ਪਾਕਿ ਵੱਲੋਂ ਜੰਮੂ ਸਰਹੱਦ ’ਤੇ ਭਾਰੀ ਗੋਲਾਬਾਰੀ; ਦੋ ਹਲਾਕ, 6 ਜ਼ਖ਼ਮੀ

ਆਰਐਸ ਪੁਰਾ ਸੈਕਟਰ ਦੇ ਪਿੰਡ ਜਿਓੜਾ ਵਿੱਚ ਪਾਕਿਸਤਾਨੀ ਫਾਇਰਿੰਗ ਨਾਲ ਮਾਰੇ ਗਏ ਵਿਅਕਤੀਆਂ ਦੇ ਸਕੇ-ਸਬੰਧੀ ਵਿਰਲਾਪ ਕਰਦੇ ਹੋਏ।

ਆਰਐਸ ਪੁਰਾ ਸੈਕਟਰ ਦੇ ਪਿੰਡ ਜਿਓੜਾ ਵਿੱਚ ਪਾਕਿਸਤਾਨੀ ਫਾਇਰਿੰਗ ਨਾਲ ਮਾਰੇ ਗਏ ਵਿਅਕਤੀਆਂ ਦੇ ਸਕੇ-ਸਬੰਧੀ ਵਿਰਲਾਪ ਕਰਦੇ ਹੋਏ।

ਜੰਮੂ, 23 ਅਗਸਤ : ਪਾਕਿਸਤਾਨ ਨੇ ਜੰਮੂ ਸੈਕਟਰ ’ਚ ਕੌਮਾਂਤਰੀ ਸਰਹੱਦ ’ਤੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਤੇਜ਼ ਕਰ ਦਿੱਤੀ ਹੈ। ਪਾਕਿਸਤਾਨੀ ਸੁਰੱਖਿਆ ਬਲਾਂ ਨੇ 22 ਭਾਰਤੀ ਚੌਕੀਆਂ ਅਤੇ 13 ਪਿੰਡਾਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਦੀ ਇਸ ਨਾਪਾਕ ਹਰਕਤ ਨਾਲ ਦੋ ਆਮ ਨਾਗਰਿਕ ਮਾਰੇ ਗਏ ਅਤੇ ਬੀਐਸਐਫ ਦੇ ਇਕ ਜਵਾਨ ਸਮੇਤ ਛੇ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਗੋਲਾਬਾਰੀ ਤੋਂ ਬਾਅਦ ਭਾਰਤੀ ਜਵਾਨਾਂ ਵੱਲੋਂ ਮੂੰਹ ਤੋੜ ਜਵਾਬ ਦੇਣ ਨਾਲ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਸਿਆਲਕੋਟ ਨੇੜੇ 60 ਸਾਲਾਂ ਦਾ ਇਕ ਵਿਅਕਤੀ ਅਤੇ ਇਕ ਮਹਿਲਾ ਹਲਾਕ ਹੋ ਗਏ ਹਨ। ਭਾਰਤੀ ਬਲਾਂ ਵੱਲੋਂ ਢੁੱਕਵਾਂ ਜਵਾਬ ਦੇਣ ’ਤੇ ਹੁਣ ਪਾਕਿਸਤਾਨ ਨੇ ਫੌਜੀ ਕਾਰਵਾਈਆਂ ਬਾਰੇ ਡਾਇਰੈਕਟਰ ਜਨਰਲਾਂ (ਡੀਜੀਐਮਓ) ਦੀ ਮੀਟਿੰਗ ਸੱਦ ਲਈ ਕਿਹਾ ਹੈ।

ਪਾਕਿਸਤਾਨ ਵੱਲੋਂ ਅਰਨੀਆ, ਆਰਐਸਪੁਰਾ ਅਤੇ ਪੁਣਛ ਦੇ ਹਮੀਰਪੁਰ ਸਬ ਸੈਕਟਰ ਨੂੰ ਨਿਸ਼ਾਨਾ ਬਣਾ ਕੇ ਅੱਧੀ ਰਾਤ ਤੋਂ ਭਾਰੀ ਗੋਲਾਬਾਰੀ ਕੀਤੀ ਗਈ।  ਸਰਹੱਦੀ ਪਿੰਡਾਂ ’ਚ ਰਹਿ ਰਹੇ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਨੂੰ ਹੰਗਾਮੀ ਹਾਲਾਤ ’ਚ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਜੰਮੂ ਦੇ ਪੱਲਾਂਵਾਲਾ ਸੈਕਟਰ ’ਚ ਪੀਓਕੇ ਤੋਂ ਕੰਟਰੋਲ ਰੇਖਾ ’ਤੇ ਚਲਦਾ ਪੋਸਟ ਕੋਲ ਸੁਰੰਗ ਮਿਲਣ ਬਾਅਦ ਭਾਰੀ ਗੋਲਾਬਾਰੀ ਕੀਤੀ ਗਈ।
ਬੀਐਸਐਫ ਦੇ ਇਕ ਸੀਨੀਅਰ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਬੀਐਸਐਫ ਜਵਾਨਾਂ ਨੇ ਵੀ ਵੱਡੇ ਹਥਿਆਰਾਂ ਨਾਲ ਪਾਕਿਸਤਾਨੀ ਗੋਲੀਬਾਰੀ ਦਾ ਮੋੜਵਾਂ ਜਵਾਬ ਦਿੱਤਾ ਅਤੇ ਇਹ ਫਾਇਰਿੰਗ ਸਵੇਰੇ 7 ਵਜੇ ਤੱਕ ਹੁੰਦੀ ਰਹੀ।
ਆਰਐਸਪੁਰਾ ਦੇ ਸਬ ਡਿਵੀਜ਼ਨਲ ਪੁਲੀਸ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਜੋਰਾ ਫਾਰਮ ’ਚ ਪਾਕਿਸਤਾਨ ਵੱਲੋਂ ਦਾਗ਼ਿਆ ਗੋਲਾ ਇਕ ਘਰ ’ਤੇ ਡਿੱਗਣ ਨਾਲ ਅਕਰਮ ਹੁਸੈਨ ਅਤੇ ਉਸ ਦਾ ਪੁੱਤਰ ਅਸਲਮ ਮਾਰੇ ਗਏ ਜਦਕਿ ਤਿੰਨ ਹੋਰ ਪਰਿਵਾਰਕ ਮੈਂਬਰ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਜੰਮੂ ਸਰਹੱਦ ’ਤੇ ਪਾਕਿਸਤਾਨੀ ਰੇਂਜਰਾਂ ਵੱਲੋਂ ਇਸ ਸਾਲ ਕੀਤੀ ਗਈ ਇਹ ਸਭ ਤੋਂ ਭਾਰੀ ਗੋਲਾਬਾਰੀ ਹੈ। ਪਾਕਿਸਤਾਨੀ ਰੇਂਜਰਾਂ ਨੇ 82 ਐਮਐਮ ਦੇ ਗੋਲਿਆਂ ਨਾਲ 13 ਸਰਹੱਦੀ ਪਿੰਡਾਂ ਨੂੰ ਨਿਸ਼ਾਨਾ ਬਣਾਇਆ।
ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਬੀਐਸਐਫ ਦੇ ਜਵਾਨ ਸਮੇਤ ਛੇ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਪੰਜ ਘਰਾਂ ਨੂੰ ਨੁਕਸਾਨ ਪਹੁੰਚਿਆ। ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਅਤੇ ਰਾਹਤ ਕਾਰਜ ਚਲਾਉਣ ਵਾਲੇ ਦਵਿੰਦਰ ਸਿੰਘ ਨੇ ਦੱਸਿਆ ਕਿ ਸੀਆ, ਜੋਰਾ ਫਾਰਮ, ਟਰੇਵਾ,    ਸਿਕੋਵਾਲ, ਪਿੱਤਲ, ਪਿੰਡੀ, ਟਾਪ-2, ਗਾਰੀ, ਗੜਾਨਾ, ਅਬਦੁੱਲੀਆ, ਕੋਰੋਟਾਨਾ, ਕੋਰੋਟਾਨਾ ਖੁਰਦ ਅਤੇ ਵਿਧੀਪੁਰ ਜੱਟਾਂ ’ਚ ਭਾਰੀ ਗੋਲੀਬਾਰੀ ਕੀਤੀ ਗਈ ਹੈ। ਜ਼ਖ਼ਮੀਆਂ ’ਚ ਕੋਰੋਟਾਨਾ ਖੁਰਦ ਦਾ ਅਜੇ ਚੌਧਰੀ ਅਤੇ ਵਿਧੀਪੁਰ ਜੱਟਾਂ ਦੀ ਰਾਣੀ ਦੇਵੀ ਸ਼ਾਮਲ ਹਨ।
ਜੰਮੂ ਜ਼ੋਨ ਦੇ ਡਿਵੀਜ਼ਨ ਕਮਿਸ਼ਨਰ ਸ਼ਾਂਤ ਮਨੂ ਨੇ ਦੱਸਿਆ ਕਿ ਸੱਤ-ਅੱਠ ਪਿੰਡਾਂ ਦੇ ਤਿੰਨ ਹਜ਼ਾਰ ਲੋਕਾਂ ਨੂੰ ਪਾਕਿਸਤਾਨ ਦੀ ਗੋਲਾਬਾਰੀ ਤੋਂ ਬਚਾਉਣ ਲਈ ਬਾਸਪੁਰ ਬੰਗਲੇ ’ਚ ਸਰਕਾਰੀ ਹਾਈ ਸਕੂਲ ਰੰਗਪੁਰ ਅਤੇ ਸਰਕਾਰੀ ਆਈਟੀਆਈ, ਆਰਐਸਪੁਰਾ ’ਚ ਠਹਿਰਾਇਆ ਗਿਆ ਹੈ।
ਉਧਰ ਪਾਕਿਸਤਾਨੀ ਰੱਖਿਆ ਸੂਤਰਾਂ ਨੇ ਅੱਜ ਦਾਅਵਾ ਕੀਤਾ ਕਿ ਸਿਆਲਕੋਟ ਨੇੜੇ ਭਾਰਤੀ ਜਵਾਨਾਂ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਇਕ ਮਹਿਲਾ ਅਤੇ 60 ਸਾਲਾਂ ਦੇ ਬਜ਼ੁਰਗ ਦੀ ਮੌਤ ਹੋ ਗਈ ਹੈ। ਸਰਹੱਦ ’ਤੇ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਵਾਰ-ਵਾਰ ਉਲੰਘਣਾ ਤੋਂ ਬਾਅਦ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਭਾਰਤੀ ਸੁਰੱਖਿਆ ਬਲ ਗੋਲੀਬਾਰੀ ਦਾ ਮੋੜਵਾਂ ਜਵਾਬ ਦੇ ਰਹੇ ਹਨ। ਵਿਸ਼ਾਖਾਪਟਨਮ ’ਚ ਉਨ੍ਹਾਂ  ਕਿਹਾ ਕਿ ਫੌਜ ਅਤੇ ਬੀਐਸਐਫ ਦੇ ਜਵਾਨ ਸਰਹੱਦ ’ਤੇ ਪੂਰੀ ਤਰ੍ਹਾਂ ਚੌਕਸ ਹਨ।

ਇਸਲਾਮਾਬਾਦ ’ਚ ਅੱਜ ਪਾਕਿਸਤਾਨ ਦੇ ਕੌਮੀ ਸੁਰੱਖਿਆ ਅਤੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਕਿ ਦੋਵੇਂ ਮੁਲਕਾਂ ਦੇ ਫੌਜੀ ਕਾਰਵਾਈਆਂ ਬਾਰੇ ਡਾਇਰੈਕਟ ਜਨਰਲਾਂ (ਡੀਜੀਐਮਓ) ਦੀ ਮੀਟਿੰਗ ਸੱਦ ਕੇ ਸਰਹੱਦ ’ਤੇ ਹੋ ਰਹੀ ਗੋਲਾਬਾਰੀ ਰੋਕਣ ਲਈ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੀਐਸਐਫ ਵੱਲੋਂ ਬਿਨਾਂ ਭੜਕਾਹਟ ਦੇ ਸਰਹੱਦ ’ਤੇ ਪਾਕਿਸਤਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸ੍ਰੀ ਅਜੀਜ਼ ਨੇ ਕਿਹਾ ਕਿ ਸੁਰੰਗ ਰਾਹੀਂ ਭਾਰਤ ’ਚ ਦਹਿਸ਼ਤਗਰਦ ਭੇਜਣ ਦੇ ਜੇਕਰ ਭਾਰਤ ਕੋਲ ਕੋਈ ਸਬੂਤ ਹਨ ਤਾਂ ਇਹ ਪਾਕਿਸਤਾਨ ਨਾਲ ਸਾਂਝੇ ਕੀਤੇ ਜਾਣੇ ਚਾਹੀਦੇ ਹਨ।

Widgetized Section

Go to Admin » appearance » Widgets » and move a widget into Advertise Widget Zone