Last UPDATE: August 26, 2014 at 6:34 pm

ਭਾਜਪਾ ਸੰਸਦੀ ਬੋਰਡ ਦਾ ਪੁਨਰ ਗਠਨ

ਨਵੀਂ ਦਿੱਲੀ : ਭਾਜਪਾ ਸੰਸਦੀ ਬੋਰਡ ਦਾ ਮੁੜ ਗਠਨ ਕੀਤਾ ਗਿਆ ਹੈ ਅਤੇ ਇਸ ‘ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਸੰਸਦੀ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਹੈ। ਇਸ ਸੰਸਦੀ ਬੋਰਡ ‘ਚ ਅਮਿਤ ਸ਼ਾਹ, ਨਰਿੰਦਰ ਮੋਦੀ, ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਅਰੁਣ ਜੇਤਲੀ, ਅਨੰਤ ਕੁਮਾਰ, ਨਿਤਿਨ ਗਡਕਰੀ, ਵੈਂਕਈਆ ਨਾਇਡੂ, ਥਾਵਰਚੰਦ ਗਹਿਲੋਤ, ਜੇਪੀ ਨੱਡਾ, ਸ਼ਿਵਰਾਜ ਸਿੰਘ ਚੌਹਾਨ ਅਤੇ ਰਾਮ ਲਾਲ ਨੂੰ ਸ਼ਾਮਲ ਕੀਤਾ ਗਿਆ ਹੈ। ਪਾਰਟੀ ਨੇ ਇਕ ਮਾਰਗ-ਦਰਸ਼ਕ ਮੰਡਲ ਦਾ ਵੀ ਗਠਨ ਕੀਤਾ ਹੈ, ਜਿਸ ‘ਚ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਪੀਐਮ ਨਰਿੰਦਰ ਮੋਦੀ ਅਤੇ ਰਾਜਨਾਥ ਸਿੰਘ ਸਮੇਤ ਪੰਜ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਗੱਲ ਦੀਆਂ ਪਹਿਲਾਂ ਹੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਸੰਸਦੀ ਬੋਰਡ

ਦੇ ਪੁਨਰਗਠਨ ‘ਚ ਅਟਲ, ਅਡਵਾਨੀ ਨੂੰ ਥਾਂ ਨਹੀਂ ਦਿੱਤੀ ਜਾਵੇਗੀ। ਇਹ ਕਦਮ ਮੋਦੀ ਸਰਕਾਰ ‘ਚੋਂ ਚੋਟੀ ਦੇ ਨੇਤਾਵਾਂ ਨੂੰ ਬਾਹਰ ਰੱਖਣ ਤੋਂ ਬਾਅਦ ਹੁਣ ਪਾਰਟੀ ਸੰਸਦੀ ਬੋਰਡ ਨੂੰ ਵੀ 75 ਸਾਲ ਦੀ ਉਮਰ ਵਾਲੇ ਨੇਤਾਵਾਂ ਤੋਂ ਮੁਕਤ ਕਰਨ ਦੇ ਰੂਪ ‘ਚ ਲਿਆ ਜਾ ਰਿਹਾ ਹੈ। ਭਾਜਪਾ ਦੇ ਸਾਰੇ ਅਹਿਮ ਫ਼ੈਸਲੇ ਸੰਸਦੀ ਬੋਰਡ ‘ਚ ਹੀ ਲਏ ਜਾਂਦੇ ਹਨ। ਜ਼ਾਹਿਰ ਹੈ ਕਿ ਇਸ ਬੋਰਡ ‘ਚ ਸ਼ਾਮਲ ਨੇਤਾਵਾਂ ਦਾ ਇਕ ਖ਼ਾਸ ਕੱਦ ਹੁੰਦਾ ਹੈ। ਭਾਜਪਾ ਨੇ 75 ਸਾਲ ਦੀ ਉਮਰ ਵਾਲਾ ਫਾਰਮੂਲਾ ਸੰਸਦੀ ਬੋਰਡ ‘ਚ ਵੀ ਲਾਗੂ ਕਰਦੇ ਹੋਏ ਭਾਜਪਾ ਸੰਸਦੀ ਬੋਰਡ ਚੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨੂੰ ਬਾਹਰ ਕਰ ਦਿੱਤਾ ਹੈ। ਭਾਜਪਾ ਦੇ ਸੰਵਿਧਾਨ ਅਨੁਸਾਰ ਰਾਸ਼ਟਰੀ ਐਗਜ਼ੈਕਟਿਵ ਸੰਸਦੀ ਬੋਰਡ ‘ਚ ਨਿਯੁਕਤੀ ਕਰਦਾ ਹੈ। ਇਸ ‘ਚ ਇਕ ਪਾਰਟੀ ਮੁਖੀ ਤੋਂ ਇਲਾਵਾ 10 ਹੋਰ ਮੈਂਬਰ ਹੁੰਦੇ ਹਨ। ਇਸ ਬੋਰਡ ਦਾ ਚੇਅਰਮੈਨ ਪਾਰਟੀ ਪ੍ਰਧਾਨ ਹੁੰਦਾ ਹੈ।

ਇਸ ਤੋਂ ਪਹਿਲਾਂ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਾਲੇ ਸੰਸਦੀ ਬੋਰਡ ‘ਚ ਉਨ੍ਹਾਂ ਤੋਂ ਇਲਾਵਾ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਨਰਿੰਦਰ ਮੋਦੀ, ਅਰੁਣ ਜੇਤਲੀ, ਸੁਸ਼ਮਾ ਸਵਰਾਜ, ਨਿਤਿਨ ਗਡਕਰੀ, ਵੈਂਕਈਆ ਨਾਇਡੂ, ਥਾਵਰਚੰਦ ਗਹਿਲੋਤ, ਮੁਰਲੀ ਮਨੋਹਰ ਜੋਸ਼ੀ ਅਤੇ ਅਨੰਤ ਕੁਮਾਰ (ਸਕੱਤਰ) ਸ਼ਾਮਲ ਸਨ।

Widgetized Section

Go to Admin » appearance » Widgets » and move a widget into Advertise Widget Zone