Last UPDATE: August 28, 2014 at 4:31 pm

ਬਿਜਲੀ ਕਾਮਿਆਂ ਵੱਲੋਂ ਜੁਆਇੰਟ ਫੋਰਮ ਦੇ ਸੱਦੇ ਉੱਤੇ ਮੰਗਾਂ ਮਨਵਾਉਣ ਲਈ ਹੜਤਾਲ

ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਸੰਘਰਸ਼ ਕਮੇਟੀ ਦੇ ਵਰਕਰ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ। -ਫੋਟੋ: ਵਿਜੇ ਕੁਮਾਰ

ਖੇਤਰੀ ਪ੍ਰਤੀਨਿਧ
ਬਠਿੰਡਾ, 28 ਅਗਸਤ
ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀ ਸੰਘਰਸ਼ ਕਮੇਟੀ ਨੇ ਜੁਆਇੰਟ ਫੋਰਮ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੱਦੇ ’ਤੇ ਥਰਮਲ ਗੇਟ ‘ਤੇ ਹੜਤਾਲ ਕੀਤੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਗੂਆਂ ਮੰਨੀਆਂ ਗਈਆਂ ਮੰਗਾਂ ਜਲਦੀ ਲਾਗੂ ਨਾ ਕੀਤੇ ਜਾਣ ’ਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ।
ਪ੍ਰਕਾਸ਼ ਸਿੰਘ, ਗੁਰਨਾਮ ਸਿੰਘ ਤੇ ਗੁਰਸੇਵਕ ਸਿੰਘ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਮੁਲਾਜ਼ਮਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਅਤੇ ਉਨ੍ਹਾਂ ਨਾਲ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਗਲਤ ਨੀਤੀਆਂ ਦੀ ਨਿਖੇਧੀ ਕੀਤੀ। ਬੁਲਾਰਿਆਂ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਨੇ ਪੰਜਾਬ ਸਰਕਾਰ ਪੈਟਰਨ ’ਤੇ ਬਿਜਲੀ ਕਾਮਿਆਂ ਦੇ ਗਰੇਡ ਪੇ ਅਤੇ ਪੇ ਬੈਂਡ ਵਿੱਚ ਵਾਧਾ ਨਾ ਕੀਤਾ, ਵਰਦੀ ਭੱਤਾ ਅਤੇ ਹੋਰ ਭੱਤੇ ਜਿਵੇਂ ਮੈਡੀਕਲ ਭੱਤਾ ਆਦਿ ਵਿੱਚ ਸੋਧ ਕਰਕੇ ਨਾ ਵਧਾਏ ਗਏ ਅਤੇ ਖ਼ਾਲੀ ਅਸਾਮੀਆਂ ਨਾ ਭਰੀਆਂ ਗਈਆਂ ਤਾਂ ਬਿਜਲੀ ਕਾਮੇ, ਪੰਜਾਬ ਸਰਕਾਰ ਦੇ ਦੂਜੇ ਵਿਭਾਗਾਂ ਨੂੰ ਨਾਲ ਲੈ ਕੇ ਹੋਰ ਤਿੱਖਾ ਸੰਘਰਸ਼ ਕਰਨਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਕਾਲੇ ਕਾਨੂੰਨ ਵਾਪਸ ਲਏ ਜਾਣ ਦੀ ਮੰਗ ਕੀਤੀ। ਬੁਲਾਰਿਆਂ ਨੇ ਥਰਮਲ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਘੱਟ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਮੰਗ ਕੀਤੀ ਕਿ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਜੋ ਸੋਕੇ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਨਿਰਵਿਘਨ 10 ਘੰਟੇ ਸਪਲਾਈ ਮਿਲ ਸਕੇ ਅਤੇ ਆਮ ਪਬਲਿਕ ਨੂੰ ਵੀ ਬਿਜਲੀ ਕੱਟਾਂ ਦੀ ਮਾਰ ਨਾ ਝੱਲਣੀ ਪਵੇ। ਆਗੂਆਂ ਕਿਹਾ ਕਿ ਉਹ ਹੜਤਾਲ ਕਰਕੇ ਆਮ ਖਪਤਕਾਰਾਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਉਹ ਇਸ ਲਈ ਹੜਤਾਲ ਕਰਨ ਲਈ ਮਜਬੂਰ ਹਨ। ਇਸ ਮੌਕੇ ਅਜੈਬ ਸਿੰਘ, ਸੁਖਦੇਵ ਸਿੰਘ ਚੱਠਾ, ਸੱਤਪਾਲ ਗੋਇਲ, ਜਗਦੇਵ ਸਿੰਘ ਪੱਕਾ, ਰਜਿੰਦਰ ਸਿੰਘ ਨਿੰਮਾ, ਸੁਖਦੇਵ ਚੱਢਾ ਤੇ ਸੋਹਣ ਸਿੰਘ ਆਦਿ ਮੌਜੂਦ ਸਨ।
ਇਸੇ ਦੌਰਾਨ ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਅਦਾਰੇ ਦੀ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਾਵਰ ਹਾਊਸ ਗਰਿੱਡ ਨੇੜੇ ਸ਼ਿਕਾਇਤ ਘਰ ਵਿੱਚ ਇਕੱਠੇ ਹੋਏ ਆਗੂਆਂ ਮੰਗ ਕੀਤੀ ਕਿ ਗਰੇਡ ਪੇਅ, ਪੇਅ ਬੈਂਡ ਪੰਜਾਬ ਦੀ ਤਰਜ਼ ’ਤੇ ਦਿੱਤਾ ਜਾਵੇ, ਨਵੇਂ ਸਕੇਲਾਂ ਦਾ ਵਾਧਾ ਵਰਕਚਾਰਜ ਕਾਮਿਆਂ ’ਤੇ ਲਾਗੂ ਕੀਤਾ ਜਾਵੇ, ਵਰਕਚਾਰਜ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ ਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। ਬਿਜਲੀ ਕਾਮਿਆਂ ਨੂੰ ਸਰਕਲ ਪ੍ਰਧਾਨ ਸਤਵਿੰਦਰ ਸਿੰਘ, ਬਾਬੂ ਰਾਮ ਸਰਕਲ ਕੈਸ਼ੀਅਰ, ਵੀਰ ਸਿੰਘ ਮੀਤ ਪ੍ਰਧਾਨ, ਸਬ ਡਿਵੀਜ਼ਨ ਪ੍ਰਧਾਨ ਗੁਰਸੇਵਕ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਰਾਮਪੁਰਾ ਫੂਲ,(ਪੱਤਰ ਪ੍ਰੇਰਕ): ਵੱਖ-ਵੱਖ ਜਥੇਬੰਦੀਆਂ ਵੱਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਸ਼ਹਿਰੀ ਸਬ ਡਿਵੀਜ਼ਨ ਤੇ ਦਿਹਾਤੀ ਸਬ ਡਿਵੀਜ਼ਨ ਦੇ ਸਮੂਹ ਬਿਜਲੀ ਕਾਮਿਆਂ ਨੇ ਹੜਤਾਲ ਕੀਤੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਬਿਜਲੀ ਮੁਲਾਜ਼ਮ ਸ਼ਾਮਲ ਹੋਏ। ਟੀ.ਐਸ.ਯੂ. (ਭੰਗਲ) ਦੇ ਆਗੂ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਮੰਡਲ ਆਗੂ ਜਗਜੀਤ ਸਿੰਘ ਲਹਿਰਾ, ਗੁਰਗੀਰਤ ਸਿੰਘ, ਪਰਵਿੰਦਰ ਬਿੱਟੂ, ਸਰਕਲ ਸਕੱਤਰ ਗੁਰਨਾਮ ਸਿੰਘ, ਟੀ.ਐਸ.ਯੂ. (ਸੋਢੀ) ਦੇ ਆਗੂ ਮੰਡਲ ਪ੍ਰਧਾਨ ਜਲੌਰ ਸਿੰਘ, ਮੀਤ ਪ੍ਰਧਾਨ ਅੰਗਰੇਜ਼ ਸਿੰਘ ਅਤੇ ਗੁਰਜੰਟ ਸਿੰਘ ਤੇ ਐਂਪਲਾਈਜ਼ ਫੈਡਰੇਸ਼ਨ ਦੇ ਆਗੂ ਗੁਰਜੰਟ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਲਾਗੂ ਕਰਨ ਦੀ ਬਜਾਏ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਜਿਸ ਕਰਕੇ ਅੱਜ ਬਿਜਲੀ ਮੁਲਾਜ਼ਮਾਂ ਨੇ ਇੱਕ ਰੋਜ਼ਾ ਮੁਕੰਮਲ ਹੜਤਾਲ ਕੀਤੀ।
ਬਰਨਾਲਾ (ਖੇਤਰੀ ਪ੍ਰਤੀਨਿਧ): ਬਿਜਲੀ ਕਾਮਿਆਂ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਪੀ.ਐੱਸ.ਈ.ਬੀ. ਐਂਪਲਾਈਜ਼ ਫੈਡਰੇਸ਼ਨ (ਏਟਕ) ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਸਟੇਟ ਕਮੇਟੀ ਦੇ ਸੱਦੇ ’ਤੇ ਕਾਮਿਆਂ ਨੇ ਹੜਤਾਲ ਕੀਤੀ। ਇਸ ਮੌਕੇ ਏਟਕ ਆਗੂ ਪਾਰਸ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਟੀ.ਐਸ.ਯੂ. ਆਗੂ ਜਗਜੀਤ ਸਿੰਘ ਧਨੇਰ ਨੇ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਬਿਜਲੀ ਕਾਮਿਆਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਅੜੀਅਲ ਰਵੱਈਆ ਅਖ਼ਤਿਆਰ ਕਰ ਕੇ ਆਪਣਾ ਮਜ਼ਦੂਰ ਵਿਰੋਧੀ ਕਰੂਪ ਚਿਹਰਾ ਦਿਖਾ ਰਹੀ ਹੈ। ਇਸ ਮੌਕੇ ਰੈਲੀ ਨੂੰ ਦੋਵੇਂ ਜਥੇਬੰਦੀਆਂ ਦੇ ਆਗੂਆਂ ਬਿੱਕਰ ਸਿੰਘ, ਕੁਲਦੀਪ ਕੁਮਾਰ, ਭੁਪਿੰਦਰ ਸਿੰਘ ਤੇ ਬਲਰਾਜ ਸਿੰਘ ਮਹਿਲ ਖ਼ੁਰਦ ਨੇ ਵੀ ਸੰਬੋਧਨ ਕੀਤਾ।
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਸੂਬੇ ਭਰ ਵਿੱਚ ਕੀਤੀ ਗਈ ਹੜਤਾਲ ਵਿੱਚ ਬਠਿੰਡਾ ਪੱਛਮੀ ਜ਼ੋਨ ਦੇ ਮੁਲਾਜ਼ਮਾਂ ਦੀ ਹੜਤਾਲ ਨੂੰ ਚੰਗਾ ਹੁੰਗਾਰਾ ਮਿਲਿਆ। ਸਾਂਝਾ ਫੋਰਮ ਪੰਜਾਬ ਦੇ ਆਗੂ ਸਰਬਜੀਤ ਸਿੰਘ ਭਾਣਾ ਨੇ ਕਿਹਾ ਕਿ ਫਿਰੋਜ਼ਪੁਰ ਦੀ ਹੜਤਾਲ ਸਭ ਤੋਂ ਸਫ਼ਲ ਰਹੀ। ਉਨ੍ਹਾਂ ਕਿਹਾ ਕਿ ਜੇਕਰ ਕਾਰਪੋਰੇਸ਼ਨ ਨੇ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੌਰਾਨ ਪੱਛਮੀ ਜ਼ੋਨ ਦੀਆਂ ਕਰੀਬ 40 ਡਿਵੀਜ਼ਨਾਂ ਵਿੱਚ ਬਿੱਲਾਂ ਦੀ ਅਦਾਇਗੀ ਦਾ ਕੰਮ ਰੁਕਿਆ ਰਿਹਾ।
ਮਲੋਟ (ਪੱਤਰ ਪ੍ਰੇਰਕ): ਜੁਆਇੰਟ ਫੋਰਮ ਪੰਜਾਬ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੱਦੇ ’ਤੇ ਮਲੋਟ ਮੰਡਲ ਦੇ ਸਮੂਹ ਟੈਕਨੀਕਲ ਕਾਮਿਆਂ ਨੇ ਇੱਕ ਰੋਜ਼ਾ ਮੁਕੰਮਲ ਹੜਤਾਲ ਕੀਤੀ ਅਤੇ 33 ਕੇ.ਵੀ. ਕਲੋਨੀ ਵਿਖੇ ਮੰਡਲ ਪੱਧਰੀ ਰੈਲੀ ਕੀਤੀ। ਇਸ ਦੌਰਾਨ ਕਾਮਿਆਂ ਨੇ ਮੈਨੇਜਮੈਂਟ ਚੇਅਰਮੈਨ ਕੇ.ਡੀ.ਚੌਧਰੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ’ਚ ਡਿਵੀਜਨ ਮੀਤ ਪ੍ਰਧਾਨ ਹਰਜੀਤ ਸਿੰਘ, ਮੰਡਲ ਪ੍ਰਧਾਨ ਭੁਪਿੰਦਰ ਸਿੰਘ, ਮੋੜ ਸਿੰਘ ਤੇ ਖ਼ਜਾਨਚੀ ਕ੍ਰਿਸ਼ਨ ਲਾਲ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਮੇ ਮੌਜੂਦ ਸਨ।

Widgetized Section

Go to Admin » appearance » Widgets » and move a widget into Advertise Widget Zone