Last UPDATE: August 28, 2014 at 4:32 pm

ਫਰੀਦਕੋਟ ਪੁਲੀਸ ਮੁਖੀ ਹਾਈ ਕੋਰਟ ਵਿੱਚ ਤਲਬ

ਜਸਵੰਤ ਜੱਸ
ਫ਼ਰੀਦਕੋਟ, 28 ਅਗਸਤ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫ਼ਰੀਦਕੋਟ ਸ਼ਹਿਰ ਵਿੱਚੋਂ ਅਗਵਾ ਹੋਏ ਨੌਜਵਾਨਾਂ ਦੇ ਮਾਮਲੇ ਵਿੱਚ ਪੁਲੀਸ ਦੀ ਭੂਮਿਕਾ ‘ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਜੇਕਰ 15 ਸਤੰਬਰ ਨੂੰ ਐਸ.ਐਸ.ਪੀ. ਫਰੀਦਕੋਟ ਨਿੱਜੀ ਤੌਰ ‘ਤੇ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ ਤਾਂ ਇਸ ਦਾ ਜਵਾਬ ਪੰਜਾਬ ਦੇ ਡੀ.ਜੀ.ਪੀ. ਨੂੰ ਦੇਣਾ ਪਵੇਗਾ।
ਮਾਣਯੋਗ ਜਸਟਿਸ ਪਰਮਜੀਤ ਸਿੰਘ ਨੇ ਰਿੱਟ ਨੰਬਰ 22325 ‘ਤੇ ਸੁਣਵਾਈ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਜੇਕਰ ਜ਼ਿਲ੍ਹਾ ਪੁਲੀਸ ਮੁਖੀ 15 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ ਤਾਂ ਇਸ ਮਾਮਲੇ ਵਿੱਚ ਜਵਾਬ ਦੇਣ ਲਈ ਡੀ.ਜੀ.ਪੀ. ਨੂੰ ਅਦਾਲਤ ਵਿੱਚ ਤਲਬ ਕੀਤਾ ਜਾਵੇਗਾ। ਅਦਾਲਤ ਨੇ ਇਸ ਮਾਮਲੇ ਵਿੱਚ ਅਗਵਾ ਕਾਂਡ ਮਾਮਲੇ ਦੀ ਪੜਤਾਲ ਕਰ ਰਹੇ ਡੀ.ਐਸ.ਪੀ. ਹਰਿੰਦਰਪਾਲ ਸਿੰਘ ਪਰਮਾਰ ਨੂੰ ਸਮੁੱਚੀ ਘਟਨਾ ਤੇ ਉਸ ਦੀ ਪ੍ਰਗਤੀ ਬਾਰੇ ਹਲਫ਼ੀਆ ਬਿਆਨ ਦੇਣ ਨੂੰ ਕਿਹਾ ਸੀ ਪ੍ਰੰਤੂ 26 ਅਗਸਤ ਨੂੰ ਅਦਾਲਤ ਵਿੱਚ ਸੁਣਵਾਈ ਦੌਰਾਨ ਕੋਈ ਵੀ ਉੱਚ ਪੁਲੀਸ ਅਧਿਕਾਰੀ ਹਾਜ਼ਰ ਨਹੀਂ ਹੋਇਆ।
ਪੁਲੀਸ ਅਧਿਕਾਰੀਆਂ ਵੱਲੋਂ ਦਿੱਤੇ ਗਏ ਬਿਆਨ ਮੁਤਾਬਕ ਅਗਵਾ ਹੋਏ ਨੌਜਵਾਨ ਮਨੋਜ ਕਪੂਰ ਤੇ ਬਾਕੀ ਨੌਜਵਾਨਾਂ ਬਾਰੇ ਪੁਲੀਸ ਚਾਰ ਮਹੀਨਿਆਂ ਬਾਅਦ ਵੀ ਕੋਈ ਸੁਰਾਗ ਨਹੀਂ ਲੱਭ ਸਕੀ ਹੈ। ਹਾਈ ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲੀਸ ਨੂੰ ਆਦੇਸ਼ ਦਿੱਤੇ ਹਨ ਕਿ ਅਗਵਾ ਹੋਏ ਨੌਜਵਾਨਾਂ ਨੂੰ ਲੱਭਣ ਲਈ ਹਰ ਹਾਲ ‘ਚ ਲੋੜੀਂਦੇ ਕਦਮ ਚੁੱਕੇ ਜਾਣ ਅਤੇ ਸਮੁੱਚੀ ਘਟਨਾ ਸਬੰਧੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੁਲੀਸ ਮੁਖੀ 15 ਸਤੰਬਰ ਨੂੰ ਖੁਦ ਅਦਾਲਤ ਵਿੱਚ ਹਾਜ਼ਰ ਹੋਣ।
ਜ਼ਿਕਰਯੋਗ ਹੈ ਕਿ ਅਗਵਾ ਹੋਏ ਨੌਜਵਾਨ ਮਨੋਜ ਕਪੂਰ ਦੀ ਭੈਣ ਨੀਤੂ ਕਪੂਰ ਨੇ ਆਪਣੇ ਵਕੀਲ ਅਚੁਨ ਗੁਪਤਾ ਰਾਹੀਂ ਹਾਈਕੋਰਟ ਵਿੱਚ ਰਿੱਟ ਦਾਇਰ ਕਰਕੇ ਦੋਸ਼ ਲਾਇਆ ਹੈ ਕਿ ਜ਼ਿਲ੍ਹਾ ਪੁਲੀਸ ਅਗਵਾ ਕਾਂਡ ਦੇ ਮੁਲਜ਼ਮਾਂ ਨੂੰ ਫੜਣ ਲਈ ਬਿਲਕੁਲ ਗੰਭੀਰ ਨਹੀਂ ਹੈ। ਰਿੱਟ ਅਨੁਸਾਰ ਸਮੁੱਚੀ ਘਟਨਾ ਦੀ ਪੁਲੀਸ ਨੂੰ ਸਮੇਂ ਸਿਰ ਜਾਣਕਾਰੀ ਦੇ ਦਿੱਤੀ ਗਈ ਸੀ ਪ੍ਰੰਤੂ ਪੁਲੀਸ ਨੇ ਸਮਾਂ ਰਹਿੰਦਿਆਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ, ਜਿਸ ਕਰਕੇ ਸਮੁੱਚਾ ਮਾਮਲਾ ਉਲਝ ਗਿਆ ਹੈ।
ਪੀੜਤ ਪਰਿਵਾਰ ਪਿਛਲੇ ਤਿੰਨ ਮਹੀਨਿਆਂ ਤੋਂ ਸਿਟੀ ਥਾਣੇ ਅੱਗੇ ਧਰਨੇ ‘ਤੇ ਬੈਠਾ ਹੈ। ਅਗਵਾ ਕਾਂਡ ਵਿੱਚ ਪੁਲੀਸ ਦੀ ਭੂਮਿਕਾ ਖ਼ਿਲਾਫ਼ 12 ਜੁਲਾਈ ਨੂੰ ਫ਼ਰੀਦਕੋਟ ਸ਼ਹਿਰ ਮੁਕੰਮਲ ਤੌਰ ‘ਤੇ  ਬੰਦ ਹੋ ਚੁੱਕਾ ਹੈ। ਹੁਣ ਪੀੜਤ ਪਰਿਵਾਰ ਤੇ ਅਗਵਾ ਕਾਂਡ ਵਿਰੋਧੀ ਐਕਸ਼ਨ ਕਮੇਟੀ ਨੇ ਪੁਲੀਸ ਦੀ ਕਾਰਗੁਜ਼ਾਰੀ ਖ਼ਿਲਾਫ਼ 12 ਸਤੰਬਰ ਨੂੰ ਪੂਰਾ ਫ਼ਰੀਦਕੋਟ ਜ਼ਿਲ੍ਹਾ ਬੰਦ ਰੱਖਣ ਦਾ ਐਲਾਨ ਕੀਤਾ ਹੈ।

Widgetized Section

Go to Admin » appearance » Widgets » and move a widget into Advertise Widget Zone