ਬਾਦਲ ਸਾਹਿਬ ਪੱਤੜ ਕਲਾਂ ’ਚ ਬੀਨਾਂ ਭੇਜ ਦਿਓ..

ਇਕ ਖਤ ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲ
(ਜ਼ਰੀਏ ਉਪ ਮੁੱਖ ਮੰਤਰੀ ਪੰਜਾਬ)
ਲਿਖਤੁਮ -ਅਮਨਦੀਪ ਹਾਂਸ
ਵਿਸ਼ਾ- ਬਾਦਲ ਸਾਹਿਬ ਪੱਤੜ ਕਲਾਂ ’ਚ ਬੀਨਾਂ ਭੇਜ ਦਿਓ..
ਅਤਿ ਸਤਿਕਾਰਯੋਗ
ਪੰਥ ਰਤਨ
ਫਖਰ ਏ ਕੌਮ
ਪਦਮ ਵਿਭੂਸ਼ਣ
ਰਾਜ ਨਹੀਂ ਸੇਵਾ ਦੇ ਅਲੰਬਰਦਾਰ
ਮੁੱਖ ਮੰਤਰੀ ਪੰਜਾਬ
ਸ. ਪਰਕਾਸ਼ ਸਿੰਘ ਬਾਦਲ ਜੀਓ..
ਸਨਿਮਰ.. ਤੁਹਾਡੇ ਰਾਜ ਨਹੀਂ ਸੇਵਾ ਵਾਲੇ ਸੂਬੇ ਵਿੱਚ ਇਕ ਜ਼ਿਲ੍ਹਾ ਹੈ ਜਲੰਧਰ, ਜਿਸ ਦਾ ਬਹੁਤ ਹੀ ਮਸ਼ਹੂਰ ਪਿੰਡ ਹੈ ਪੱਤੜ ਕਲਾਂ.. ਇਸ ਪਿੰਡ ਵਿੱਚ ਬੀਨਾਂ ਦੀ ਲੋੜ ਹੈ.. .. ਸੇਵਾ ਦਾ ਮੌਕਾ ਦੇ ਰਹੇ ਹਾਂ ਬੀਨਾਂ ਭੇਜ ਕੇ ਪੁੰਨ ਕਮਾ ਲਓ.. ਸੋਚੋਗੇ ਕਿ ਅਜੀਬ ਮੰਗ ਹੈ.. ਇਹ ਕਿਹੜਾ ਜੰਗਲ ਦਾ ਇਲਾਕਾ ਜਿਥੇ ਨਾਗ ਆ ਵੜੇ.. ਪਰ ਇਸ ਮੰਗ ਪਿੱਛੇ ਦੀ ਕਹਾਣੀ ਪਹਿਲਾਂ ਸੁਣੋ.. ਆਪੇ ਲੱਖਣ ਲਾ ਲਓਗੇ ਕਿ ਬੀਨਾਂ ਦੀ ਲੋੜ ਆਖਰ ਹੈ ਕਿਉਂ?
ਸਤਿਕਾਰਯੋਗ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਜੀਓ.. ਪਿੰਡ ਪੱਤੜ ਕਲਾਂ ਵਿੱਚ ਵੀ ਓਸ ਕੌਮ ਦੇ ਅੰਸ਼ ਵਸਦੇ ਨੇ, ਜਿਸ ਕੌਮ ਦਾ ਫਖਰ ਹੋਣ ਦਾ ਮਾਣ ਤੁਹਾਨੂੰ ਦਿੱਤਾ ਗਿਆ, ਜਿਹੜੇ ਪੰਥ ਦੇ ਤੁਸੀਂ ਰਤਨ ਹੋਣ ਦਾ ਸਨਮਾਨ ਰੱਖਦੇ ਹੋ.. ਓਸ ਪੰਥ ਦਾ ਅੰਸ਼.. ਭਾਈ ਜੈਤਾ ਜੀ ਦੇ ਵਾਰਸ, ਰੰਗਰੇਟੇ ਗੁਰੂ ਕੇ ਬੇਟੇ ਐਸ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਵਸਦੇ ਨੇ।
ਜਲੰਧਰੋਂ ਕਪੂਰਥਲੇ ਨੂੰ ਜਾਂਦਿਆਂ ਜੇ ਸੱਜੇ ਪਾਸਿਓਂ ਇਸ ਪਿੰਡ ਪੱਤੜ ਕਲਾਂ ਵਿੱਚ ਵੜੀਏ ਤਾਂ ਪੰਜਾਬੀ ਪੇਂਡੂ ਸਮਾਜ ਦਾ ਵਿਹੜਾ.. ਭਾਵ ਦਲਿਤ ਭਾਈਚਾਰੇ ਦੇ ਘਰ ਆਉਂਦੇ ਨੇ.. ਮੁੱਢ ’ਤੇ ਇਕ ਬੈਂਕ ਹੈ, ਤੇ ਬੈਂਕ ਦੇ ਮਗਰਲੇ ਪਾਸੇ, ਸੱਜੇ ਤੇ ਖੱਬੇ ਦਲਿਤਾਂ ਦੇ ਘਰ ਨੇ, ਕਈ ਘਰ ਸੁਹਣੇ ਨੇ, ਪੱਕੇ.. ਕਈ ਦੋ ਮੰਜ਼ਲਾਂ ਵਾਲੇ, ਤੇ ਬਹੁਤੇ ਮਹਾਤੜਾਂ ਦੇ ਗੁਜ਼ਾਰੇ ਜੋਗੇ ਨੇ, ਇਹ ਸਾਰੇ ਘਰ ਤੇ ਇਸ ਬੈਂਕ ਦੇ ਦਰ ਸੀਵਰੇਜ ਦੇ ਗੰਦੇ ਪਾਣੀ ’ਚ ਨੱਕ ਡੋਬੀ ਖੜ੍ਹੇ ਨੇ।
ਇਹਨਾਂ 60-70 ਕੁ ਦਲਿਤ ਘਰਾਂ ਦਾ ਸੀਵਰੇਜ ਦਾ ਪਾਣੀ 4-5 ਸਾਲ ਪਹਿਲਾਂ ਅੰਡਗਰਾੳੂਂਡ ਪਾਈਪਾਂ ਰਾਹੀਂ ਕਪੂਰਥਲਾ ਵੱਲ ਜਾਂਦੇ ਬਰਸਾਤੀ ਨਾਲੇ ਵਿੱਚ ਪੈਂਦਾ ਸੀ ਪਰ ਨਹਿਰੀ ਵਿਭਾਗ ਵਲੋਂ ਨਹਿਰਾਂ ਵਿੱਚ ਗੰਦਾ ਪਾਣੀ ਪੈਣ ’ਤੇ ਲਾਈ ਪਾਬੰਦੀ ਕਾਰਨ ਇਹ ਪਾਈਪਾਂ ਬੰਦ ਕਰ ਦਿੱਤੀਆਂ। ਫੇਰ ਪਿੰਡ ਦੇ ਇਕ ਪ੍ਰਵਾਸੀ ਸਾਬਕਾ ਸਰਪੰਚ ਜੋਗਿੰਦਰ ਸਿੰਘ ਤੂਰ ਨੇ ਪੈਸੇ ਖਰਚ ਕੇ ਦਲਿਤਾਂ ਦੇ ਘਰਾਂ ਦਾ ਗੰਦਾ ਪਾਣੀ ਪੁਲੀਆਂ ਦਬਾ ਕੇ ਖੇਤਾਂ ਦਾ ਪਾਣੀ ਬਾਹਰ ਕੱਢਣ ਲਈ ਬਣੇ ਨਾਲਿਆਂ ਵਿੱਚ ਪੈਣ ਲਾ ਦਿੱਤਾ, 8 ਮਹੀਨੇ ਪਹਿਲਾਂ ਜਿੰਮੀਦਾਰਾਂ ਨੇ ਇਹ ਕਹਿ ਕੇ ਬੰਦ ਕਰਵਾ ਦਿੱਤਾ ਕਿ ਇਹ ਨਾਲੇ ਖੇਤਾਂ ਦਾ ਵਾਧੂ ਬਰਸਾਤੀ ਪਾਣੀ ਕੱਢਣ ਲਈ ਹਨ ਨਾ ਕਿ ਪਿੰਡ ਦਾ ਸੀਵਰੇਜ ਵਾਲਾ ਪਾਣੀ ਕੱਢਣ ਲਈ।
ਪਿੰਡ ਦਾ 6 ਕੁ ਏਕੜ ਵਿੱਚ ਛੱਪੜ ਹੈ, ਪਰ ਉਚ ਜਾਤੀ ਦੇ ਲੋਕ, ਧਨਾਢ ਜ਼ਿਮੀਦਾਰ ਤੇ ਤੁਹਾਡੀ ਪਾਰਟੀ, ਭਾਵ ਅਕਾਲੀ ਦਲ ਬਾਦਲ ਨਾਲ ਸੰਬੰਧਤ ਵੱਡੇ ਲੋਕ ਸਾਫ ਆਖਦੇ ਨੇ ਕਿ ਪਿੰਡ ਦੇ ਮਜ਼ਬੀਆਂ ਦਾ ਪਾਣੀ ਸਾਡੇ ਜੱਟਾਂ ਦੇ ਛੱਪੜ ’ਚ ਕਿਵੇਂ ਪੈ ਜਾਏ..? ਜਦ ਸਾਡੇ ਵੱਡ ਵੱਡੇਰਿਆਂ ਨੇ ਨਹੀਂ ਪੈਣ ਦਿੱਤਾ ਤਾਂ ਅਸੀਂ ਕਿਵੇਂ ਪੈਣ ਦੇਈਏ..?
ਕਦੀ ਕਿਹਾ ਜਾਂਦੈ ਕਿ ਮਜ਼੍ਹਬੀਆਂ ਦੇ ਪਾਣੀ ਨਾਲ ਸਾਡਾ ਛੱਪੜ ਛੇਤੀ ਭਰ ਜਾੳੂ..।
ਹੈਰਾਨੀ ਹੈ ਕਿ ਜਿਥੇ ਪਿੰਡ ਦੇ ਹੋਰ ਸੈਂਕੜੇ ਘਰਾਂ ਦਾ ਸੀਵਰੇਜ ਦਾ ਪਾਣੀ ਛੱਪੜ ਵਿੱਚ ਪੈ ਰਿਹੈ, ਓਥੇ ਇਹਨਾਂ ਰੰਗਰੇਟੇ ਗੁਰੂ ਕੇ ਬੇਟਿਆਂ ਦੇ 60-70 ਕੁ ਘਰਾਂ ਦੇ ਪਾਣੀ ਨਾਲ ਕੀ ਆਫਤ ਆ ਚੱਲੀ ਹੈ..?
ਮਾਮਲਾ ਪੇਂਡੂ ਮਜ਼ਦੂਰ ਯੂਨੀਅਨ ਨੇ ਸਰਕਾਰੇ ਦਰਬਾਰੇ ਪੁਚਾਇਆ, ਪਰ ਲਾਰਿਆਂ ਵਾਲੀ ਗੋਲ਼ੀ ਹਰ ਵਾਰ ਮਿਲਦੀ ਹੈ। ਡੀ ਸੀ ਜਲੰਧਰ ਨੇ ਬੀਤੇ ਦਿਨ ਭਾਵ 10 ਜੂਨ ਨੂੰ ਵੀ ਇਸ ਯੂਨੀਅਨ ਤੇ ਪਿੰਡ ਦੇ ਪੀੜਤ ਪਰਿਵਾਰਾਂ ਨੂੰ ਇਕ ਹਫਤੇ ਵਿੱਚ ਮਸਲੇ ਦਾ ਹੱਲ ਕਰਨ ਦਾ ਭਰੋਸਾ ਦੇ ਕੇ ਟਰਕਾਅ ਦਿੱਤਾ ਹੈ।
ਲੰਘੀ 27 ਮਈ ਨੂੰ ਵੀ ਜਲੰਧਰ ਵਾਲੇ ਪੰਚਾਇਤ ਅਫਸਰ ਨੇ ਪਿੰਡ ਆ ਕੇ ਮੌਕਾ ਦੇਖਣ ਦੀ ਗੱਲ ਆਖੀ ਸੀ, ਪਰ ਨਾ ਟੁਣੀਆ ਦਿਸਿਆ ਨਾ ਟੁਣੀਏ ਦਾ ਪੱਤ..। ਉਲਟਾ ਅਫਸਰ ਦੀ ਉਡੀਕ ਕਰ ਰਹੀਆਂ ਤੇ ਨਾ ਆਉਣ ’ਤੇ ਰੋਸ ਵਿਖਾਵਾ ਕਰ ਰਹੀਆਂ ਪਿੰਡ ਦੀਆਂ ਦਲਿਤ ਔਰਤਾਂ ਨੂੰ ਪਿੰਡ ਦੇ ਸਰਪੰਚ, ਜੋ ਆਪ ਜੀ ਦੀ ਪਾਰਟੀ ਦੇ ਰਾਖਵੇਂ ਕੋਟੇ ਵਾਲੇ ਸਰਪੰਚ ਹਨ, ਸ. ਪਾਲ ਸਿੰਘ ਨੇ ਇਹਨਾਂ ਰੋਸ ਜ਼ਾਹਰ ਕਰ ਰਹੀਆਂ ਬੀਬੀਆਂ ਨੂੰ ਅਪਸ਼ਬਦ ਆਖੇ.. ਕਿਹਾ ਕੁੱਤੀਆਂ ਭੌਂਕਦੀਆਂ ਨੇ ਭੌਂਕ ਕੇ ਚੁੱਪ ਕਰ ਜਾਣਗੀਆਂ..। ਉਂਞ ਸਰਪੰਚ ਸਾਹਿਬ ਨੇ ਦੋਸ਼ ਨਕਾਰੇ ਨੇ ਕਿ ਮੈਂ ਤਾਂ ਅਜਿਹਾ ਕੁਝ ਨਹੀਂ ਕਿਹਾ..।
ਅੱਜ 11 ਜੂਨ 2015 ਨੂੰਸਰਪੰਚ ਸ. ਪਾਲ ਸਿੰਘ ਨਾਲ ਉਹਨਾਂ ਦੇ ਮੋਬਾਇਲ ਫੋਨ 9915226283 ’ਤੇ ਪਾਣੀ ਦੇ ਮਸਲੇ ਦੇ ਹੱਲ ਬਾਰੇ ਗੱਲ ਹੋਈ, ਤਾਂ ਉਹ ਸਾਫ ਆਖ ਗਏ ਕਿ ਜ਼ਿੰਮੀਦਾਰ ਪਾਣੀ ਛੱਪੜ ਵਿੱਚ ਨਹੀਂ ਪੈਣ ਦੇ ਰਹੇ। ਇਕ ਹੋਰ ਪੰਚ ਕੁਲਵਿੰਦਰ ਸਿੰਘ ਨੇ ਆਪ ਫੋਨ ਕਰਕੇ ਕਿਹਾ ਕਿ ਅਸੀਂ ਤਾਂ ਆਪ ਦਲਿਤ ਹਾਂ, ਜ਼ਿੰਮੀਦਾਰ ਸਾਡੀ ਸੁਣਦੇ ਨਹੀਂ.. ਤਾਂ ਮੈਂ ਉਹਨਾਂ ਨੂੰ ਸਲਾਹ ਦਿੱਤੀ ਕਿ ਜੇ ਪਿੰਡ ਦੀ ਪੰਚਾਇਤ ਮਸਲੇ ਦਾ ਹੱਲ ਨਹੀਂ ਕਰ ਸਕਦੀ, ਸਿਰਫ ਇਹ ਦੇਖਦੀ ਹੈ ਕਿ ਉੱਚੀ ਜਾਤ ਦੇ ਅਤੇ ਧਨਾਢ ਲੋਕ ਨਾ ਨਰਾਜ਼ ਹੋ ਜਾਣ, ਤਾਂ ਫੇਰ ਪੰਚਾਇਤ ਅਸਤੀਫਾ ਦੇ ਦੇਵੇ।
ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਜੀਓ.. ਸੌ ਗਜ ਰੱਸਾ ਸਿਰੇ ’ਤੇ ਗੰਢ ਕਿ ਕਈ ਮਹੀਨਿਆਂ ਤੋਂ ਇਹ ਗੰਦੇ ਪਾਣੀ ਦਾ ਮਸਲਾ ਪਾਣੀ ਵਿੱਚ ਮਧਾਣੀ ਵਾਂਗ ਰਿੜਕਿਆ ਜਾ ਰਿਹਾ ਹੈ, ਹੱਲ ਕੋਈ ਦਿਸਦਾ ਨਹੀਂ..
ਸਿੱਟੇ ਵਜੋਂ ਦਲਿਤਾਂ ਦਾ ਸੀਵਰੇਜ ਵਾਲਾ ਪਾਣੀ ਉਹਨਾਂ ਦੇ ਘਰਾਂ ਮੂਹਰੇ ਬਣੀਆਂ ਨਾਲੀਆਂ ਵਿੱਚ ਹੀ ਖੜ੍ਹਾ ਹੈ। ਮੀਂਹ ਪੈਣ ’ਤੇ ਇਹ ਗੰਦਾ ਪਾਣੀ ਨਾਲੀਆਂ ਵਿੱਚੋਂ ਗਲੀਆਂ ਵਿੱਚ ਤੇ ਘਰਾਂ ਵਿੱਚ ਭਰ ਜਾਂਦਾ ਹੈ, ਮੁਸ਼ਕ ਮਾਰਦਾ ਹੈ, ਕੀੜੇ ਮੱਖੀਆਂ ਇਹਨਾਂ ਘਰਾਂ ਦੇ ਜੀਆਂ ਦਾ ਜਿਉਣਾ ਮੁਹਾਲ ਕਰ ਰਹੇ ਨੇ, ਬਿਮਾਰੀਆਂ ਪੱਸਰ ਰਹੀਆਂ ਨੇ। ਘਰਾਂ ਦਾ ਗੰਦਾ ਪਾਣੀ ਅੱਗੇ ਨਿਕਾਸੀ ਨਾ ਹੋਣ ਕਰਕੇ ਵਾਪਸ ਘਰਾਂ ਵਿੱਚ ਹੀ ਮੁੜ ਰਿਹਾ ਹੈ, ਘਰਾਂ ਦੀਆਂ ਸੁਆਣੀਆਂ ਦਾ ਅੱਧਾ ਦਿਨ ਇਹੀ ਗੰਦਾ ਪਾਣੀ ਡੱਬਿਆਂ ਨਾਲ ਨਾਲੀਆਂ ਵਿੱਚੋਂ ਬਾਹਰ ਗਲੀ ਵਿੱਚ ਡੋਲ੍ਹਣ ’ਤੇ ਬੀਤਦਾ ਹੈ।
ਅੱਜ ਦੀ ਘੜੀ ਕੋਈ ਵੀ ਖੁਦ ਜਾ ਕੇ ਵੇਖ ਸਕਦਾ ਹੈ ਕਿ ਇਸ ਖੜ੍ਹੇ ਗੰਦੇ ਪਾਣੀ ਵਿੱਚ 2-2,3-3 ਇੰਚ ਦੇ ਕੀੜੇ ਪਲ ਰਹੇ ਨੇ, ਜੋ ਭੁੜਕ ਭੁੜਕ ਕੇ ਨਾਲੀਆਂ ਵਿੱਚੋਂ ਬਾਹਰ ਗਲੀ ਵਿੱਚ ਤੇ ਘਰਾਂ ਵਿੱਚ ਧਮਾਲਾਂ ਪਾਉਂਦੇ ਪੱਛੜੇ ਹੋਣ ਦਾ ਦਰਦ ਹੰਢਾਅ ਰਹੇ ਇਹਨਾਂ ਪਿੰਡ ਵਾਸੀਆਂ ਦਾ ਨਾ ਸਿਰਫ ਮੂੰਹ ਚਿੜਾ ਰਹੇ ਨੇ, ਬਲਕਿ ਨਿੱਕੇ ਨਿੱਕੇ ਘਰਾਂ ਵਿੱਚ ਦਰਵਾਜ਼ਿਆਂ ਦੇ ਮੁੱਢ ਬਣੇ ਚੁੱਲ੍ਹੇ ਚੌਂਕੇ ਵਿੱਚ ਇਹ ਕੀੜੇ ਆਮ ਹੀ ਤੁਰੇ ਫਿਰਦੇ ਨੇ, ਸਫਾਈ ਕਰਕੇ ਹਟੋ ਫੇਰ ਆ ਧਮਕਦੇ ਨੇ, ਇਥੇ ਨਰਕਾਂ ਵਾਲੀ ਗਲੀ ਵਿੱਚ ਰਹਿੰਦੀ ਇਕ ਮਾਤਾ ਨੇ ਦੱਸਿਆ ਕਿ ਆਟਾ ਬਾਹਰਲੇ ਚੌਂਕੇ ਵਿੱਚ ਰੋਟੀਆਂ ਪਕਾ ਰਹੀ ਸੀ ਕਿ ਅਚਾਨਕ ਨਿਗਾ ਪਈ, ਨਾਲੀ ਦਾ ਗੰਦਾ ਕੀੜਾ ਚੱਪੇ ਜਿੱਡਾ ਆਟੇ ’ਤੇ ਤੁਰਿਆ ਫਿਰੇ.. ਸਾਰੇ ਟੱਬਰ ਨੇ ਓਸ ਦਿਨ ਰੋਟੀ ਨਈਂ ਖਾਧੀ..। ਹੁਣ ਵੀ ਜਦ ਕਦੇ ਚੇਤਾ ਆ ਜਾਂਦੈ, ਤਾਂ ਬੁਰਕੀ ਸੰਘੋਂ ਬਾਹਰ ਨੂੰ ਨਿਕਲਦੀ ਐ..। ਜਿਥੇ ਭਾਂਡੇ ਧੋਂਦੇ ਹਾਂ ਓਥੇ ਵੀ ਕੀੜੇ ਤੁਰੇ ਫਿਰਦੇ ਨੇ, ਨਾਲੀਆਂ ਵਿੱਚੋਂ ਵਾਪਸ ਮੁੜ ਰਹੇ ਗੰਦੇ ਪਾਣੀ ਨਾਲ ਹੀ ਮੁੜ ਆਉਂਦੇ ਨੇ। ਇਹਨਾਂ ਨਾਲੀਆਂ ਵਿੱਚ ਹੀ ਪੀਣ ਵਾਲੇ ਪਾਣੀ ਦੀ ਸਪਲਾਈ ਵਾਲੀਆਂ ਪਾਈਪਾਂ ਡੁੱਬੀਆਂ ਪਈਆਂ ਨੇ, ਸਪੱਸ਼ਟ ਹੈ ਕਿ ਗੰਦਾ ਪਾਣੀ ਵਿੱਚੇ ਰਲਦਾ ਹੋੳੂ।
ਬਾਥਰੂਮ, ਟਾਇਲਟ ਜਿਹੜੇ ਘਰਾਂ ਵਿੱਚ ਬਣੇ ਹੋਏ ਨੇ, ਓਥੇ ਵੀ ਕੀੜੇ ਹੀ ਕੀੜੇ ਤੁਰੇ ਫਿਰਦੇ ਨੇ, ਨਿੱਕੇ ਨਿਆਣੇ ਡਰਦੇ ਬਾਥਰੂਮ ਵਿੱਚ ਨਹੀਂ ਵੜਦੇ, ਟਾਇਲਟ ਲਈ ਘਰੋਂ ਬਾਹਰ ਦੌੜਦੇ ਨੇ, ਉਹਨਾਂ ਨੂੰ ਕੀੜਿਆਂ ਤੋਂ ਡਰ ਲੱਗਦੈ..। ਖਤਰਨਾਕ ਜ਼ਹਿਰਾਂ ਛਿੜਕ ਕੇ ਵੇਖ ਲਈਆਂ ਪਰ ਇਹਨਾਂ ਕੀੜਿਆਂ ਦਾ ਕੁਨਬਾ ਮੁੱਕਣ ’ਚ ਈ ਨਹੀਂ ਆਉਂਦਾ।
ਮੁਸ਼ਕ ਰੋਕਣ ਲਈ ਨੱਕ ਬੰਨ੍ਹ ਲੈਣਗੇ ਇਹ ਲੋਕ, ਪਰ ਵੱਡੇ ਵੱਡੇ ਸੁੰਡਾਂ-ਕੀੜਿਆਂ ਦਾ ਇਹ ਲੋਕ ਕੀ ਕਰਨ, ਐਸੇ ਕਰਕੇ ਈ ਬੀਨਾਂ ਮੰਗਵਾਈਆਂ ਨੇ, ਸ਼ਾਇਦ ਇਹ ਵੀ ਕਿਸੇ ਬੀਨ ਨਾਲ ਕੀਲੇ ਜਾ ਸਕਣ..।
ਸਤਿਕਾਰਯੋਗ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਜੀਓ. . ਹੈਰਾਨੀ ਹੈ ਕਿ ਆਪ ਜੀ ਦੀ ਸਰਕਾਰ ਦੇ ਸਾਰੇ ਹੀ ਅਕਾਲੀ ਮੰਤਰੀ ਸਮੇਤ ਤੁਹਾਡੇ, ਭਾਈ ਜੈਤਾ ਜੀ ਦੇ ਪੁਰਬ ਮੌਕੇ ਵੱਡੇ ਵੱਡੇ ਬਿਆਨ ਜਾਰੀ ਕਰਦੇ ਹੋਏ ਇਹਨਾਂ ਦੇ ਪਾਏ ਪੂਰਨਿਆਂ ’ਤੇ ਚੱਲਣ ਦਾ ਅਹਿਦ ਕਰਦੇ-ਕਰਵਾਉਂਦੇ ਨੇ.. ਪਰ ਇਹਨਾਂ ਦੇ ਵਾਰਸਾਂ ਦੀ ਜ਼ਮੀਨੀ ਹਾਲਤ ਵੱਲ ਕਦੇ ਕਿਸੇ ਨੇ ਟੀਰੀ ਅੱਖ ਨਾਲ ਵੀ ਵੇਖਣ ਦੀ ਲੋੜ ਨਹੀਂ ਸਮਝੀ।
ਇਹ ਤਾਂ ਆਪ ਜੀ ਕਹਿ ਨਹੀਂ ਸਕਦੇ ਕਿ ਇਸ ਪੱਤੜ ਕਲਾਂ ਵਾਲੇ ਮਸਲੇ ਦਾ ਸਾਨੂੰ ਪਤਾ ਨਹੀਂ, ਕਿਉਂਕਿ ਆਪ ਜੀ ਕਈ ਵਾਰ ਫਰਮਾਅ ਚੁੱਕੇ ਹੋ ਕੇ ਮੈਨੂੰ ਤਾਂ ਪੰਜਾਬ ਵਿੱਚ ਤੁਰੀ ਜਾਂਦੀ ਕੀੜੀ ਵੀ ਦਿਸਦੀ ਹੈ। ਜੇ ਕੀੜੀ ਦਿਸਦੀ ਹੈ ਤਾਂ ਪੱਤੜ ਕਲਾਂ ਵਿੱਚ ਵਸਦੇ ਰੰਗਰੇਟੇ ਗੁਰੂ ਕੇ ਬੇਟਿਆਂ ਦੇ ਘਰਾਂ ਵਿੱਚ ਨਰਕ ਫੈਲਾਅ ਰਹੇ ਇਹ ਵੱਡੇ ਵੱਡੇ ਸੁੰਡ .. ਕੀੜੇ ਕਿਉਂ ਨਹੀਂ ਦਿਸੇ..?DSC_0033
ਹਾਲ ਹੀ ਵਿੱਚ ਆਪ ਜੀ ਨੂੰ ਇਕ ਹੋਰ ਸਨਮਾਨ ਮਿਲਿਆ ਹੈ, ਰਕਮ ਵੀ ਮਿਲੀ ਹੈ, ਆਪ ਜੀ ਨੇ ਉਹ ਰਕਮ ਸਮਾਜ ਭਲਾਈ ਦੇ ਕਾਰਜਾਂ ਵਿੱਚ ਖਰਚਣ ਲਈ ਕਿਹਾ ਹੈ, ਿਪਾ ਕਰੋ ਜੀ.. ਓਸ ਰਕਮ ਵਿੱਚੋਂ ਕੁਝ ਹਿੱਸਾ ਖਰਚ ਕੇ ਇਸ ਪਿੰਡ ਪੱਤੜ ਕਲਾਂ ਦੇ ਦਲਿਤਾਂ ਲਈ ਬੀਨਾਂ ਮੰਗਵਾ ਦਿਓ..ਬੀਨਾਂ ਵਜਾਉਣ ਦਾ ਵੱਲ ਪੀੜਤਾਂ ਨੂੰ ਆਉਂਦੈ.. ਐਨੇ ਚਿਰਾਂ ਤੋਂ ਮੱਝ ਮੂਹਰੇ ਬੀਨ ਵਜਾਉਣ ਦਾ ਕਾਰਜ ਹੀ ਤਾਂ ਕਰ ਰਹੇ ਨੇ, ਸੀਵਰੇਜ ਦੇ ਪਾਣੀ ਵਿੱਚ ਪਲ ਰਹੇ ਕੀੜੇ ਕੀਲਣ ਦਾ ਕਾਰਜ ਵੀ ਆਪੇ ਕਰ ਲੈਣਗੇ।
ਸੇਵਾ ਦਾ ਇਹ ਕਾਰਜ ਵੀ ਤੁਹਾਡੇ ਰਾਜ ਭਾਗ ਦੇ ਇਤਿਹਾਸ ਵਿੱਚ ਦਰਜ ਹੋਵੇਗਾ।
ਤੇ ਭਾਈ ਜੈਤਾ ਜੀ ਦੇ ਵਾਰਸ ਆਪ ਜੀ ਦੇ ਕੋਟਿ ਕੋਟਿ ਧੰਨਵਾਦੀ ਹੋਣਗੇ..।
ਜੁਆਬ ਦੀ ਉਡੀਕ ਵਿੱਚ
ਆਪ ਜੀ ਦੀ ਸ਼ੁਭਚਿੰਤਕ
ਅਮਨਦੀਪ ਹਾਂਸ

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone