Last UPDATE: September 3, 2018 at 9:37 am

ਪਾਕਿਸਤਾਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੇ ਮਸਲੇ

ਅੰਮ੍ਰਿਤਸਰ (B.S.Goraya) ਕਿਉਕਿ ਕਲ੍ਹ ਤੇ ਅੱਜ ਕੁਝ ਅਖਬਾਰਾਂ ਵਿਚ ਖਬਰ ਛਪੀ ਹੈ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੇ ਮਸਲੇ ਤੇ ਪੈਰ ਪਿਛੇ ਖਿੱਚ ਰਿਹਾ ਹੈ। ਕੁਝ ਅਖਬਾਰਾਂ ਨੇ ਤਾਂ ਸਿੱਧਾ ਹੀ ਲਿਖ ਦਿਤਾ ਹੈ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ਦੇ  ਮਸਲੇ ਤੇ ਮੁੱਕਰ ਗਿਆ ਹੈ। ਇਸ ਬਾਬਤ ਸੰਗਤ ਲਾਂਘਾ ਕਰਤਾਰਪੁਰ ਨਾਂ ਦਾ ਜਥਾ ਜੋ ਪਿਛਲੇ 17 ਸਾਲਾਂ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਜੱਦੋਜਹਿਦ ਕਰ ਰਿਹਾ ਹੈ ਦੇ ਮੁਖੀ ਬੀ. ਐਸ.ਗੁਰਾਇਆ ਨੇ ਇਨਾਂ ਖਬਰਾਂ ਦਾ ਖੰਡਣ ਕੀਤਾ ਹੈ ਤੇ ਕਿਹਾ ਹੈ ਕਿ ਪਰਸੋ ਪਾਕਿਸਤਾਨ ਦੇ ਵਜਾਰਤ ਏ ਖਾਰਜਾ ਦੇ ਬੁਲਾਰੇ ਡਾ. ਮੁਹੰਮਦ ਫੈਜ਼ਲ ਨੇ ਜੋ ਬਿਆਨ ਜਾਰੀ ਕੀਤਾ ਸੀ ਉਸ ਨੂੰ ਕੁਝ ਭਾਰਤੀ ਅਖਬਾਰਾਂ ਤ੍ਰੋੜ ਮੋੜ ਕੇ ਪੇਸ਼ ਕਰ ਰਹੀਆਂ ਹਨ। ਗੁਰਾਇਆ ਨੇ ਦੁਖ ਜ਼ਾਹਿਰ ਕੀਤਾ ਹੈ ਕਿ 70 ਸਾਲ ਬੀਤ ਜਾਣ ਦੇ ਬਾਵਜੂਦ ਕੁਝ ਲੋਕ ਖਿੱਤੇ ਵਿਚ ਅਮਨ ਨਹੀ ਚਾਹੁੰਦੇ। ਉਹ ਨਹੀ ਚਾਹੁੰਦੇ ਕਿ ਦੋਵਾਂ ਦੇਸਾਂ ਵਿਚ ਤਰੱਕੀ ਤੇ ਵਿਕਾਸ ਹੋਵੇ।
ਗੁਰਾਇਆ ਨੇ ਕੁਝ ਅਖਬਾਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਡਾ. ਫੈਜ਼ਲ ਨੇ ਤਾਂ ਸਗੋਂ ਇਥੋਂ ਤਕ ਕਿਹਾ ਸੀ ਕਿ ਅਸੀ ਕੋਸ਼ਿਸ਼ ਕਰ ਰਹੇ ਹਾਂ ਕਿ ਦੋਵਾਂ ਮੁਲਕਾਂ ਵਿਚ ਅਮਨ ਦੀਆਂ ਸੰਭਾਵਨਾਵਾਂ ਵਧਣ। ਕਿ ਹਾਲਾਂ ਦੋ ਮੁਲਕਾਂ ਦੇ ਵਿਗੜੇ ਸਬੰਧਾਂ ਦਾ ਹੱਲ ਇਨਾਂ ਸੌਖਾ ਨਹੀ ਪਰ ਅਸੀ ਅਮਨ ਦੀ ਸੰਭਾਵਨਾਵਾਂ ਦੀ ਘੋਖ ਕਰ ਰਹੇ ਹਾਂ। ਅਮਨ ਦੀ ਕੋਈ ਵੀ ਪਹਿਲ ਲਮਕਦੇ ਮਸਲਿਆਂ ਨੂੰ ਹੱਲ ਕਰਨ ਵਿਚ ਸਹਾਈ ਹੋ ਸਕਦੀ ਹੈ ਅਤੇ ਹੋ ਸਕਦੇ ਕਿ ਇਕ ਦਿਨ ਜੰਮੂ ਕਸ਼ਮੀਰ ਦਾ ਮਸਲਾ ਵੀ ਹਲ ਹੋ ਜਾਵੇ।
ਗੁਰਾਇਆ ਅਨੁਸਾਰ ਡਾ. ਫੈਜ਼ਲ ਨੇ ਤਾਂ ਸਗੋਂ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਤਜ਼ਵੀਜ ਸਾਨੂੰ ਨੇੜੇ ਲਿਆਉਣ ਵਿਚ ਸਹਾਈ ਹੋ ਸਕਦੀ ਹੈ।ਕਿਉਕਿ, ਉਨਾਂ ਕਿਹਾ ਹੈ ਕਿ ਪਾਕ-ਭਾਰਤ ਸਬੰਧ ਬਹੁਤ ਹੀ ਗੁੰਝਲਦਾਰ ਬੁਝਾਰਤ ਹੈ। ਉਨਾਂ ਕਿਹਾ ਕਿ ਅਮਨ ਦੇ ਰਾਹ ਵਿਚ ਰੁਕਾਵਟਾਂ ਜਰੂਰ ਹਨ ਪਰ ਮੈਨੂੰ ਭਰੋਸਾ ਹੈ ਅਸੀ ਇਹ ਰਾਹ ਦੇ ਟੋਏ ਟਿੱਬੇ ਪਾਰ ਕਰ ਲਵਾਂਗੇ।
ਗੁਰਾਇਆ ਨੇ ਦੁਖ ਜ਼ਾਹਿਰ ਕੀਤਾ ਕਿ ਭਾਰਤ ਦਾ ਕੁਝ ਮੀਡੀਆ ਆਪ ਹੀ ਖਬਰਾਂ ਘੜ ਲੈਂਦਾ ਹੈ ਜੋ ਮੁਲਕ ਦੀ ਤਰੱਕੀ ਵਿਚ ਘਾਤਕ ਸਿੱਧ ਹੋ ਰਿਹਾ ਹੈ।
ਗੁਰਾਇਆ ਨੇ ਭਾਰਤ ਦੇ ਅਮਨ ਪਸੰਦ ਲੋਕਾਂ ਨੂੰ ਗੁਜਾਰਿਸ਼ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਜੋ ਗਲ ਉਠੀ ਹੈ ਇਸ ਤੇ ਫੁੱਲ ਚੜਾਉਣ। ਅਮਨ ਨੂੰ ਇਕ ਮੌਕਾ ਦਿਤਾ ਜਾਏ। ਸ਼ਰਾਰਤੀ ਤੇ ਵਿਕਾਸ ਵਿਰੋਧੀ ਅਨਸਰਾਂ ਨੂੰ ਪਛਾਣਿਆ ਜਾਏ। ਗੁਰਾਇਆ ਦਾ ਮੰਨਣਾ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਨਾਲ ਦੋਵਾਂ ਮੁਲਕਾਂ ਵਿਚ ਅਮਨ ਦੀ ਨਵੀ ਲਹਿਰ ਜਨਮ ਲਵੇਗੀ। ਗੁਰਾਇਆ ਕਹਿੰਦਾ ਹੈ ਕਿ ਦੁਨੀਆਂ ਦੇ ਵਿਦਵਾਨ ਮੰਨਦੇ ਹਨ ਕਿ 16 ਸਦੀ ਵਿਚ ਗੁਰੂ ਨਾਨਕ ਦਾ ਆਗਮਨ ਇਸਲਾਮ ਤੇ ਹਿੰਦੂਮਤ ਦੇ ਤਿੜਕੇ ਹੋਏ ਰਿਸਤਿਆਂ ਵਿਚ ਪੁਲ ਦੀ ਨਿਆਈ ਉਭਰਿਆ ਸੀ।
ਯਾਦ ਰਹੇ ਪਿਛੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਂ ਦੇ ਸੌਂਹ ਚੁੱਕ ਸਮਾਗਮ ਮੌਕੇ ਭਾਰਤ ਤੋਂ ਗਏ ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਨੂੰ  ਓਥੋਂ ਦੇ ਫੌਜਾਂ ਦੇ ਮੁਖੀ ਨੇ ਨਿਓਤਾ ਦਿਤਾ ਸੀ ਕਿ ਆਓ ਆਪਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲੀਏ। ਉਸ ਤੋਂ ਬਾਦ ਲਾਂਘੇ ਦੇ ਹੱਕ ਤੇ ਵਿਰੋਧ ਵਿਚ ਇਕ ਲਹਿਰ ਜਿਹੀ ਚਲ ਰਹੀ ਹੈ।
ਗੁਰਾਇਆ ਦਾ ਕਹਿਣਾ ਹੈ ਕਿ ਅੱਜ ਦੀ ਸਭਿਅਕ ਦੁਨੀਆ ਸਰਹੱਦਾਂ ਦੀਆਂ ਨਫਰਤਾਂ ਘੱਟ ਕਰ ਰਹੀ ਹੈ।ਯੂਰਪ ਦੇ 27 ਮੁਲਕਾਂ ਨੇ ਆਪਣੀਆਂ ਸਰਹੱਦਾਂ ਇਕ ਦੂਸਰੇ ਦੇ ਬਸ਼ਿਦਿਆਂ ਲਈ ਖੋਲ ਦਿਤੀਆਂ ਹਨ। ਨਤੀਜਾ ਸਭ ਦੇ ਸਾਹਮਣੇ ਹੈ। ਓਹੋ ਅਰਬਾਂ ਰੁਪਿਆ ਜੋ ਫੌਜਾਂ ਤੇ ਖਰਚ ਹੁੰਦਾ ਸੀ ਅਗਲੇ ਵਿਕਾਸ ਤੇ ਲਾ ਰਹੇ ਨੇ। ਦੂਸਰੇ ਪਾਸੇ ਭਾਰਤ ਤੇ ਪਾਕਿਸਤਾਨ ਅੱਜ ਵੀ  ਓਥੇ ਦੇ ਓਥੇ ਖੜੇ ਹਨ ਜਿਥੇ 1947 ਵਿਚ ਸਨ। ਇਕ ਪਾਸੇ ਲੱਖਾਂ ਲੋਕ ਰਾਤ ਨੂੰ ਭੁੱਖੇ ਸੌਂਦੇ ਹਨ ਤੇ ਦੂਸਰੇ ਪਾਸੇ ਅਸੀ ਅਰਬਾਂ ਖਰਬਾਂ ਰੁਪਏ ਫੌਜਾਂ ਤੇ ਲਾ ਰਹੇ ਹਾਂ। ਦੋਵਾਂ ਮੁਲਕਾਂ ਦੀਆਂ ਮੰਡੀਆਂ ਅੱਜ ਪ੍ਰਦੇਸੀ ਮਾਲ ਨਾਲ ਮਾਲੋ ਮਾਲ ਹਨ। ਹੋਰ ਤੇ ਹੋਰ ਅੱਜ ਸਾਡੀ ਮੰਡੀ ਦਾ ਬਹੁਤਾ ਹਿਸਾ ਚੀਨ ਨੇ ਮੱਲ ਲਿਆ ਹੈ। ਗੁਰਾਇਆ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਫਿਰਾਖਦਿਲੀ ਤੇ ਦਲੇਰੀ ਦਿਖਾਉਣ ਤੇ ਭਾਰਤ ਪਾਕਿਸਤਾਨ ਸਬੰਧਾਂ ਨੂੰ ਦੁਬਾਰਾ ਪ੍ਰਭਾਸ਼ਤ ਕਰਨ। ਉਨਾਂ ਕਿਹਾ ਕਿ ਕੋਈ ਦਲੇਰ ਪ੍ਰਧਾਨ ਮੰਤਰੀ ਹੀ ਖਿੱਤੇ ਵਿਚ ਅਮਨ ਦੀ ਪਹਿਲ ਲਈ ਕਦਮ ਪੁੱਟ ਸਕਦਾ ਹੈ  ਨਹੀ ਤਾਂ ਹਰ ਕੋਈ ਇਹੋ ਸੋਚਦਾ ਆਇਆ ਹੈ ਕਿ ਮੈਨੂੰ ਕੀ ਆਪਾਂ ਆਪਣਾ ਸਮਾਂ ਕੱਢਦੇ ਹਾਂ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone