Last UPDATE: May 4, 2018 at 2:37 am

ਲਵ ਮੈਰਿਜ ‘ਤੇ ਸਮਾਜਿਕ ਬਾਈਕਾਟ ਕਰਨ ਵਾਲੀ ਪੰਚਾਇਤ ਨੇ ਮਤਾ ਲਿਆ ਵਾਪਸ

ਲਵ ਮੈਰਿਜ ‘ਤੇ ਸਮਾਜਿਕ ਬਾਈਕਾਟ ਕਰਨ ਵਾਲੀ ਪੰਚਾਇਤ ਨੇ ਮਤਾ ਲਿਆ ਵਾਪਸ

ਦੋਰਾਹਾ  (ਰਵਿੰਦਰ ਸਿੰਘ ਢਿੱਲੋਂ )—ਪਿਛਲੇ ਦਿਨੀ ਮਿਤੀ 29 ਅਪ੍ਰੈਲ ਨੂੰ ਲਾਗਲੇ ਪਿੰਡ ਚਣਕੋਈਆਂ ਖੁਰਦ ਵਿਖੇ ਪਿੰਡ ਦੀ ਗ੍ਰਾਮ ਪੰਚਾਇਤ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ, ਪਿੰਡ ਦੇ ਸਾਬਕਾ ਸਰਪੰਚ, ਸਾਬਕਾ ਪੰਚ, ਖੇਡ ਕਲੱਬਾ ਅਤੇ ਪਿੰਡ ਦੀਆਂ ਕੁਝ ਹੋਰ ਸੰਸਥਾਵਾਂ ਅਤੇ ਮੋਹਤਬਰ ਵਿਅਕਤੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਇਕੱਠ ਕਰਕੇ ਪਿੰਡ ਦੀ ਭਲਾਈ ਲਈ ਸਰਬਸੰਮਤੀ ਨਾਲ ਕੁਝ ਮਤੇ ਪਾਸ ਪਾਏ ਗਏ ਸਨ, ਜਿਨ੍ਹਾਂ ਵਿੱਚ ਇੱਕ ਮਤਾ ਲਵ ਮੈਰਿਜ ਕਰਵਾਉਣ ਵਾਲਿਆਂ ਖਿਲਾਫ ਪਾਸ ਕੀਤਾ ਗਿਆ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਜੋ ਵੀ ਪਿੰਡ ਦਾ ਲੜਕਾ ਜਾਂ ਲੜਕੀ ਘਰੋਂ ਭੱਜ ਕੇ ਲਵ ਮੈਰਿਜ ਕਰਵਾਉਂਦਾ ਹੈ ਉਸਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਅਤੇ ਉਸ ਨੂੰ ਕੋਈ ਪਿੰਡ ਵਿੱਚ ਸਹੂਲਤ ਨਹੀ ਦਿੱਤੀ ਜਾਵੇਗੀ, ਅਤੇ ਕੋਈ ਵੀ ਪਿੰਡ ਦਾ ਵਿਅਕਤੀ ਉਸ ਨਾਲ ਸਾਂਝ ਨਹੀ ਰੱਖੇਗਾ, ਜਿਸ ਤੋਂ ਬਾਅਦ ਮਾਮਲਾ ਗਰਮਾ ਗਿਆ ਸੀ।

ਇਸ ਸੰਬੰਧੀ ਅੱਜ ਮੁੜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠ ਕੀਤਾ ਗਿਆ ਅਤੇ ਮੁੜ ਦੁਬਾਰਾ ਮਤਾ ਪਾਇਆ ਗਿਆ। ਉਪਰੰਤ ਮੌਕੇ ਤੇ ਪੁੱਜੇ ਜਗ ਬਾਣੀ ਦੇ ਪ੍ਰਤੀਨਿਧੀ ਨਾਲ ਪਿੰਡ ਦੇ ਅਧਿਕਾਰਤ ਪੰਚ ਹਾਕਮ ਸਿੰਘ, ਸਾਬਕਾ ਸਰਪੰਚ ਜਗਜੀਤ ਸਿੰਘ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਗਦੇਵ ਸਿੰਘ, ਸਾਬਕਾ ਸਰਪੰਚ ਪ੍ਰਸ਼ੋਤਮ ਸਿੰਘ, ਗੁਰਦੁਆਰਾ ਸਾਹਿਬ ਦੇ ਖਜਾਨਚੀ ਬਚਿੱਤਰ ਸਿੰਘ, ਸਾਬਕਾ ਪੰਚ ਲਛਮਣ ਸਿੰਘ ਆਦਿ ਤੋਂ ਇਲਾਵਾ ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਹੀ ਰਹਿਣ ਵਾਲੀ ਇੱਕ ਲੜਕੀ ਅਤੇ ਪਿੰਡ ਦੇ ਹੀ ਲੜਕੇ ਨੇ ਪ੍ਰੇਮ ਵਿਆਹ ਕਰਵਾ ਲਿਆ ਸੀ, ਜਿਸ ਨਾਲ ਮਾਹੋਲ ਵਿਗੜਨ ਦੇ ਪੂਰੇ ਆਸਾਰ ਬਣ ਗਏ ਸਨ। ਜਿਸ ਨੂੰ ਦੇਖਦਿਆਂ ਸਮੂਹ ਪਿੰਡ ਦੀਆਂ ਸਾਂਝੀਆ ਸੰਸਥਾਂਵਾ ਵੱਲੋਂ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਸੀ, ਜਦਕਿ ਅਸੀ ਲਵ ਮੈਰਿਜ ਅਤੇ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ, ਅਤੇ ਸਾਨੂੰ ਕਿਸੇ ਦੀ ਲਵ ਮੈਰਿਜ ਤੇ ਕੋਈ ਇਤਰਾਜ ਨਹੀ। ਕਿਉਂਕਿ ਹਰ ਇੱਕ ਲੜਕਾ ਲੜਕੀ ਜੋ ਕਿ ਬਾਲਗ ਹਨ ਉਨ੍ਹਾਂ ਨੂੰ ਆਪਣੇ ਫੈਸਲੇ ਆਪ ਲੈਣ ਦੇ ਖੁਦ ਅਧਿਕਾਰ ਹਨ। ਅਜਿਹਾ ਕਰਕੇ ਉਨ੍ਹਾਂ ਨੇ ਆਪਣੇ ਪਾਏ ਮਤੇ ਵਿੱਚ ਜੋ ਕਿ ਲਵ ਮੈਰਿਜ ਕਰਵਾਉਣ ਖਿਲਾਫ ਪਾਇਆ ਸੀ, ਉਸ ਵਿੱਚ ਸੋਧ ਕਰ ਦਿੱਤੀ ਅਤੇ ਆਪਣਾ ਫੈਸਲਾ ਵਾਪਿਸ ਲੈ ਲਿਆ। ਇੱਥੇ ਦੱਸਣਯੋਗ ਹੈ ਇਹ ਮਤਾ ਕਿਸੇ ਵੀ ਸਰਕਾਰੀ ਰਜਿਸਟਰ ਵਿੱਚ ਨਹੀ ਬਲਕਿ ਇੱਕ ਚਿੱਟੇ ਆਮ ਕਾਗਜ ਤੇ ਲਿਖਿਆ ਗਿਆ ਸੀ। ਜਿਸ ਤੇ ਗ੍ਰਾਮ ਪੰਚਾਇਤ ਸਮੇਤ ਸਮੂਹ ਸੰਸਥਾਂਵਾ ਨੇ ਦਸਤਖਤ ਕਰ ਦਿੱਤੇ ਸਨ।

 

ਅਮਨ ਕਾਨੂੰਨ ਦੀ ਸਥਿਤੀ ਨੂੰ ਇਲਾਕੇ ‘ਚ ਬਰਕਰਾਰ ਰੱਖਿਆ ਜਾਵੇਗਾ-ਡੀ.ਐਸ.ਪੀ ਪਾਇਲ

 

ਇਸ ਸੰਬੰਧੀ ਸਬ-ਡਵੀਜਨ ਪਾਇਲ ਦੇ ਡੀ.ਐਸ.ਪੀ. ਰਛਪਾਲ ਸਿੰਘ ਢੀਂਡਸਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਖੁਦ ਪਿੰਡ ਵਿੱਚ ਜਾ ਕੇ ਗ੍ਰਾਮ ਪੰਚਾਇਤ ਨਾਲ ਰਾਬਤਾ ਕੀਤਾ ਗਿਆ ਸੀ। ਇਸ ਸਮੇਂ ਉਨ੍ਹਾਂ ਨਾਲ ਐਸ.ਐਚ.ਉ. ਦੋਰਾਹਾ ਇੰਸਪੈਕਟਰ ਮਨਜੀਤ ਸਿੰਘ ਵੀ ਮੋਜੂਦ ਸਨ। ਜਿਨ੍ਹਾਂ ਵੱਲੋਂ ਅੱਜ ਪਿੰਡ ਦਾ ਖੁਦ ਦੋਰਾ ਵੀ ਕੀਤਾ ਗਿਆ। ਜਿੱਥੇ ਉਨ੍ਹਾਂ ਦੇਖਿਆ ਕਿ ਅਮਨ ਕਾਨੂੰਨ ਦੀ ਸਥਿਤੀ ਪਿੰਡ ਵਿੱਚ ਬਿਲਕੁਲ ਸਹੀ ਹੈ ਅਤੇ ਲੋਕਾਂ ਦਾ ਭਾਈਚਾਰਕ ਸਾਂਝ ਵੀ ਕਾਇਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਣਯੋਗ ਅਦਾਲਤ ਦੇ ਹੁਮਕਾਂ ਦੀ ਹਰ ਹਾਲਤ ਵਿੱਚ ਪਾਲਣਾ ਕੀਤੀ ਜਾਵੇਗੀ ਅਤੇ ਜਿਸ ਪ੍ਰੇਮੀ ਨੇ ਲਵ ਮੈਰਿਜ ਕਰਵਾਈ ਹੈ ਜੇਕਰ ਉਹ ਪਿੰਡ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਪੁਲਸ ਵੱਲੋਂ ਉਸ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇਗੀ ਅਤੇ ਪੁਲਸ ਹਰ ਇੱਕ ਨਾਗਰਿਕ ਦੀ ਸੁਰੱਖਿਆ ਦੀ ਪੂਰੀ ਜਿੰਮੇਵਾਰ ਹੈ।

 

ਕੀ ਕਹਿੰਦੀ ਹਨ ਬੀ.ਡੀ.ਪੀ.ਉ. ਨਵਦੀਪ ਕੌਰ

 

ਇਸ ਸੰਬੰਧੀ ਜਦੋਂ ਬੀ.ਡੀ.ਪੀ.ਉ. ਨਵਦੀਪ ਕੌਰ (ਪੀ.ਸੀ.ਐਸ) ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਪਿੰਡ ਵਿੱਚ ਜਾ ਕੇ ਗ੍ਰਾਮ ਪੰਚਾਇਤ ਨਾਲ ਰਾਬਤਾ ਕਾਇਮ ਕੀਤਾ ਗਿਆ, ਅਤੇ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਅਸੀ ਸੰਵਿਧਾਨ ਦੇ ਉਲਟ ਨਹੀ ਜਾ ਸਕਦੇ। ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੇ ਵਿਚਾਰਾਂ ਨਾਲ ਸਾਂਝ ਕਰਦਿਆ ਆਪਣਾ ਫੈਸਲਾ ਵਾਪਸ ਲੈ ਲਿਆ। ਉਨ੍ਹਾਂ ਇਹ ਵੀ ਦੱਸਿਆ ਕਿ ਪੰਚਾਇਤ ਵੱਲੋਂ ਇਹ ਮਤਾ ਕੋਈ ਸਰਕਾਰੀ ਕਾਰਵਾਈ ਵਿੱਚ ਨਹੀ ਪਾਇਆ ਗਿਆ ਸੀ ਪਰ ਫਿਰ ਵੀ ਉਨ੍ਹਾਂ ਵੱਲੋਂ ਆਪਣੇ ਪੱਧਰ ਤੇ ਪੰਚਾਇਤ ਨੂੰ ਸਮਝਿਆ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਕੋਈ ਹੱਕ ਨਹੀ ਕਿ ਅਸੀ ਮਾਣਯੋਗ ਅਦਾਲਤ ਦੇ ਹੁਕਮਾਂ ਦੇ ਉਲਟ ਕੋਈ ਮਤਾ ਪਾਸ ਕਰੀਏ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone