ਪਿਆਜ਼ਾਂ ਸਮੇਤ ਜੀਪ ਲੁੱਟੀ, ਡਰਾਈਵਰ ਤੇ ਮਾਲਕ ਕੁੱਟੇ

ਲੁਟੇਰਿਆਂ ਵੱਲੋਂ ਜ਼ਖ਼ਮੀ ਡਰਾਈਵਰ ਅਮਿਤ ਕੁਮਾਰ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਾ ਹੋਇਆ।

ਗੁਰਦੀਪ ਸਿੰਘ ਟੱਕਰ    
ਮਾਛੀਵਾੜਾ, 29 ਅਗਸਤ
ਸਮਰਾਲਾ ਰੋਡ ਸਥਿਤ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਨੇੜੇ ਮੋਟਰਸਾਈਕਲਾਂ ’ਤੇ ਸਵਾਰ ਕਰੀਬ 8-10 ਲੁਟੇਰੇ ਹਰਿਆਣਾ ਦੇ ਕਿਸਾਨ ਜੈ ਸਿੰਘ ਦੀ ਪਿਆਜ਼ਾਂ ਨਾਲ ਭਰੀ ਜੀਪ ਖੋਹ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਡਰਾਈਵਰ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਦਰੱਖ਼ਤ ਨਾਲ ਬੰਨ੍ਹ ਦਿੱਤਾ ਅਤੇ ਕਿਸਾਨ ਨੂੰ ਜਾਂਦੇ ਹੋਏ ਸੜਕ ’ਤੇ ਸੁੱਟ ਗਏ।
ਮਾਛੀਵਾੜਾ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਸਾਨ ਜੈ ਸਿੰਘ ਨੇ ਦੱਸਿਆ ਕਿ ਉਹ ਪਟਿਆਲਾ ਦੇ ਕੋਲਡ ਸਟੋਰ ਵਿਚੋਂ ਪਿਆਜ਼ ਦੀਆਂ ਬੋਰੀਆਂ ਨੂੰ ਪਿਕਅੱਪ ਜੀਪ ਐਚਆਰ 37 ਡੀ-1693 ਨੂੰ ਕਿਰਾਏ ’ਤੇ ਲੈ ਕੇ ਜਲੰਧਰ ਵੇਚਣ ਜਾ ਰਿਹਾ ਸੀ ਕਿ ਕਰੀਬ ਰਾਤ 12 ਵਜੇ ਮਾਛੀਵਾੜਾ ਨੇੜੇ ਮੋਟਰਸਾਈਕਲਾਂ ’ਤੇ ਸਵਾਰ 8-10 ਲੁਟੇਰਿਆਂ ਨੇ ਉਨ੍ਹਾਂ ਦੀ ਜੀਪ ਨੂੰ ਘੇਰ ਲਿਆ। ਤਿੰਨ ਲੁਟੇਰੇ ਜੀਪ ਵਿੱਚ ਸਵਾਰ ਹੋ ਗਏ, ਜਿਨ੍ਹਾਂ ਨੇ ਡਰਾਇਵਰ ਅਮਿਤ ਕੁਮਾਰ ਨੂੰ ਅਗਵਾ ਕਰ ਲਿਆ ਤੇ ਕਿਸਾਨ ਜੈ ਸਿੰਘ ਦੀ ਕੁੱਟਮਾਰ ਕਰਕੇ ਸੜਕ ’ਤੇ ਸੁੱਟ ਗਏ। ਲੁਟੇਰਿਆਂ ਨੇ ਜੀਪ ਨੂੰ ਸਰਹਿੰਦ ਨਹਿਰ ਨੇੜੇ ਪਿੰਡ ਜਲਾਹ ਮਾਜਰਾ ਨੇੜੇ ਰੋਕ ਲਿਆ ਤੇ ਉਥੇ ਜੀਪ ਵਿੱਚ ਲੱਦੀਆਂ ਪਿਆਜ਼ ਦੀਆਂ ਕਰੀਬ 60 ਕੱਟਿਆਂ ਵਿਚੋਂ 35 ਕੱਟੇ ਸੜਕ ’ਤੇ ਸੁੱਟ ਦਿੱਤੇ ਤੇ ਜੀਪ ਲੈ ਕੇ ਫਰਾਰ ਹੋ ਗਏ। ਕਰੀਬ ਅੱਧੇ ਘੰਟੇ ਬਾਅਦ ਡਰਾਈਵਰ ਦੇ ਬੰਨ੍ਹੇ ਹੱਥ ਕੁਝ ਢਿੱਲੇ ਪਏ ਤਾਂ ਉਸ ਨੇ ਤੁਰੰਤ ਜਾ ਕੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ।
ਜੀਪ ਖੋਹ ਦੀ ਘਟਨਾ ਪਤਾ ਲੱਗਣ ’ਤੇ ਪੁਲੀਸ ਜਿਲ੍ਹਾ ਖੰਨਾ ਦੇ ਐਸਐਸਪੀ ਹਰਸ਼ ਬਾਂਸਲ ਮਾਛੀਵਾੜਾ ਥਾਣਾ ਪੁੱਜੇ ਤੇ ਸਾਰੇ ਜ਼ਿਲ੍ਹੇ ਵਿੱਚ ਅਲਰਟ ਕਰ ਦਿੱਤਾ ਗਿਆ। ਪੁਲੀਸ ਨੇ ਪਰਚਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਮੁਫ਼ਤ ਦੇ ਪਿਆਜ਼ ਚੁੱਕਣੇ ਮਹਿੰਗੇ ਪਏ

ਲੁਟੇਰਿਆਂ ਨੇ ਜੀਪ ਖੋਹਣ ਤੋਂ ਬਾਅਦ ਸੜਕ ’ਤੇ ਸੁੱਟੇ ਪਿਆਜ਼ ਦੇ 35 ਕੱਟੇ ਕੁਝ ਵਿਅਕਤੀਆਂ ਮੁਫ਼ਤ ਚੁੱਕਣੇ ਮਹਿੰਗੇ ਪੈ ਗਏ। ਜਦੋਂ ਪੁਲੀਸ ਉਥੇ ਪੁੱਜੀ ਤਾਂ ਕੁਝ ਵਿਅਕਤੀ ਸੜਕ ਤੋਂ ਪਿਆਜ਼ ਚੁੱਕ ਰਹੇ ਸਨ, ਜਿਨ੍ਹਾਂ ਨੂੰ ਫੜ ਕੇ ਪੁਲੀਸ ਨੇ ਥਾਣੇ ਡੱਕ ਦਿੱਤਾ। ਪਿਆਜ਼ ਚੁੱਕਣ ਵਾਲੇ ਵਿਅਕਤੀਆਂ ਨੇ ਪੁਲੀਸ ਨੂੰ  ਵਾਸਤਾ ਵੀ ਪਾਇਆ ਕਿ ਉਹ ਤਾਂ ਸੜਕ ’ਤੇ ਕਿਸੇ ਦੀਆਂ ਪਿਆਜ਼ ਦੀਆਂ ਬੋਰੀਆਂ ਡਿੱਗੀਆਂ ਦੇਖ ਚੁੱਕ ਰਹੇ ਸਨ ਪਰ ਪੁਲੀਸ ਨੇ ਕਿਸੇ ਦੀ ਨਾ ਸੁਣੀ। ਥਾਣੇ ਲਿਆ ਕੇ ਇਨ੍ਹਾਂ ਵਿਅਕਤੀਆਂ ਦੀ ਜੀਪ ਦੇ ਡਰਾਇਵਰ ਅਮਿਤ ਕੁਮਾਰ ਤੋਂ ਪਛਾਣ ਕਰਵਾਈ ਗਈ।

Widgetized Section

Go to Admin » appearance » Widgets » and move a widget into Advertise Widget Zone