵਿਚ ਹਰੀ ਸਿੰਘ ਨੂੰ ਸਰਦਾਰੀ ਦੇ ਦਿੱਤੀ।
ਕਿਲ੍ਹਾ ਜਮਰੌਦ ਦੀ ਲੜਾਈ ਦੌਰਾਨ 30 ਅਪ੍ਰੈਲ 1837 ਨੂੰ ਸ਼ਹੀਦੀ ਤੋਂ ਪਹਿਲਾਂ ਕਸੂਰ, ਮੁਲਤਾਨ, ਹਜ਼ਾਰਾ, ਕਿਲ੍ਹਾ ਅਟਕ, ਨੌਸ਼ਿਹਰੀ, ਕਸ਼ਮੀਰ,ਪਿਸ਼ਾਵਰ ਆਦਿ ਜਿੱਤਣ ‘ਚ ਅਹਿਮ ਰੋਲ ਅਦਾ ਕਰਨ ਤੋਂ ਇਲਾਵਾ ਖ਼ਾਲਸਾਈ ਫ਼ੌਜ ‘ਤੇ ਚੜ੍ਹਾਈ ਕਰਨ ਆਏ ਮਾਂਗਲੀ ਤੇ ਤਨਾਵਲੀਆਂ ਦੀ ਤੀਹ ਹਜ਼ਾਰ ਫ਼ੌਜ ਉੱਤੇ ਕੇਵਲ ਸੱਤ-ਹਜ਼ਾਰ ਸਿੰਘਾਂ ਵੱਲੋਂ ਫ਼ਤਿਹ ਹਾਸਲ ਕਰਨ ਵਰਗੇ ਵੱਡੇ ਕਾਰਨਾਮੇ ਕਰ ਵਿਖਾਉਣਾ ਆਪ ਦੇ ਹਿੱਸੇ ਆਇਆ। ਸਿਖ ਰਾਜ ਦਾ ਗੌਰਵ ਅਤੇ ਸੁਹਿਰਦ ਸੇਵਕ ਹੋਣ ਨਾਤੇ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਨੂੰ ਲਾਹੌਰ ਦਰਬਾਰ ਵੱਲੋਂ ਅਨੇਕਾਂ ਵਾਰ ਜ਼ਮੀਨਾਂ, ਜਾਗੀਰਾਂ, ਖਿਲਤਾਂ ਅਤੇ ਸੈਨਿਕ ਸਨਮਾਨ ਤੋਂ ਇਲਾਵਾ ਕਸ਼ਮੀਰ ਅਤੇ ਪਿਸ਼ਾਵਰ ਵਿਚ ਆਪਣੇ ਨਾਮ ਦਾ ”ਹਰੀ ਸਿੰਘੀਏ” ਸਿੱਕਾ ਚਲਾਉਣ ਮਾਣ ਹਾਸਲ ਹੋਇਆ। ਸਰਦਾਰ ਨਲਵਾ ਦੀ ਬਹਾਦਰੀ ‘ਤੇ ਸਰ ਅਲੈਗਜੈਂਡਰ ਬਰਨਜ਼ ਤੇ ਮੌਲਵੀ ਸਾਹਨਤ ਅਲੀ ਲਿਖਦੇ ਹਨ ਕਿ ਖ਼ਾਲਸੇ ਦੀਆਂ ਇਹ ਸਫ਼ਲਤਾਵਾਂ ਐਸੇ ਅਸਾਧਾਰਨ ਕਾਰਨਾਮੇ ਸਨ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਤਾਕਤਾਂ ਨੂੰ ਵੀ ਚਿੰਤਾ ਵਿਚ ਪਾ ਦਿੱਤਾ। ਕਿਸੇ ਵੀ ਕੌਮ ਵਿਚ ਸੂਰਬੀਰਾਂ ਯੋਧਿਆਂ ਦੀ ਕੋਈ ਕਮੀ ਨਹੀਂ। ਪਰ ਸਦਾਚਾਰ ਪੱਖੋਂ ਮਜ਼ਬੂਤ ਇਛਾ ਸ਼ਕਤੀ ਅਤੇ ਪਰ ਬੇਟੀ ਕੋ ਬੇਟੀ ਜਾਨੈ।। ਪਰ ਇਸਤਰੀ ਕੋ ਮਾਤ ਬਖਾਨੈ।। ਵਾਲੇ ਅਸੂਲ ਵਿਰਲਿਆਂ ‘ਚ ਹੀ ਪਾਇਆ ਜਾਂਦਾ ਹੈ। ਹਰੀ ਸਿੰਘ ਨਲਵਾ ਉਨ੍ਹਾਂ ‘ਚੋ ਇਕ ਸੀ।  ਇਸ ਮਹਾਨ ਜਰਨੈਲ ਦੀ ਸ਼ਖ਼ਸੀਅਤ ਨਾਲ ਜੁੜੀ ਇੱਕ ਪ੍ਰਚਲਿਤ ਛੋਟੀ ਜਿਹੀ ਘਟਨਾ ਜਿਨੂੰ ਜਿਨੀ ਵਾਰ ਪੜ੍ਹੋ ਜਾਂ ਸੁਣੋ ਇਸ ‘ਚ ਸਰਦਾਰ ਨਲਵਾ ਦੀ ਮਹਾਨਤਾ, ਸਚੀ ਸੁੱਚੀ ਕਿਰਦਾਰ, ਨਿਰਮਲ, ਪਵਿੱਤਰ ਅਤੇ ਸਿਖੀ ਅਸੂਲਾਂ ਪ੍ਰਤੀ ਪਰਪੱਕਤਾ ਦੇ ਦਰਸ਼ਨ ਹੁੰਦੇ ਹਨ। ਜਿਸ ਦੀ ਕਹਾਣੀ ਇਸ ਪ੍ਰਕਾਰ ਕਹੀ ਜਾਂਦੀ ਹੈ, ਕਿ , ਆਪਣੀਆਂ ਜੰਗੀ ਮੁਹਿੰਮਾਂ ਦੌਰਾਨ ਇੱਕ ਵਾਰ ਹਰੀ ਸਿੰਘ ਨਲਵਾ ਨੇ ਜਮਰੌਦ ਵਿਚ ਆਪਣੀ ਫ਼ੌਜ ਸਮੇਤ ਡੇਰੇ ਲਾਏ ਸਨ। ਅੱਧੀ ਰਾਤ ਦਾ ਵੇਲਾ ਸੀ, ਦਰਾ ਖ਼ੈਬਰ, ਪਠਾਣਾਂ ਦਾ ਇਲਾਕਾ, ਹਰੀ ਸਿੰਘ ਨਲਵਾ ਆਪਣੇ ਤੰਬੂ ਵਿਚ ਬੈਠਾ ਹੋਇਆ ਸੀ । ਉੱਥੇ ਹੀ ਨਜ਼ਦੀਕ ਝਾੜੀਆਂ ਦੇ ਓਹਲੇ ਇਕ ਪਠਾਣ ਗੁਲਖਾਨ ਬੈਠਾ ਹੈ। ਕੋਲ ਇਸ ਦੇ ਇਕ ਪਠਾਣ ਲੜਕੀ ਬਾਨੋ ਬੈਠੀ ਸੀ। ਬੇਗਮ ਬਾਨੋ ਕਹਿ ਰਹੀ ਹੈ ਕਿ ਐ ਗੁਲਖਾਨ, ਮੈ ਇਹ ਵੇਖਣਾ ਹੈ ਕਿ ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਹੈ, ਹਰੀ ਸਿੰਘ ਨਲਵਾ ਇਹ ਕਿਹੋ ਜਿਹਾ ਸਰਦਾਰ ਹੈ? ਜਿਸ ਨੇ ਪਠਾਣਾਂ ਨੂੰ ਹਰਾ ਦਿਤਾ, ਉਹ ਵੀ ਪਠਾਣਾਂ ਦੇ ਇਲਾਕੇ ਵਿਚ ਆ ਕੇ। ਕਿਉਂਕਿ ਅਜ ਤਕ ਕੋਈ ਪਠਾਣਾਂ ਨੂੰ ਹਰਾ ਨਹੀਂ ਸਕਿਆ। ਪਠਾਣ ਗੁਲਖਾਨ ਕਹਿਣ ਲਗਾ, ਬਾਨੋ ਇਹ ਪਰਾਈ ਕੌਮ ਦਾ ਸਰਦਾਰ ਹੈ, ਪਰਾਈ ਕੌਮ ਦੇ ਸਰਦਾਰ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਕਰਦੇ। ਬਾਨੋ ਕਹਿਣ ਲਗੀ ਐ ਗੁਲਖਾਨ ਮੈ ਲੋਕਾਂ ਤੋਂ ਸੁਣਿਆ ਹੈ ਇਹ ਜਿਹੜੇ ਗੁਰੂ ਨਾਨਕ ਦੇ ਸਿਖ ਨੇ, ਇਹ ਧੀਆਂ ਭੈਣਾਂ ਦੀ ਬੜੀ ਇੱਜ਼ਤ ਕਰਦੇ ਨੇ।  ਪਰ ਗੁਲਖਾਨ ਨੇ ਕਿਹਾ ਕੁੱਝ ਵੀ ਹੋਵੇ ਮੈ ਤੈਨੂੰ ਜਾਣ ਨਹੀਂ ਦੇਵਾਂਗਾ। ਬਾਨੋ ਨੇ ਗੁਲਖਾਨ ਨੂੰ ਧਕਾ ਮਾਰਿਆ ਅਤੇ ਝਾੜੀਆਂ ਦੇ ਉਹਲਿਓ ਨਿਕਲ ਕੇ ਜਿਉ ਭੱਜੀ ਤੇ ਉਸ ਜਗਾ ਆ ਪਹੁੰਚੀ ਜਿੱਥੇ ਨਲੂਏ ਦੇ ਤੰਬੂ ਲਗੇ ਸਨ। ਤੰਬੂ ਦੇ ਬਾਹਰ ਖੜੇ ਪਹਿਰੇਦਾਰਾਂ ਨੇ ਪੁਛਿਆ ਬੀਬੀ ਜੀ ਤੁਸੀ ਕੌਣ ਹੋ। ਕੀ ਚਾਹੀਦਾ ਏ? ਇਹ ਕਹਿਣ ਲਗੀ, ਮੇਰਾ ਨਾਮ ਬਾਨੋ ਹੈ। ਮੈ ਤੁਹਾਡੇ ਸਰਦਾਰ ਨੂੰ ਮਿਲਣਾ ਏ। ਪਹਿਰੇਦਾਰ ਸਿੰਘ ਨੇ ਕਿਹਾ ਬੀਬੀ ਅਧੀ ਰਾਤ ਦਾ ਵੇਲਾ ਹੈ। ਕੋਈ ਜ਼ਰੂਰੀ ਕੰਮ ਹੈ? ਬਾਨੋ ਕਹਿਣ ਲਗੀ ਹਾਂ ਮੈਨੂੰ ਜ਼ਰੂਰੀ ਕੰਮ ਹੈ। ਪਹਿਰੇਦਾਰ ਨੇ ਕਿਹਾ ਚੰਗਾ ਬਾਨੋ ਤੂੰ ਠਹਿਰ ਮੈ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਪੁਛ ਕੇ ਆਉਂਦਾ ਹਾਂ। ਜਨਤਾ ਦੀ ਸੇਵਾ ‘ਚ ਹਰ ਸਮੇਂ ਹਾਜ਼ਰ ਰਹਿਣ ਵਾਲੇ ਨਿਆਂ ਪਸੰਦ ਜਰਨੈਲ ਨੇ ਇਜਾਜ਼ਤ ਦੇ ਦਿੱਤੀ। ਥੋੜੀ ਦੇਰ ਬਾਅਦ ਪਹਿਰੇਦਾਰ ਸਿੰਘ ਬਾਹਰ ਆਇਆ ਤੇ ਕਹਿਣ ਲਗਾ ਜਾਹ ਬਾਨੋ ਸਿੰਘ ਸਾਹਿਬ ਤੇਰਾ ਇੰਤਜ਼ਾਰ ਕਰਦੇ ਨੇ। ਇਹ ਬਾਨੋ ਤੰਬੂ ‘ਚ ਜਾਣ ਲਗੀ ਤਾਂ ਪਹਿਲਾ ਸਿੰਘ ਕਹਿਣ ਲਗਾ ਬਾਨੋ ਨੇ ਕਮਰ ਨਾਲ ਕਟਾਰ ਬੰਨੀ ਹੋਈ ਹੈ, ਦੂਜੇ ਨੇ ਕਿਹਾ ਕੋਈ ਗਲ ਨਹੀਂ ਔਰਤ ਜਾਤ ਹੈ, ਫਿਰ ਸਿੰਘਾਂ ਦੇ ਘਰ ਦੁਸ਼ਮਣ ਵੀ ਆਵੇ ਜੀ ਆਈਆਂ ਨੂੰ। ਜਾਹ ਬੀਬੀ ਅੰਦਰ ਲੰਘ ਜਾਹ। ਇਹ ਬਾਨੋ ਤੰਬੂ ਵਿਚ ਦਾਖਲ ਹੋਈ ਤਾਂ ਸਾਹਮਣੇ ਕਲਗ਼ੀਆਂ ਵਾਲੇ ਦਾ ਲਾਡਲਾ, ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਬੈਠਾ ਹੈ। ਇੰਨੇ ਜਾਂਦਿਆਂ ਸਲਾਮ ਕਿਹਾ। ਅਗੋ ਸਰਦਾਰ ਨਲਵਾ ਨੇ ਵੀ ਫਤਿਹ ਦਾ ਜਵਾਬ ਦਿਤਾ। ਬਾਨੋ ਕਹਿਣ ਲਗੀ ਮੈ ਕੁੱਝ ਪੁੱਛਣਾ ਹੈ। ਤੁਸੀ ਦਰਾ ਖ਼ੈਬਰ ‘ਤੇ ਕਬਜਾ ਕਿਉ ਕੀਤਾ? ਹਰੀ ਸਿੰਘ ਨਲਵਾ ਨੇ ਮੋੜਵਾਂ ਸਵਾਲ ਕੀਤਾ ਕਿ ਇਸ ਗਲ ਦਾ ਜਵਾਬ ਦੇ, ਕੀ ਆਪਣੇ ਘਰ ਆਪਣੇ ਦੇਸ਼ ਦੀ ਰਾਖੀ ਦਾ ਹੱਕ ਸਭ ਨੂੰ ਹੈ ਕਿ ਨਹੀਂ। ਬਾਨੋ ਨੇ ਕਿਹਾ ਹਾਂ ਹੈ ਸਭ ਨੂੰ ਹੱਕ, ਹਰੀ ਸਿੰਘ ਨਲਵਾ ਕਹਿਣ ਲਗਾ ਤਾਂ ਫਿਰ ਸੁਣ ਬਾਨੋ ਅਜ ਤਕ ਪੰਜਾਬ ਉੱਤੇ ਹਿੰਦੁਸਤਾਨ ‘ਤੇ ਜਿੰਨੇ ਵੀ ਹਮਲੇ ਹੋਏ ਏਸੇ ਰਸਤੇ ਤੋਂ ਹੋਏ। ਅਜ ਇਸ ਦਰਾ ਖ਼ੈਬਰ, ਖਾਲਸੇ ਨੇ ਕੇਸਰੀ ਨਿਸ਼ਾਨ ਸਾਹਿਬ ਇਸੇ ਲਈ ਝੁਲਾਇਆ ਤਾਂ ਕਿ ਅਜ ਤੋਂ ਬਾਅਦ ਕੋਈ ਸਾਡੇ ਘਰ ਨੂੰ ਹਿੰਦੁਸਤਾਨ ਨੂੰ ਕੋਈ ਲੁੱਟ ਨਾ ਸਕੇ। ਫਿਰ ਬਾਨੋ ਨੇ ਕਿਹਾ ਤੁਸੀ ਹਾਰਦੇ ਨਹੀਂ? ਗਿਣਤੀ ‘ਚ ਤੁਸੀ ਥੋੜੇ ਹੋ, ਜਿੱਤਦੇ ਜਾਂਦੇ ਹੋ। ਤਾਂ ਹਰੀ ਸਿੰਘ ਕਹਿਣ ਲਗਾ ਬਾਨੋ ਪਹਿਲੀ ਗਲ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਓਟ ਅਕਾਲ ਪੁਰਖ ਦੀ, ਕਲਗ਼ੀਆਂ ਵਾਲਾ ਅੰਗ ਸੰਗ, ਲੜਦੇ ਹਾਂ ਲੋਕਾਂ ਦੇ ਭਲੇ ਵਾਸਤੇ, ਜੁਲਮ ਨਹੀਂ ਕਰਦੇ, ਜੁਲਮ ਦੇ ਖ਼ਿਲਾਫ਼ ਲੜਦੇ ਹਾਂ,  ਇਸ ਲਈ ਜਿੱਧਰ ਵੀ ਜਾਂਦੇ ਹਾਂ ਜਿਤ ਹੁੰਦੀ ਜਾਂਦੀ ਹੈ।  ਬਾਨੋ ਨੇ ਕਿਹਾ, ”ਮੈਂ ਸੁਣਿਆ ਹੈ ਸਿੱਖ ਕਮਾਲ ਦੇ ਲੋਕ ਹਨ। ਮੈਂ ਇੱਕ ਦੂਰੀ ਤੋਂ ਤੁਹਾਨੂੰ ਦੇਖ ਰਹੀ ਸੀ, ਤੁਹਾਡੇ ਅੰਦਰ ਅਦਭੁਤ ਕਿਸਮ ਦੀ ਖਿੱਚ ਹੈ, ਮੇਰੀ ਇਛਾ ਹੈ ਕਿ ਅਗਰ ਮੇਰਾ ਕੋਈ ਪੁੱਤਰ ਹੋਵੇ ਤਾਂ ਤੁਹਾਡੇ ਵਰਗਾ ਹੋਵੇ। ਸ: ਨਲਵਾ ਨੇ ਕਿਹਾ ਬਾਨੋ ਪੁੱਤਰ ਦੀ ਸ਼ਕਲ ਸੂਰਤ ਕੇਹੋ ਜਿਹੀ ਵੀ ਹੋਵੇ ਨੇਕ ਹੋਣਾ ਚਾਹੀਦਾ। ਬਾਨੋ ਦੂਜੀ ਵਾਰ ਕਹਿਣ ਲਗੀ ਨਹੀਂ ਤੁਹਾਡੇ ਵਰਗਾ ਪੁੱਤਰ ਚਾਹੀਦਾ। ਨਲਵਾ ਨੇ ਕਿਹਾ ਬਾਨੋ ਉਸ ਅਲ੍ਹਾ ਕੋਲੋਂ ਮੰਗ ਅਲ੍ਹਾ ਤੈਨੂੰ ਪੁੱਤਰ ਨੇਕ ਦੇਵੇ। ਬਾਨੋ ਫਿਰ ਵੀ ਨਾ ਟਲੀ ਤੇ ਤੀਜੀ ਵਾਰ ਕਹਿਣ ਲਗੀ ਨਹੀਂ ਤੁਹਾਡੇ ਵਰਗਾ ਹੀ ਪੁੱਤਰ ਚਾਹੀਦਾ।  ਇਸ ਵਾਰ ਬਾਨੋ ਦੇ ਇਸ਼ਾਰੇ ਨੂੰ ਸਮਝਦਿਆਂ ਹਰੀ ਸਿੰਘ ਨਲੂਆ ਉੱਠ ਖੜਾ ਹੋਇਆ ਅਤੇ ਗ਼ੁੱਸੇ ਕਾਰਨ ਲਾਲ ਹੋਈਆਂ ਅੱਖਾਂ ਨਾਲ ਬਾਨੋ ਵਲ ਵੇਖਦਿਆਂ ਕਿਹਾ ਕਿ ਬਾਨੋ ਜਾਹ ਚਲੀ ਜਾਹ ਤੂ ਮੈਨੂੰ ਪਰਖਣ ਆਈ ਹੈ?  ਡੇਗਣ ਆਈ ਹੈ। ਤੈਨੂੰ ਪਤਾ ਮੇਰੇ ਕਲਗ਼ੀਆਂ ਵਾਲੇ ਦਾ ਕੀ ਹੁਕਮ ਹੈ? ਏਕਾ ਨਾਰੀ ਜਤੀ ਸਤੀ ਹੋਇ, ਪਰ ਨਾਰੀ ਧੀ ਭੈਣ ਵਖਾਣੈ।। ਜਾਹ ਚਲੀ ਜਾਹ। ਬਾਨੋ ਵਾਪਸ ਤਾਂ ਮੁੜੀ ਪਰ ਨਾਲ ਹੀ ਇਹ ਤਾਹਨਾ ਮਾਰਦਿਆਂ ਕਹਿਣ ਲਗੀ ਕਿ ”ਮੈਂ ਤਾਂ ਸੁਣਿਆ ਸੀ ਗੁਰੂ ਨਾਨਕ ਮਹਾਨ ਹੈ, ਜੋ ਵੀ ਕੋਈ ਗੁਰੂ ਨਾਨਕ ਦੇ ਘਰ ਮਦਦ ਲਈ ਝੋਲੀ ਅੱਡਦਾ ਹੈ, ਖਾਲੀ ਨਹੀ ਮੁੜਦਾ। ਪਰ ਅੱਜ ਮੈਨੂੰ ਤੁਹਾਡੇ ਵਰਗੇ ਇੱਕ ਪੁੱਤਰ ਦੀ ਇੱਛਾ ਪੂਰੀ ਕੀਤੇ ਬਗੈਰ ਖਾਲੀ ਹੱਥ ਵਾਪਸ ਭੇਜਿਆ ਜਾ ਰਿਹਾ ਹੈ।” ਇਹ ਸੁਣਦਿਆਂ ਹੀ ਹਰੀ ਸਿੰਘ ਨਲਵਾ ਸੋਚੀ ਪੈ ਗਿਆ, ਗੁਰੂ ਦੇ ਸੱਚੇ ਸਿੱਖ ਦਾ ਮਨ ਭਰ ਆਇਆ। ਅੱਖਾਂ ਵਿਚ ਪਿਆਰ ਦੇ ਅੱਥਰੂ ਆ ਗਏ। ਐ ਬਾਨੋ ਤੂ ਮੇਰੇ ਗੁਰੂ ਨਾਨਕ ਦਾ ਨਾਮ ਲਿਆ। ਮੇਰੇ ਗੁਰੂ ਦੇ ਦਰ ਤੋਂ ਖਾਲੀ ਮੁੜ ਚਲੀ ਐ? ਮੇਰੇ ਬਾਬੇ ਨਾਨਕ ਦਾ ਦਰ ਹੈ ਘਰ ਹੈ। ਉਸ ਦਾ ਦਰ ਬੜਾ ਉਚਾ ਤੇ ਸੁਚਾ ਹੈ ਕੋਈ ਖਾਲੀ ਹਥ ਨਹੀਂ ਮੁੜ ਸਕਦਾ। ਕੋਈ ਜਾਵੇ ਤਾਂ ਸਹੀ ਸ਼ਰਧਾ ਨਾਲ । ਤੇ ਸਿੱਖ, ਸਿੱਖ ਦੇ ਘਰੋ ਵੀ ਕੋਈ ਖਾਲੀ ਨਹੀਂ ਮੁੜ ਸਕਦਾ। ਤੇ ਤੂ ਵੀ ਅੱਜ ਬਾਨੋ ਸਿਖ ਦੇ ਘਰੋ ਖਾਲੀ ਨਹੀਂ ਮੁੜੇਗੀ। ਸ: ਹਰੀ ਸਿੰਘ ਨਲਵਾ ਕੁੱਝ ਪਲ ਬਾਅਦ ਕਹਿਣ ਲਗਾ ਬਾਨੋ ਠਹਿਰ ਜਾ, ਠਹਿਰ ਜਾ ਬਾਨੋ। ਪਹਿਰੇਦਾਰ ਸਿੰਘ ਨੂੰ ਆਵਾਜ਼ ਮਾਰੀ ਤੇ ਕਿਹਾ ਸਿੰਘਾ ਨਾਲ ਦੇ ਤੰਬੂ ‘ਚੋ ਦੁਸ਼ਾਲਾ ਲੈ ਕੇ ਆ। ਕੀਮਤੀ ਦੁਸ਼ਾਲਾ ਜਦ ਪਹਿਰੇਦਾਰ ਲੈ ਕੇ ਆਇਆ ਤਾਂ ਕਿਹਾ ਕਿ ਸਿੰਘਾ ਇਹ ਦੁਸ਼ਾਲਾ ਬਾਨੋ ਦੇ ਸਿਰ ‘ਤੇ ਪਾ ਦੇ।। ਪਹਿਰੇਦਾਰ ਨੇ ਦੁਸ਼ਾਲਾ ਬਾਨੋ ਦੇ ਸਿਰ ‘ਤੇ ਪਾਇਆ ਤੇ ਉਸ ਵਕਤ ਸਰਦਾਰ ਹਰੀ ਸਿੰਘ ਨਲਵਾ ਜੋ ਵੱਡੇ ਵੱਡੇ ਸੂਰਮਿਆਂ ਨੂੰ ਪੈਰਾਂ ‘ਤੇ ਝੁਕਾਉਣ ਵਾਲਾ, ਕਲਗ਼ੀਆਂ ਵਾਲੇ ਦਾ ਲਾਡਲਾ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਆਪ ਬੀਬੀ ਬਾਨੋ ਦੇ ਅਗੇ ਹਥ ਜੋੜ ਝੁਕ ਕੇ ਖੜਾ ਹੈ, ਨੇ ਪੂਰੇ ਠਰੰ੍ਹਮੇ ਨਾਲ ਉੱਤਰ ਦਿੰਦਿਆਂ ਕਿਹਾ, ”ਬਾਨੋ, ਇਹ ਸੱਚ ਹੈ ਕਿ ਕੋਈ ਵੀ ਗੁਰੂ ਨਾਨਕ ਦੇ ਘਰ ਤੋਂ ਖਾਲੀ ਹੱਥ ਨਹੀਂ ਗਿਆ। ਤੁਹਾਨੂੰ ਮੇਰੇ ਵਰਗਾ, ਹਰੀ ਸਿੰਘ ਨਲਵਾ ਵਰਗਾ ਪੁੱਤਰ ਹੀ ਚਾਹੀਦਾ ਹੈ ਨਾ, ਤੇ ਮੇਰੇ ਵਰਗਾ ਤਾਂ ਸਿਰਫ਼ ਮੈਂ ਹੀ ਹੋ ਸਕਦਾ ਹਾਂ, ਇਸ ਕਰਕੇ ਲੈ ਅੱਜ ਤੋਂ ਇਹ ਹਰੀ ਸਿੰਘ ਨਲਵਾ ਤੇਰਾ ਪੁੱਤਰ ਹੋਇਆ, ਤੂੰ ਹਰੀ ਸਿੰਘ ਦੀ ਧਰਮ ਦੀ ਮਾਂ ਹੋਈ।  ਮੈਂ ਉਮਰ ਭਰ ਤੁਹਾਡਾ ਪੁੱਤਰ ਬਣ ਕੇ ਰਹਾਂਗਾ ਤੇ ਸਦਾ ਤੁਹਾਨੂੰ ਆਪਣੀ ਮਾਂ ਮੰਨਾਂਗਾ।” ਇਹ ਕਹਿਕੇ ਸਰਦਾਰ ਨਲਵਾ ਨੇ ਆਪਣਾ ਸਿਰ ਬਾਨੋ ਦੇ ਪੈਰਾਂ ‘ਚ ਰਖ ਦਿਤਾ। ਜਦ ਹਰੀ ਸਿੰਘ ਨਲਵਾ ਨੇ ਬਾਨੋ ਦੇ ਪੈਰਾਂ ‘ਤੇ ਮਥਾ ਟੇਕਿਆ ਅਤੇ ਬੋਲੇ, ਬਾਨੋ ਲੈ ਫਿਰ ਅਜ ਤੋਂ ਮੈ ਤੇਰਾ ਪੁੱਤਰ ਅਤੇ ਤੂੰ ਮੇਰੀ ਮਾਂ ਏ, ਇਹ ਸੁਣ ਬਾਨੋ ਬੁਭਾਂ ਮਾਰ ਕੇ ਰੋ ਪਈ। ਕਦੀ ਅੱਖਾਂ ਪੂੰਝਦੀ ਹੈ, ਕਦੀ ਉਸ ਮਹਾਨ ਜੋਧੇ ਵਲ ਵੇਖਦੀ ਹੈ ਜਿਸ ਦਾ ਨਾਮ ਸੁਣਕੇ ਵੱਡੇ ਵੱਡੇ ਸੂਰਮੇ ਕੰਬ ਉਠਦੇ ਹਨ। ਜਿਸ ਦਾ ਨਾਮ ਸੁਣ ਕੇ ਵੱਡੇ ਵੱਡੇ ਯੋਧਿਆਂ ਦੀਆਂ ਲੱਤਾਂ ਭਾਰ ਨਹੀਂ ਝੱਲਦਿਆਂ ਤੇ ਮੈਦਾਨ ਏ ਜੰਗ ਵਿਚੋਂ ਭੱਜ ਜਾਂਦੇ ਹਨ। ਉਹ ਇਸ ਦੇ ਪੈਰਾਂ ‘ਤੇ ਸਿਰ ਰਖ ਕੇ ਕਹਿ ਰਿਹਾ ਹੈ, ਐ ਬਾਨੋ ਮੈ ਤੇਰਾ ਪੁੱਤਰ ਤੇ ਤੂੰ ਮੇਰੀ ਮਾਂ ਹੈ। ਹੁਣ ਰੋਂਦੀ ਹੋਈ ਬਾਨੋ ਨੇ ਮੋਢਿਆਂ ਤੋਂ ਫੜ ਕੇ ਨਲਵਾ ਨੂੰ ਉਠਾਇਆ ਤੇ ਅੱਖਾਂ ਪੂੰਝ ਕੇ ਕਹਿਣ ਲਗੀ ਸਰਦਾਰ ਹਰੀ ਸਿੰਘ ਮੈ ਸਿਖ ਨਹੀਂ। ਸਿਖ ਦੇ ਘਰ ਮੇਰਾ ਜਨਮ ਨਹੀ, ਪਰ ਅਜ ਮੇਰਾ ਸਿਰ ਫ਼ਖਰ ਨਾਲ ਉਚਾ ਹੋ ਗਿਆ। ‘ਮੈਂ ਸੁਣਿਆ ਸੀ ਕਿ ਗੁਰੂ ਦੇ ਸਿੱਖ ਬਹੁਤ ਮਹਾਨ ਤੇ ਖ਼ਾਸ ਲੋਕ ਹਨ, ਪਰ ਅੱਜ ਮੈਂ ਆਪਣੀ ਨਜ਼ਰ ਨਾਲ ਇਸ ਮਹਾਨਤਾ ਨੂੰ ਦੇਖਿਆ ਹੈ। ਅਜ ਮੈ ਇਕ ਸਿਖ ਦੀ ਮਾਂ ਬਣੀ, ਉਹ ਹਰੀ ਸਿੰਘ ਧੰਨ ਤੇਰਾ ਗੁਰੂ, ਧੰਨ ਤੂੰ, ਧੰਨ ਗੁਰੂ ਦੀ ਸਿਖਿਆ। ਹਰੀ ਸਿੰਘ ਜਿਸ ਕੌਮ ਵਿਚ ਤੇਰੇ ਵਰਗੇ ਸਿਖ ਸਰਦਾਰ ਹੋਣ ਉਹ ਕੌਮਾਂ ਕਦੀ ਖ਼ਤਮ ਨਹੀਂ ਹੁੰਦੀਆਂ।  ਨਲਵਾ ਦੀ ਸਿਖੀ ਤੇ ਕਿਰਦਾਰ ਨੂੰ ਪਰਖਣ ਆਈ ਬੇਗਮ ਬਾਨੋ, ਹਰੀ ਸਿੰਘ ਨਲਵਾ ਦੀ ਦਿਆਲਤਾ, ਇਮਾਨਦਾਰੀ, ਉੱਚ ਨੈਤਿਕ ਚਰਿੱਤਰ, ਇਖ਼ਲਾਕ ਤੇ ਗੁਰੂ ਵਿਸ਼ਵਾਸ ਤੋਂ ਚਕਿਤ ਰਹਿ ਗਈ ਅਤੇ ਹੰਝੂਆਂ ਭਰੀਆਂ ਅੱਖਾਂ ਨਾਲ ਆਪਣੇ ਆਪ ਤੋਂ ਸ਼ਰਮਿੰਦਾ ਵੀ ਹੋਈ ਪਰ ਹਰੀ ਸਿੰਘ ਨਲੂਆ ਵਰਗਾ ਪੁੱਤਰ ਹਾਸਲ ਕਰਕੇ ਪ੍ਰਸੰਨ ਚਿਤ ਵੀ ਹੋਈ। ਉਸ ਦਿਨ ਤੋਂ ਬਾਅਦ ਹਰੀ ਸਿੰਘ ਨਲੂਆ ਨੇ ਬਾਨੋ ਨੂੰ ਮਾਤਾ ਕਹਿ ਕੇ ਸੰਬੋਧਨ ਕੀਤਾ ਤੇ ਬਾਨੋ ਵੀ ਆਪਣੇ ਬਹਾਦਰ ਪੁੱਤਰ ਨੂੰ ਜ਼ਿੰਦਗੀ ‘ਚ ਕਈ ਵਾਰ ਮਿਲਦੀ ਰਹੀ। ਸਰਦਾਰ ਹਰੀ ਸਿੰਘ ਨਲਵਾ ਸਹੀ ਅਰਥਾਂ ਵਿਚ ਗੁਰੂ ਦਾ ਰਹਿਤਵਾਨ ਤੇ ਸਿਦਕੀ ਸਿੱਖ ਸੀ। ਉਹਨਾਂ ਦੀਆਂ ਇਖਲਾਕੀ ਕਦਰਾਂ ਕੀਮਤਾਂ ਅਜ ਵੀ ਸਾਡੇ ਲਈ ਰੋਸ਼ਨ ਮੀਨਾਰ ਹਨ। ਉਹਨਾਂ ਦੇ ਇਸ ਇਖਲਾਕ ਜੀਵਨ ਜਾਚ ਨੂੰ ਕੋਟਨ ਕੋਟਿ ਨਮਸ਼ਕਾਰ ਹੈ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone