Last UPDATE: August 22, 2014 at 2:51 am

ਨਮਨਜੋਤ ਦੇ ਸਸਕਾਰ ਲਈ ਪਿਤਾ ਨੂੰ ਜੇਲ੍ਹ ਤੋਂ ਮਿਲੀ ਛੇ ਘੰਟਿਆਂ ਦੀ ਰਾਹਤ

ਅੰਮ੍ਰਿਤਸਰ ਵਿੱਚ ਵੀਰਵਾਰ ਨੂੰ ਕੇਂਦਰੀ ਜੇਲ੍ਹ ਤੋਂ ਮਿਲੀ ਰਾਹਤ ਮਗਰੋਂ ਆਪਣੀ  ਧੀ ਦੇ ਸਸਕਾਰ ਵਿੱਚ ਸ਼ਾਮਲ ਹੋਣ ਲਈ ਆਇਆ ਗੁਰਪ੍ਰਕਾਸ਼ ਸਿੰਘ।

ਅੰਮ੍ਰਿਤਸਰ ਵਿੱਚ ਵੀਰਵਾਰ ਨੂੰ ਕੇਂਦਰੀ ਜੇਲ੍ਹ ਤੋਂ ਮਿਲੀ ਰਾਹਤ ਮਗਰੋਂ ਆਪਣੀ ਧੀ ਦੇ ਸਸਕਾਰ ਵਿੱਚ ਸ਼ਾਮਲ ਹੋਣ ਲਈ ਆਇਆ ਗੁਰਪ੍ਰਕਾਸ਼ ਸਿੰਘ।

ਅੰਮ੍ਰਿਤਸਰ, 21 ਅਗਸਤ : ਪਿਛਲੇ ਕਈ ਦਿਨਾਂ ਤੋਂ ਕੋਮਾ ਵਿੱਚ ਚੱਲ ਰਹੀ ਲੜਕੀ ਨਮਨਜੋਤ ਦਾ ਅੱਜ ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜੇ ਸਥਿਤ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ। ਬੀਤੇ ਕੱਲ੍ਹ ਉਸਦੀ ਮੌਤ ਹੋ ਗਈ ਸੀ। ਸਸਕਾਰ ਮੌਕੇ ਮ੍ਰਿਤਕ ਲੜਕੀ ਦੇ ਪਿਤਾ ਗੁਰਪ੍ਰਕਾਸ਼ ਸਿੰਘ ਵੀ ਮੌਜੂਦ ਸਨ। ਗੁਰਪ੍ਰਕਾਸ਼ ਸਿੰਘ ਨੂੰ ਲੜਕੀ ਦੇ     ਸਸਕਾਰ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਕੇਂਦਰੀ ਜੇਲ੍ਹ ਤੋਂ ਛੇ ਘੰਟਿਆਂ ਲਈ ਰਾਹਤ ਦਿੱਤੀ ਗਈ ਸੀ। ਇਸ ਦੌਰਾਨ ਪੁਲੀਸ ਦਾ ਭਾਰੀ ਸੁਰੱਖਿਆ ਬੰਦੋਬਸਤ ਸੀ।

ਦੱਸਣਯੋਗ ਹੈ ਕਿ ਬੀਤੇ ਮੰਗਲਵਾਰ ਲੜਕੀ ਨੂੰ ਕੋਮਾ ਦੀ ਹਾਲਤ ਵਿੱਚ ਹੀ ਸੜਕ ’ਤੇ ਰੱਖ ਕੇ ਗੁਰਪ੍ਰਕਾਸ਼ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਲੰਡਾ ਬਜ਼ਾਰ ਮਾਰਕੀਟ ਦੇ ਦੁਕਾਨਦਾਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ। ਬੀਤੇ ਦਿਨ ਲੜਕੀ ਦੀ ਮੌਤ ਹੋ ਜਾਣ ਕਾਰਨ ਮੁੜ ਤੋਂ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਭੰਡਾਰੀ ਪੁਲ ’ਤੇ ਜਾਮ ਲਾਇਆ ਸੀ। ਪੁਲੀਸ ਦੇ ਉਚ ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਦਾ ਭਰੋਸਾ ਦਿੱਤੇ ਜਾਣ ’ਤੇ ਧਰਨਾ ਸਮਾਪਤ ਕੀਤਾ ਗਿਆ ਸੀ। ਗੁਰਪ੍ਰਕਾਸ਼ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਸਨੂੰ ਤਰਨ ਤਾਰਨ ਦੀ ਸੀ.ਆਈ.ਏ. ਸਟਾਫ ਪੁਲੀਸ ਨੇ ਲੰਡਾ ਬਜ਼ਾਰ ਮਾਰਕੀਟ ਤੋਂ ਚੁੱਕਿਆ ਸੀ। ਉਸਨੂੰ ਇਹ ਕਹਿ ਕੇ ਪੁਲੀਸ ਲੈ ਗਈ ਸੀ ਕਿ ਕਿਸੇ ਮਾਮਲੇ ਵਿੱਚ ਸਿਰਫ ਜਾਂਚ ਲਈ ਹੀ ਬੁਲਾਇਆ ਗਿਆ ਹੈ ਜਦੋਂਕਿ ਕੁਝ ਦਿਨ ਬਾਅਦ ਉਸ ’ਤੇ ਨਸ਼ੀਲੇ ਪਦਾਰਥ ਦਾ ਕੇਸ ਪਾ ਦਿੱਤਾ ਗਿਆ। ਪਿਤਾ ਨਾਲ ਹੋਈ ਇਸ ਘਟਨਾ ਕਾਰਨ ਛੋਟੀ ਬੱਚੀ ਸਦਮੇ ਕਰਕੇ ਕੋਮਾ ਵਿੱਚ ਚਲੀ ਗਈ ਸੀ, ਜਿਸ ਦੀ ਕੱਲ੍ਹ ਮੌਤ ਹੋ ਗਈ।
ਸਸਕਾਰ ਵਿੱਚ ਸ਼ਾਮਲ ਹੋਣ ਲਈ ਆਏ ਗੁਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਸਦੀ ਬੇਟੀ ਦੀ ਮੌਤ ਲਈ ਪੁਲੀਸ ਜ਼ਿੰਮੇਵਾਰ ਹੈ, ਜਿਸ ਨੇ ਉਸਨੂੰ ਨਾਜਾਇਜ਼ ਕੇਸ ਵਿੱਚ ਫਸਾਉਣ ਦਾ ਯਤਨ ਕੀਤਾ ਹੈ। ਉਸਨੇ ਦੱਸਿਆ ਕਿ ਪੁਲੀਸ ਉਸ ਕੋਲੋਂ ਇਹ ਜਾਣਨਾ ਚਾਹੁੰਦੀ ਸੀ ਕਿ ਉਸਦਾ ਹਰਦੀਪ ਸਿੰਘ ਪੈਰੀ ਨਾਲ ਕੀ ਸਬੰਧ ਹੈ ਜਦੋਂਕਿ ਉਹ ਉਸ ਵਿਅਕਤੀ ਬਾਰੇ ਕੁਝ ਵੀ ਨਹੀਂ ਜਾਣਦਾ। ਉਸਨੇ ਦੋਸ਼ ਲਾਇਆ ਕਿ ਪੁਲੀਸ ਨੇ ਉਸ ਉਪਰ ਅਣਮਨੁੱਖੀ ਤਸ਼ੱਦਦ ਕੀਤਾ ਹੈ ਅਤੇ ਬਿਜਲੀ ਦਾ ਕਰੰਟ ਵੀ ਲਾਇਆ ਹੈ। ਉਸਨੇ ਦੱਸਿਆ ਕਿ ਉਹ ਲੰਡਾ ਬਾਜ਼ਾਰ ਵਿੱਚ ਬਤੌਰ ਮਨੀ ਐਕਸਚੇਂਜਰ ਕੰਮ ਕਰਦਾ ਹੈ ਅਤੇ ਉਸ ਕੋਲ ਕਈ ਵਿਅਕਤੀ ਬਤੌਰ ਗਾਹਕ ਆਉਂਦੇ ਹਨ, ਜਿਨ੍ਹਾਂ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ। ਉਸਨੇ ਦੱਸਿਆ ਕਿ ਉਸ ਵਿਅਕਤੀ ਬਾਰੇ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉਹ ਇੱਕ ਹਜ਼ਾਰ ਡਾਲਰ ਦੀ ਕਰੰਸੀ ਬਦਲਾਅ ਕੇ ਲੈ ਕੇ ਗਿਆ ਸੀ ਜਦੋਂਕਿ ਉਸਨੂੰ ਹਰਦੀਪ ਸਿੰਘ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸਨੇ ਇਹ ਵੀ ਦੋਸ਼ ਲਾਇਆ ਕਿ ਪੁਲੀਸ ਨੇ ਕੇਸ ਨੂੰ ਰਫਾ ਦਫਾ ਕਰਨ ਲਈ ਰਿਸ਼ਵਤ ਦੀ ਮੰਗ ਕੀਤੀ ਸੀ।

Recent Comments

    Categories