ਮੈਨੂੰ ਤਾਂ ਯਕੀਨ ਹੈ ਸਿੱਧੂ ਨੂੰ ਮਜੀਠੀਆ ਫੋਬੀਆ ਹੋ ਚੁੱਕਿਆ

sarchand pic

ਲੇਖਕ : ਪ੍ਰੋ: ਸਰਚਾਂਦ ਸਿੰਘ

‘ਸਿੱਧੂ ਸਾਹਿਬ ਨੇ ਸੱਚ ਸਵੀਕਾਰ ਕਰ ਲਿਆ, ਝੂਠ ਦੀ ਰਾਜਨੀਤੀ ਬਹੁਤੀ ਦੇਰ ਨਹੀਂ ਚਲਦੀ…”
ਰਾਜਸੀ ਆਗੂਆਂ ਦਾ ਬਿਨਾ ਸਬੂਤ ਇੱਕ ਦੂਜੇ ‘ਤੇ ਦੂਸ਼ਣਬਾਜ਼ੀ ਦਾ ਸਿਆਸੀ ਨਿਘਾਰ ਸਾਡੀਆਂ ਰਵਾਇਤਾਂ ਤੇ ਪਰੰਪਰਾਵਾਂ ਨੂੰ ਦੇ ਰਿਹਾ ਹੈ ਪੁੱਠਾ ਗੇੜਾ ।

ਅਕਾਲੀ ਨੇਤਾ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਸਬੂਤ ਨਾ ਹੋਣ ਦਾ ਇਕਬਾਲੀਆ ਬਿਆਨ ਦੀ ਸਿਆਹੀ ਸੁੱਕਣ ਦਾ ਇੰਤਜ਼ਾਰ ਕੀਤੇ ਬਿਨਾ ਸਥਾਨਿਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਫਿਰ ਮਜੀਠੀਆ ਨੂੰ ਨਿਸ਼ਾਨੇ ‘ਤੇ ਲੈਣ ਨਾਲ ਇਹ ਯਕੀਨੀ ਹੋ ਗਿਆ ਹੈ ਕਿ ਸਿੱਧੂ ਨੂੰ ਮਜੀਠੀਆ ਫੋਬੀਆ ਹੋ ਚੁੱਕਿਆ ਹੈ।download-17

ਹਰ ਰੈਲੀ ਸਮਾਗਮ ‘ਚ ਮਜੀਠੀਆ ਨੂੰ ਕੋਸਣ ਬਿਨਾ ਨਾ ਰਹਿਣ ਵਾਲੇ ਸਿੱਧੂ ਵੱਲੋਂ ਮਜੀਠੀਆ ਦੇ ਹਲਕੇ ਮਜੀਠਾ ‘ਚ ਮੁੱਠੀ ਭਰ ਸਾਥੀਆਂ ਦੀ ਹਾਜ਼ਰੀ ‘ਚ ਮਜੀਠੀਆ ਨੂੰ ਜੇਲ੍ਹ ਭੇਜਣ ਤਕ ਜਲਦ ਅੰਦੋਲਨ ਸ਼ੁਰੂ ਕਰਨ ਪ੍ਰਤੀ ਦਹਾੜਨ ਦੇ ਠੀਕ ਤੀਜੇ ਦਿਨ ਸਿੱਧੂ ਦਾ ਬਿਆਨ ਕਿ ”ਸਬੂਤ ਤਾਂ ਨਹੀਂ ਹੈ ਪਰ ਉਹ ਦੋਸ਼ ਲਾ ਰਿਹਾ ਹੈ ਤਾਂ ਅਸੀਂ ਵੀ ਲਾ ਰਹੇ ਹਾਂ” ਨੇ ਜਿੱਥੇ ਸਿੱਧੂ ਨੂੰ ਜਗ ਹਸਾਈ ਦਾ ਪਾਤਰ ਬਣਾ ਦਿੱਤਾ ਉੱਥੇ ਹੀ ਇਸ ਬੇ ਬੁਨਿਆਦ ਇਲਜ਼ਾਮਾਂ ਵਾਲੇ ਵਰਤਾਰੇ ਨੇ ਅਜੋਕੀ ਰਾਜਸੀ ਫ਼ਿਜ਼ਾ ਵਿੱਚ ਪਸਰ ਚੁੱਕੇ ਨਿਘਾਰ ਨਾਲ ਵੀ ਲੋਕਾਂ ਨੂੰ ਪ੍ਰੀਚੈ ਕਰਾ ਦਿੱਤਾ ਹੈ।

ਸਿੱਧੂ ਦੇ ਬਿਆਨ ਦੀ ਕਟਿੰਗ ਸਿੱਧੂ ਨੂੰ ਨੇੜੇਓ ਜਾਣਨ ਵਾਲੇ ਮੇਰੇ ਕੁੱਝ ਪੱਤਰਕਾਰ ਦੋਸਤਾਂ ਨੂੰ ਭੇਜੀ ਗਈ ਤਾਂ ਉਹਨਾਂ ਦਾ ਵਿਅੰਗਾਤਮਿਕ ਜਵਾਬ ਬੜਾ ਹੀ ਦਿਲਚਸਪ ਸੀ, ”ਇਹ ਦਾ ਤਾਂ ਸ਼ੁਰੂ ਤੋਂ ਹੀ ਇਹੀ ਹਾਲ ਹੈ” ਦੂਜੇ ਦਾ ਜਵਾਬ ਸੀ ”ਸਿੱਧੂ ਸਾਹਿਬ ਨੇ ਸੱਚ ਸਵੀਕਾਰ ਕਰ ਲਿਆ, ਝੂਠ ਦੀ ਰਾਜਨੀਤੀ ਬਹੁਤੀ ਦੇਰ ਨਹੀਂ ਚਲਦੀ, ਸੁੱਖੀ ਰੰਧਾਵੇ ਦਾ ਪਾਲਤੂ ਬਣ ਕੇ ਮਾਝੇ ਦੀ ਰਾਜਨੀਤੀ ਨਹੀਂ ਹੋਣੀ ਸਿੱਧੂ ਨੂੰ ਪਤਾ ਹੈ।”
ਇਹ ਸਾਡੀ ਤ੍ਰਾਸਦੀ ਹੈ ਕਿ ਉੱਸਾਰੂ ਨੀਤੀਆਂ, ਸਿਧਾਂਤ ਤੇ ਵਿਚਾਰਧਾਰਾ ਬੀਤੇ ਦੀਆਂ ਗੱਲਾਂ ਬਣਦੀਆਂ ਜਾ ਰਹੀਆਂ ਹਨ।ਹੱਦੋਂ ਵਧ ਦੂਸ਼ਣਬਾਜ਼ੀ ਦੀ ਜਮਹੂਰੀ ਸਮਾਜ ‘ਚ ਕੋਈ ਜਗਾ ਨਹੀਂ ਹੋਣੀ ਚਾਹੀਦੀ ਪਰ ਇਖ਼ਲਾਕੀ ਪਤਨ ਨੂੰ ਪ੍ਰਗਟ ਕਰਨ ਵਾਲੇ ਇਸ ਵਰਤਾਰੇ ਦੀ ਅੱਜ ਕੋਈ ਹੱਦ ਕੋਈ ਸੀਮਾ ਨਹੀਂ ਰਹੀ।ਸਾਡੇ ਲਈ ਫਿਕਰਮੰਦੀ ਦੀ ਗਲ ਇਹ ਹੈ ਕਿ ਇਹ ਰਾਜਨੀਤਕ ਨਿਘਾਰ ਸਾਡੀਆਂ ਰਵਾਇਤਾਂ ਤੇ ਪਰੰਪਰਾ ਨੂੰ ਪੁੱਠਾ ਗੇੜਾ ਦੇ ਰਿਹਾ ਹੈ। ਸਾਡੀ ਰਾਜਸੀ ਪ੍ਰਬੰਧ ਪਰੰਪਰਾ ਸਤਾ ਹਾਸਲ ਕਰਨ ਤਕ ਹੀ ਕਦੀ ਸੀਮਤ ਨਹੀਂ ਰਹੀ, ਅਸੀਂ ਆਪਣੇ ਆਗੂਆਂ ਤੋਂ ਹਮੇਸ਼ਾਂ ਰੋਲ ਆਫ਼ ਮਾਡਲ, ਕਹਿਣੀ ਤੇ ਕਥਨੀ ‘ਚ ਪੂਰਾ,ਸਭਿਆਚਾਰਕ ਤੇ ਸਦਾਚਾਰਕ ਕਦਰਾਂ ਕੀਮਤਾਂ ਦੀ ਰਾਖੀ ਅਤੇ ਮਜ਼ਬੂਤ ਰਾਸ਼ਟਰ ਦੀ ਉੱਸਾਰੀ ਸਿਆਸਤ ਦਾ ਪ੍ਰਮੁੱਖ ਪ੍ਰਯੋਜਨ ਰਿਹਾ।
ਅੱਜ ਰਾਜਨੀਤਕ ਪਾਰਟੀਆਂ ਆਪਣੀ ਖ਼ਾਲਿਸ ਵਿਚਾਰਧਾਰਾ ਅਤੇ ਨੀਤੀਆਂ ਦੀ ਗਲ ਨਹੀਂ ਕਰਦੀਆਂ,ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਦੂਰ ਕਰਨ ਦੀ ਥਾਂ ਵਿਰੋਧੀ ‘ਤੇ ਦੂਸ਼ਣਬਾਜ਼ੀ ਕਰਨਾ ਆਪਣਾ ਹੱਕ ਸਮਝਦੀਆਂ ਹਨ। ਅਸੀਂ ਭੁੱਲ ਜਾਂਦੇ ਹਾਂ ਕਿ ਸਤਾ ਦੀ ਲਾਲਸਾ ‘ਚ ਵੋਟਾਂ ਖ਼ਾਤਰ ਆਮ ਲੋਕਾਂ ‘ਚ ਉਕਸਾਹਟ ਪੈਦਾ ਕਰਨ ਲਈ ਆਪਣੇ ਵਿਰੋਧੀ ‘ਤੇ ਝੂਠੇ ਦੋਸ਼ ਲਾਉਂਦਿਆਂ ਉਸ ਦੇ ਕਿਰਦਾਰ ਮਿਟੀ ਘਟੇ ਰੋਲਣ ਦੀ ਨੀਤੀ ਨਾਲ ਉਹ ਵਿਅਕਤੀ ਹੀ ਨਹੀਂ ਸਗੋਂ ਉਸ ਦਾ ਪੂਰਾ ਪਰਿਵਾਰ ਨੂੰ ਵੀ ਉਸ ਝੂਠੇ ਦੋਸ਼ਾਂ ਦੀ ਅਸਹਿ ਮਾਨਸਿਕ ਪੀੜਾ ਸਹਿਣੀ ਹੰਢਾਉਣੀ ਪੈਂਦੀ ਹੈ।

ਸਿੱਧੂ ਦਾ ਮਜੀਠੀਆ ਪ੍ਰਤੀ ਵਰਤਾਰੇ ਨੇ ਦਾਨਸ਼ਮੰਦਾਂ ਦੇ ਪਲੇ ਨਿਰਾਸ਼ਾ ਪਾਈ ਹੈ, ਕਿਉਂਕਿ ਇਹ ਅਜੋਕੀ ਰਾਜਨੀਤਕ ਸਦਾਚਾਰਕ ਕਦਰਾਂ ਕੀਮਤਾਂ ਤੋਂ ਬੇਮੁਖ ਹੋਣ ਦਾ ਪ੍ਰਤੱਖ ਸਬੂਤ ਹੈ।ਚਿੰਤਾ ਵਾਲੀ ਗਲ ਇਹ ਹੈ ਕਿ ਸਰਕਾਰਾਂ ਦਾ ਰਵਈਆ ਲੋਕਾਂ ਦੀਆਂ ਆਸਾਂ ‘ਤੇ ਖਰਾ ਨਹੀਂ ਉਤਰ ਰਿਹਾ। ਸਰਕਾਰ ਅਤੇ ਨੇਤਾ ਆਪਣੇ ਨਿਕੰਮੇਪਨ ਨੂੰ ਛੁਪਾਉਣ ਅਤੇ ਰਾਜਸੀ ਪਿੜ ‘ਚ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਅਸੂਲਾਂ ਨੂੰ ਛਿੱਕੇ ਟੰਗਦਿਆਂ ਸਿਆਸੀ ਕਲਾਬਾਜ਼ੀਆਂ ਦਿਖਾਉਣ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾ ਚੁੱਕੇ ਹਨ।
ਇਸ ਵਰਤਾਰੇ ‘ਚ ਮੀਡੀਆ ਨੂੰ ਇੱਕ ਮਜ਼ਬੂਤ ਹਥਿਆਰ ਵਜੋਂ ਵਰਤ ਲਿਆ ਜਾਂਦਾ ਰਿਹਾ ਹੈ। ਸਮੇਂ ਦੀ ਕਮੀ ਅਤੇ ਇੱਕ ਦੂਜੇ ਤੋਂ ਅਗੇ ਲੰਘਣ ਦੀ ਹੋੜ ਕਾਰਨ ਪੱਤਰਕਾਰਾਂ ਦੀ ਕਿਸੇ ਵੀ ਘਟਨਾ ਨੂੰ ਡੂੰਘੀ ਪਰਖ ਪੜਚੋਲ ਬਿਨਾ ਖ਼ਬਰ ਬਣਾ ਸਮਾਜ ਨੂੰ ਪਰੋਸਣ ਦੀ ਕਾਹਲੀ ਨੇ ਪੱਤਰਕਾਰਤਾ ਦੀ ਭਰੋਸੇ ਯੋਗਤਾ ਨੂੰ ਵੀ ਖੋਰਾ ਲਾ ਦਿੱਤਾ ਹੈ।
ਇਸ ਸੰਦਰਭ ‘ਚ ਨਵਜੋਤ ਸਿੰਘ ਸਿੱਧੂ ਉਪਰੋਕਤ ਵਰਤਾਰੇ ਦਾ ਸ਼ਾਹਸਵਾਰ ਨਜ਼ਰ ਆਉਂਦਾ ਹੈ। ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਖ਼ਿਲਾਫ਼ ਹੱਦ ਦਰਜੇ ਦੀਆਂ ਟਿੱਪਣੀਆਂ ਤੋਂ ਇਲਾਵਾ ਉਸ ਵੱਲੋਂ ਬਿਕਰਮ ਸਿੰਘ ਮਜੀਠੀਆ ‘ਤੇ ਨਸ਼ੇ ਦੇ ਵਪਾਰ ‘ਚ ਸ਼ਾਮਿਲ ਹੋਣ ਪ੍ਰਤੀ ਬਿਨਾ ਸਬੂਤ ਦੂਸ਼ਣਬਾਜ਼ੀ ਕੋਈ ਸਿਹਤਮੰਦ ਰੁਝਾਨ ਨਹੀਂ ਕਿਹਾ ਜਾ ਸਕਦਾ।
ਮਜੀਠੀਆ ਨਾਲ ਕਿਸੇ ਵੀ ਤਰਾਂ ਸਿਆਸੀ ਰੰਜਸ਼ ਦੇ ਬਾਵਜੂਦ ਇਹ ਨਹੀਂ ਭੁਲਾਇਆ ਜਾ ਸਕਦਾ ਕਿ ਮਜੀਠੀਆ ਦੀ ਬਦੌਲਤ ਹੀ ਉਸ ਨੇ 4 ਵਾਰ ਲੋਕ ਸਭਾ ਦੀਆਂ ਬਰੂੰਹਾਂ ਟੱਪੀਆਂ ਹਨ। ਜਿਸ ਦਾ ਅਹਿਸਾਨ ਚੁਕਾਉਣ ਬਦਲੇ ਉਹ ਆਪਣੀ ਚੰਮ ਦੀਆਂ ਜੁੱਤੀਆਂ ਬਣਾਉਣ ਤਕ ਦੀ ਮਜੀਠੀਆ ਨੂੰ ਜਨਤਕ ਆਫ਼ਰ ਕਰਦਾ ਰਿਹਾ।

ਮਜੀਠੀਆ ਦੀ ਸ਼ਖਸੀਅਤ ਪ੍ਰਤੀ ਸਿਰਫ਼ ਸੁਖਬੀਰ ਸਿੰਘ ਬਾਦਲ ਦਾ ਨੇੜੇ ਦਾ ਰਿਸ਼ਤੇਦਾਰ ਹੋਣ ਤੋਂ ਅਗੇ ਨਾ ਦੇਖ ਸਕਣ ਦਾ ਨਜ਼ਰੀਆ ਅਪਣਾਈ ਬੈਠੇ ਸਿੱਧੂ ਨੂੰ ਇਹ ਦਸ ਦੇਣਾ ਜ਼ਰੂਰੀ ਸਮਝਦਾ ਹਾਂ ਕਿ ਮਜੀਠੀਆ ਨੇ ਆਪਣੀ ਕਾਬਲੀਅਤ ਨੂੰ ਸਿੱਧ ਕਰ ਵਿਖਾਇਆ ਹੈ। ਰਾਜਸੀ ਵਿਸ਼ੇਸ਼ਕ ਬਾ ਖੂਬੀ ਜਾਣਦੇ ਹਨ ਕਿ ਮਜੀਠੀਆ ਨੇ ਯੂਥ ਅਕਾਲੀ ਦਲ ਨੂੰ ਮਜ਼ਬੂਤ ਕਰਦਿਆਂ ਸਿਖਰਾਂ ‘ਤੇ ਪਹੁੰਚਾਇਆ ਜਿੱਥੇ ਦੇਸ਼ ਦੇ ਕਿਸੇ ਵੀ ਸਿਆਸੀ ਪਾਰਟੀ ਦੇ ਯੂਥ ਵਿੰਗ ਨੂੰ ਉਹ ਮੁਕਾਮ ਹਾਸਲ ਨਹੀਂ ਰਿਹਾ।
ਸਰਕਾਰ ਦੌਰਾਨ ਆਪਣੇ ਵਿਭਾਗਾਂ ਦੇ ਕੰਮ ਨੂੰ ਕੁਸ਼ਲਤਾ ਨਾਲ ਚਲਾਉਂਦਿਆਂ ਕਈ ਕੀਰਤੀਮਾਨ ਸਥਾਪਿਤ ਕੀਤੇ। ਉਨ੍ਹਾਂ ਸੋਲਰ ਐਨਰਜੀ ਨੂੰ ਲੈ ਕੇ ਪੰਜਾਬ ਨੂੰ ਇੱਕ ਨਵੀਂ ਪਛਾਣ ਦਿੱਤੀ। ਉਹਨਾਂ ਦੀ ਸੂਝਬੂਝ ਅਤੇ ਮਿਹਨਤ ਸਦਕਾ ਸੂਰਜੀ ਊਰਜਾ ਉਤਪਤ ਦੇ ਖੇਤਰ ‘ਚ ਪੰਜਾਬ ਨੂੰ ਅੱਜ ਦੇਸ਼ ‘ਚ ਪਹਿਲਾ ਸਥਾਨ ਹਾਸਲ ਹੈ। ਉੱਥੇ ਹੀ ਪੰਜਾਬ ਨੂੰ ਇਸ ਖੇਤਰ ‘ਚ 8 ਪੁਰਸਕਾਰਾਂ ਨਾਲ ਨਿਵਾਜਿਆ ਗਿਆ। ਪੰਜਾਬ ਕੋਲ ਸੰਸਾਰ ਦਾ ਸਭ ਤੋਂ ਵੱਡਾ ਇੱਕ ਲੌਤਾ ਛੱਤ ‘ਤੇ ਲਗਾ ਸੂਰਜੀ ਊਰਜਾ ਪਲਾਂਟ ਹੈ। ਪੰਜਾਬ ਕੋਲ ਦੇਸ਼ ਦਾ ਪਹਿਲਾ ਸੈਟੇਲਾਈਟ ਕੰਟਰੋਲ ਸੂਰਜੀ ਊਰਜਾ ਪਲਾਂਟ ਹੈ।ਜਿੱਥੇ ਸੂਰਜੀ ਊਰਜਾ ਪਹਿਲਾਂ 2007 ਤਕ 9 ਮੈਗਾਵਾਟ ਸੀ ਉੱਥੇ 2016 ਦੇ ਅਖੀਰ ਤਕ ਕਰੀਬ 1500 ਮੈਗਾਵਾਟ ਸਮਰੱਥਾ ਬਣੀ।
ਰੈਵੀਨਿਊ ਦੇ ਖੇਤਰ ‘ਚ ਵੀ ਰਾਜ ਦਾ ਆਮਦਨ ਵਧਿਆ। ਰੈਵੀਨਿਊ ਰਿਕਾਰਡ ਇੱਕ ਥਾਂ ਕੰਪਿਊਟਰ ‘ਤੇ ਸੁਲੱਭ ਹੋਣਾ ਅਤੇ ਖੂਨ ਦੇ ਰਿਸ਼ਤਿਆਂ ਦੀ ਜ਼ਮੀਨੀ ਰਜਿਸਟਰੀਆਂ ਮਹਿਜ਼ 900 ਰੁਪਏ ਵਿੱਚ ਹੋਣੀਆਂ ਆਦਿ ਮਜੀਠੀਆ ਦੀ ਦੇਣ ਹਨ।ਜਿਸ ਤੋਂ ਨਵਜੋਤ ਸਿੱਧੂ ਮੁਨਕਰ ਨਹੀਂ ਹੋ ਸਕਦਾ।

ਮਜੀਠੀਆ ‘ਤੇ ਲਾਏ ਜਾਂਦੇ ਇਲਜ਼ਾਮ ਕਾਨੂੰਨੀ ਤੌਰ ‘ਤੇ ਸਾਬਤ ਨਾ ਹੋਣ ‘ਤੇ ਲੋਕਾਂ ਦੇ ਅਦਾਲਤ ਦੇ ਫਤਵੇ ਦਾ ਸਨਮਾਨ ਕਰਨ ਦੀ ਗਲ ਕਰਨ ਵਾਲੇ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਜਿਸ ਕਾਂਗਰਸ ‘ਚ ਸ਼ਾਮਿਲ ਹੋਇਆ ਉਸ ਨੇ ਲੋਕ ਸਭਾ ਦੀਆਂ 543 ਵਿੱਚੋਂ ਸਿਰਫ਼ 44 ਸੀਟਾਂ ਜਿੱਤੀਆਂ ਜੋ ਕਿ ਮਹਿਜ਼ 8 ਫੀਸਦੀ ਹੀ ਬਣਦੀ ਹੇ। ਇਹ ਉਹ ਕਾਂਗਰਸ ਪਾਰਟੀ ਹੈ ਜਿਨੂੰ ਸਿੱਧੂ ਸਾਹਿਬ ਸਭ ਤੋਂ ਵੱਧ ਭ੍ਰਿਸ਼ਟ ਪਾਰਟੀ ਕਹਿੰਦੇ ਰਹੇ। ਉਸ ਦੇ ਪ੍ਰਧਾਨ ਸੋਨੀਆ ਗਾਂਧੀ ਨੂੰ ਬਦਨਾਮ ਮੁੰਨੀ, ਅਤੇ ਰਾਹੁਲ ਗਾਂਧੀ ਨੂੰ ਪੱਪੂ।
ਸਿੱਧੂ ਇੱਕ ਪਾਸੇ ਮਜੀਠੀਆ ਦੀ ਸੁਰੱਖਿਆ ‘ਤੇ ਸਵਾਲ ਉਠਾਉਂਦਾ ਹੈ ਅਤੇ ਦੂਜੇ ਪਾਸੇ ਆਪ ਹੀ ਸੁਰੱਖਿਆ ਨੂੰ ਗ੍ਰਹਿ ਮੰਤਰਾਲੇ ਦੀ ਰਿਪੋਰਟ ਅਨੁਸਾਰ ਮੁਹਇਆ ਹੋਣ ਬਾਰੇ ਕਬੂਲ ਕਰਦਾ ਹੈ।
ਪ੍ਰਸ਼ਾਸਨਿਕ ਕਮੀਆਂ ਪੇਸ਼ੀਆਂ ਲਈ ਆਪਣੇ ਕੋਲ ਪੂਰਾ ਪਾਵਰ ਨਾ ਹੋਣ ਦੀ ਗਲ ਕਰ ਕੇ ਉਹ ਆਪਣੀ ਹੀ ਸਰਕਾਰ ‘ਤੇ ਉਂਗਲ ਉਠਾਉਂਦਿਆਂ ਸਰਕਾਰ ਦੀ ਵਾਗਡੋਰ ਦੀ ਖਵਾਇਸ਼ ਪਾਲੀ ਫਿਰਦਾ ਹੈ। ਅਕਾਲੀਆਂ ‘ਤੇ ਕਰੋੜਾਂ ਦੇ ਨਿੱਤ ਘਪਲੇ ਦੇ ਦੋਸ਼ ਲਾਉਣ ਤੋਂ ਸਿਵਾ ਸਿੱਧੂ ਨੇ ਇਹ ਨਹੀਂ ਦੱਸਿਆ ਉਸ ਨੇ ਉਹਨਾਂ ‘ਚੋਂ ਇੱਕ ਟਕਾ ਵੀ ਹੁਣ ਤਕ ਬਰਾਮਦ ਜਾਂ ਸਿੱਧ ਕੀਤਾ ਵੀ ਹੈ।

ਨਸ਼ਿਆਂ ਨੂੰ ਲੈ ਕੇ ਮਜੀਠੀਆ ਖ਼ਿਲਾਫ਼ ਕੋਈ ਸਬੂਤ ਨਾ ਹੋਣ ਬਾਰੇ ਮੁੱਖ ਮੰਤਰੀ ਕੈਪਟਨ ਦਾ ਬਿਆਨ ਅਤੇ ਟ੍ਰਿਬਿਊਨ ਅਖ਼ਬਾਰ ਵੱਲੋਂ ਪ੍ਰਕਾਸ਼ਿਤ ਖ਼ਬਰਾਂ ਦੀ ਪੜਤਾਲ ਉਪਰੰਤ ਮਜੀਠੀਆ ਨੂੰ ਕਲੀਨ ਚਿਟ ਦਿੰਦਿਆਂ ਬਿਨਾ ਸ਼ਰਤ ਮੁਆਫ਼ੀ ਮੰਗਣੀ ਮਜੀਠੀਆ ਅਤੇ ਉਸ ਦੇ ਚਾਹੁਣ ਵਾਲਿਆਂ ਲਈ ਰਾਹਤ ਦਾ ਪੈਗਾਮ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਦੇ ਬਿਆਨ ਦੀ ਹਮਾਇਤ ਕਹਾਣੀ ਖਤਮ ਹੋਈ ਸਮਝੀ ਜਾਣੀ ਚਾਹੀਦੀ ਹੈ ।
ਪਰ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਸਾਰਾ ਕੁੱਝ ਹਜ਼ਮ ਹੋਣਾ ਔਖਾ ਲਗ ਰਿਹਾ ਹੈ। ਉਹ ਇਹ ਭੁੱਲ ਗਿਆ ਹੈ ਕਿ ਉੱਚ ਅਦਾਲਤ ਨੇ ਉਸ ਵੱਲੋਂ ਮਜੀਠੀਆ ਵਿਰੁੱਧ 2012 ਦੌਰਾਨ ਪਾਈ ਗਈ ਰਿੱਟ ਪਟੀਸ਼ਨ ਨੂੰ ਸਿਆਸਤ ਤੋਂ ਪ੍ਰੇਰਤ ਠਹਿਰਾਉਂਦਿਆਂ ਖਾਰਜ ਕਰ ਦਿੱਤਾ ਸੀ। ਉਸ ਨੂੰ ਪਤਾ ਹੈ ਕਿ ਮਜੀਠੀਆ ਖ਼ਿਲਾਫ਼ ਦੇਸ਼ ਦੀਆਂ ਕੇਂਦਰੀ ਏਜੰਸੀਆਂ ਨੇ ਵੀ ਪੜਤਾਲ ਕੀਤੀ ਅਤੇ ਅਦਾਲਤ ਵੱਲੋਂ ਵੀ ਆਪਣੀ ਨਿਗਰਾਨੀ ‘ਚ ਵੀ ਪੜਚੋਲ ਕਰਾਇਆ ਗਿਆ ਜਿੱਥੇ ਮਜੀਠੀਆ ਖ਼ਿਲਾਫ਼ ਕੁੱਝ ਵੀ ਹਾਸਲ ਨਾ ਪਾਏ ਜਾਣ ਤੇ ਕਲੀਨ ਚਿਟ ਦੇਣੀ ਪਈ।
ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇੱਕ ਸਮੇਂ ਪੰਜਾਬ ਦੇ 70 ਫੀਸਦੀ ਨੌਜਵਾਨਾਂ ‘ਤੇ ਨਸ਼ੇ ਕਰਨ ਦਾ ਆਰੋਪ ਲਾ ਕੇ ਦੇਸ਼ ਵਿਦੇਸ਼ ‘ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦ ਫੌਜ ਅਤੇ ਪੁਲੀਸ ਦੀ ਭਰਤੀ ਦੌਰਾਨ ਇਹ ਸੱਚ ਸਾਹਮਣੇ ਆਇਆ ਕਿ ਪੰਜਾਬ ਦੇ ਸਿਫ਼ਰ ਪੁਆਇੰਟ ਪੰਚ ਫੀਸਦੀ ਨੌਜਵਾਨ ਹੀ ਨਸ਼ਾ ਕਰਦਾ ਪਾਇਆ ਗਿਆ।

ਰਹੀ ਗਲ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਾਂ ਉਹਨਾਂ ਅਤੇ ਉਹਨਾਂ ਦੇ ਸਾਥੀਆਂ ਨੇ ਸਤਾ ਹਥਿਆਉਣ ਲਈ ਮਜੀਠੀਆ ਖ਼ਿਲਾਫ਼ ਨਸ਼ਿਆਂ ਨੂੰ ਲੈ ਕੇ ਇੱਕ ਝੂਠ ਨੂੰ ਸੌ ਵਾਰ ਬੋਲੋ ਕਿ ਲੋਕ ਸੱਚ ਸਮਝਣ ਲਗ ਪੈਣ ਦੀ ਥਿਊਰੀ ਵਰਤਦਿਆਂ ਖੂਬ ਪ੍ਰਾਪੇਗੰਡਾ ਕੀਤਾ। ਜਿਸ ਦਾ ਉਤਰ ਬਿਆਨਬਾਜ਼ੀ ਰਾਹੀਂ ਨਾ ਦੇ ਕੇ ਮਜੀਠੀਆ ਨੇ ਕਾਨੂੰਨ ਦਾ ਓਟ ਲੈਂਦਿਆਂ ਉਹਨਾਂ ਨੂੰ ਅਦਾਲਤਾਂ ਵਿੱਚ ਘੜੀਸ ਲਿਆ। ਜਿੱਥੇ ਕੇਜਰੀਵਾਲ, ਸੰਜੇ ਸਿੰਘ ਅਤੇ ਅਸੀਸ ਖੈਤਾਨ ਨੂੰ ਅੰਮ੍ਰਿਤਸਰ ਦਾ ਵਾਰ ਵਾਰ ਰਾਹ ਦਿਖਾਇਆ ਗਿਆ ਉੱਥੇ ਸੰਜੇ ਸਿੰਘ ਅਤੇ ਹੋਰਨਾਂ ਨੂੰ ਲੁਧਿਆਣੇ ਦੇ ਚੱਕਰਾਂ ‘ਚ ਪਾ ਕੇ ਖੂਬ ਸੈਰ ਕਰਾਇਆ ਗਿਆ।
ਮਜੀਠੀਆ ਨੇ ਉਹਨਾਂ ਨੂੰ ਕੀਤੇ ਦੀ ਸਜਾ ਦਿਵਾਉਣ ਲਈ ਪੱਕੀ ਧਾਰੀ ਹੋਈ ਹੈ ਤਾਂ ਹੀ ਉਹ ਅਪਰਾਧਿਕ ਮਾਣਹਾਨੀ ਕੇਸ ਨੂੰ ਰੋਜ਼ਾਨਾ ਸੁਣਵਾਈ ਲਈ ਅਦਾਲਤ ਨੂੰ ਕਈ ਵਾਰ ਅਪੀਲ ਕਰ ਚੁੱਕੇ ਹਨ। ਇਹਨਾਂ ਕੇਸਾਂ ‘ਚ ਕੇਜਰੀਵਾਲ ਅਤੇ ਸਾਥੀਆਂ ਖ਼ਿਲਾਫ਼ ਦੋਸ਼ ਆਇਤ ਹੋ ਚੁੱਕੇ ਹਨ, ਇਹ ਲੋਕ ਬਾਹਰ ਤਾਂ ਰੌਲਾ ਪਾਉਂਦੇ ਰਹੇ ਪਰ ਅਦਾਲਤ ਵਿੱਚ ਆਪਣੀ ਸਫ਼ਾਈ ਪ੍ਰਤੀ ਕਹਿਣ ਲਈ ਉਹਨਾਂ ਪਾਸ ਕੁੱਝ ਵੀ ਨਹੀਂ ਹੈ।ਇਹਨਾਂ ਕੇਸਾਂ ਦਾ ਨਤੀਜਾ ਵੀ ਜਲਦ ਆਉਣ ਦੀ ਉਮੀਦ ਹੈ। ਸੋ ਬੱਕਰੇ ਦੀ ਮਾਂ ਕਦ ਤਕ ਖੈਰ ਮਨਾਊਗੀ। ( ਪ੍ਰੋ: ਸਰਚਾਂਦ ਸਿੰਘ )

Leave a Reply

Your email address will not be published. Required fields are marked *

Recent Comments

    Categories