Last UPDATE: November 20, 2017 at 10:43 pm

ਦਿਆਲ ਸਿੰਘ ਕਾਲਜ ਦਾ ਨਾਂ ਬਦਲਣਾ ਸਿੱਖ ਸਰਦਾਰਾਂ ਦੀ ਦੇਣ ਨੂੰ ਛੁਟਿਆਉਣ ਦੀ ਕੋਝੀ ਚਾਲ : ਸੰਤ ਹਰਨਾਮ ਸਿੰਘ ਖ਼ਾਲਸਾ

ਸਿੱਖ ਭਾਈਚਾਰਾ ਫਿਰਕਾਪ੍ਰਸਤ ਤਾਕਤਾਂ ਦੇ ਮਨਸੂਬਿਆਂ ਪ੍ਰਤੀ ਸੁਚੇਤ ਰਹਿਣ।
ਕਾਲਜ ਪ੍ਰਬੰਧਕ ਕਮੇਟੀ ਅਕ੍ਰਿਤਘਣ ਨਾ ਬਣੇ,ਨੈਤਿਕਤਾ ਬਰਕਰਾਰ ਰੱਖਣ ਦੀ ਦਿੱਤੀ ਸਲਾਹ।
ਸਰਕਾਰ ਘੱਟਗਿਣਤੀਆਂ ਵਿਰੋਧੀ ਨੀਤੀਆਂ ਤਹਿਤ ਕਾਲਜਾਂ, ਸੜਕਾਂ ਤੇ ਹੋਰ ਥਾਵਾਂ ਦੇ ਨਾਵਾਂ ਦਾ ਫਿਰਕੂ ਕਰਨ ਕਰਨ ਤੋਂ ਗੁਰੇਜ਼ ਕਰੇ।
ਅੰਮ੍ਰਿਤਸਰ (Punjabnewsline) ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਨੇ ਦਿੱਲੀ ਦੇ ਵਿਰਾਸਤੀ ਦਿਆਲ ਸਿੰਘ ਮਜੀਠੀਆ ਕਾਲਜ (ਈਵਨਿੰਗ) ਦਾ ਨਾਂ ਬਦਲ ਕੇ ‘ਵੰਦੇ ਮਾਤਰਮ ਮਹਾਵਿਦਿਆਲਾ’ ਰੱਖਣ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨਾ ਸਿੱਖ ਕੌਮ ਦੇ ਸਰਦਾਰਾਂ ਦੀ ਦੇਣ ਨੂੰ ਛੁਟਿਆਉਣ ਦੀ ਕੋਝੀ ਚਾਲ ਹੈ ਜਿਸ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਹਨਾਂ ਸਿੱਖ ਸੰਗਤ ‘ਚ ਭਾਰੀ ਰੋਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਲਜ ਦੀ ਗਵਰਨਿੰਗ ਬਾਡੀ (ਜੀ.ਬੀ.) ਵੱਲੋਂ ਕਾਲਜ ਦਾ ਨਾਮ ਬਦਲ ਕੇ ‘ਵੰਦੇ ਮਾਤਰਮ ਰੱਖਣ ਤੋਂ ਹੀ ਇਹਨਾਂ ਦੇ ਫਿਰਕੂ ਮਨਸੂਬੇ ਜਗ ਜ਼ਾਹਿਰ ਹਨ। ਇਹ ਫੈਸਲਾ ਸ਼ਰਾਰਤ ਪੂਰਨ ਹੈ ਅਤੇ ਕੁੱਝ ਲੋਕ ਫੁੱਟ ਪਾਊ ਫਿਰਕਾਪ੍ਰਸਤੀ ਸੋਚ ਤਹਿਤ ਭਾਈਚਾਰਕ ਸਾਂਝ ਨੂੰ ਲਾਂਬੂ ਲਾ ਕੇ ਦੇਸ਼ ਦਾ ਨੁਕਸਾਨ ਕਰਨ ‘ਚ ਲੱਗੇ ਹਨ। ਜਿਸ ਬਾਰੇ ਸਰਕਾਰ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸ: ਦਿਆਲ ਸਿੰਘ ਮਜੀਠੀਆ ਇੱਕ ਮਹਾਨ ਤੇ ਰੌਸ਼ਨ ਦਿਮਾਗ ਸਿੱਖ ਸਰਦਾਰ ਸਨ ਜਿਨ੍ਹਾਂ ਦੀਆਂ ਦੇਸ਼ ਕੌਮ ਪ੍ਰਤੀ ਸੇਵਾਵਾਂ ਭੁਲਾਈਆਂ ਨਹੀਂ ਜਾ ਸਕਦੀਆਂ। ਜਿਨ੍ਹਾਂ ਨੇ ਆਧੁਨਿਕ ਸਿੱਖਿਆ ਪ੍ਰਣਾਲੀ ਰਾਹੀਂ ਨੌਜਵਾਨ ਵਰਗ ਨੂੰ ਸਮੇਂ ਦਾ ਹਾਣੀ ਬਣਾਇਆ, ਅਦਬੀ ਅਤੇ ਸਿਆਸੀ ਖੇਤਰ ਵਿੱਚ ਆਪਣੀ ਪਛਾਣ ਸਥਾਪਿਤ ਕਰਨ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਕ ਰਾਹੀ ਬੈਂਕਿੰਗ ਅਤੇ ਟ੍ਰਿਬਿਊਨ ਅਦਾਰੇ ਰਾਹੀਂ ਮੀਡੀਆ ਦੇ ਖੇਤਰ ‘ਚ ਅਹਿਮ ਯੋਗਦਾਨ ਪਾਇਆ। ਉਹਨਾਂ ਵੱਲੋਂ ਸਥਾਪਕ ਕਾਲਜ ਅਤੇ ਲਾਇਬਰੇਰੀ ਆਦਿ ਲਾਹੌਰ ਪਾਕਿਸਤਾਨ ਤੋਂ ਇਲਾਵਾ ਕਰਨਾਲ ਆਦਿ ਵਿੱਚ ਸਫਲਤਾਪੂਰਵਕ ਚਲ ਰਹੇ ਹਨ।ਉਹਨਾਂ ਦਿਲੀ ਕਾਲਜ ਦੇ ਗਵਰਨਿੰਗ ਬਾਡੀ ਦੇ ਚੇਅਰਮੈਨ ਅਮਿਤਾਭ ਸਿਨਹਾ ਨੂੰ ਲਿਖੇ ਪੱਤਰ ‘ਚ ਪ੍ਰਬੰਧਕਾਂ ਨੂੰ ਨੈਤਿਕਤਾ ਬਰਕਰਾਰ ਰੱਖਣ ਦੀ ਸਲਾਹ ਦਿੰਦਿਆਂ ਕਿਹਾ ਕਿ ਸ: ਦਿਆਲ ਸਿੰਘ ਮਜੀਠੀਆ ਵੱਲੋਂ 1895 ‘ਚ ਇੱਕ ਸਿੱਖਿਆ ਟਰੱਸਟ ਬਣਾਉਂਦਿਆਂ ਸਥਾਪਿਤ ਕੀਤੇ ਗਏ ਦਿਆਲ ਸਿੰਘ ਕਾਲਜ ਤੋਂ ਉਨਾਂ ਦਾ ਨਾਮ ਮਿਟਾਉਣਾ ਮਨੁੱਖੀ ਅਧਿਕਾਰਾਂ ਦਾ ਹਨਨ ਕਰਦਿਆਂ ਸ: ਮਜੀਠੀਆ ਦਾ ਬਣਦਾ ਹੱਕ ਖੋਹਣਾ ਪ੍ਰਬੰਧਕਾਂ ਦਾ ਅਕ੍ਰਿਤਘਣ ਹੋਣ ਦਾ ਸਬੂਤ ਹੋਵੇਗਾ ਅਤੇ ਸ: ਮਜੀਠੀਆ ਦੀ ਦੂਰਅੰਦੇਸ਼ੀ ਦਾਨਸ਼ਮੰਦੀ ਸੋਚ ਪ੍ਰਤੀ ਨਵੀਂ ਪੀੜੀ ਤੋਂ ਪਰਦਾਪੋਸ਼ੀ ਕਰਨ ਦੇ ਗੁਨਾਹ ਦੇ ਬਰਾਬਰ ਹੈ। ਕਾਲਜ ਤੋਂ ਇੱਕ ਸਿੱਖ ਸਰਦਾਰ ਦਾ ਨਾਮ ਹਟਾ ਕੇ ਇੱਕ ਫਿਰਕੂ ਅਤੇ ਉਹ ਵੀ ਜਿਸ ‘ਤੇ ਦੇਸ਼ ਵਿੱਚ ਪਹਿਲਾਂ ਹੀ ਵਿਵਾਦ ਚਲ ਰਿਹਾ ਹੋਵੇ ਉਹ ਨਾਮ ਦੇਣਾ ਨਾ ਕੇਵਲ ਸ: ਮਜੀਠੀਆ ਨਾਲ ਅਨਿਆਂ ਸੰਗਤ ਹੈ ਸਗੋਂ ਦੇਸ਼ ਦੀ ਆਜ਼ਾਦੀ ਲਈ ਸਭ ਤੋ ਵਧ ਕੁਰਬਾਨੀਆਂ ਦੇਣ ਵਾਲੀ ਘਟ ਗਿਣਤੀ ਸਿੱਖ ਕੌਮ ਨਾਲ ਇੱਕ ਹੋਰ ਵਸਾਹਘਾਤ ਹੋਵੇਗਾ।ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜੇ ਪ੍ਰਬੰਧਕਾਂ ਨੇ ਯੂਨੀਵਰਸਿਟੀ ਬਣਾਉਣੀ ਹੀ ਹੈ ਤਾਂ ਹੋਰ ਬਿਲਡਿੰਗ ਉੱਸਾਰ ਲੈਣ ਅਤੇ ਉਸ ਦਾ ਨਾਮ ਕੋਈ ਵੀ ਰਖ ਲਿਆ ਜਾਵੇ । ਉਹਨਾਂ ਕਿਹਾ ਕਿ ਅਜਿਹਾ ਕੁੱਝ ਨਹੀਂ ਕਰਨਾ ਚਾਹੀਦਾ ਜਿਸ ਨਾਲ ਇਤਿਹਾਸਕ ਵਿਰਾਸਤ ਦਾ ਖ਼ਾਤਮਾ ਹੁੰਦਾ ਹੋਵੇ। ਉਹਨਾਂ ਕਾਲਜ ਪ੍ਰਬੰਧਕਾਂ ਨੂੰ ਇਸ ਮੁੱਦੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਸਰਕਾਰ ਘੱਟਗਿਣਤੀਆਂ ਵਿਰੋਧੀ ਨੀਤੀਆਂ ਤਹਿਤ ਕਾਲਜਾਂ, ਸੜਕਾਂ ਤੇ ਹੋਰ ਥਾਵਾਂ ਦੇ ਨਾਵਾਂ ਦਾ ਫਿਰਕੂ ਕਰਨ ਕਰਨ ਤੋਂ ਗੁਰੇਜ਼ ਕਰੇ। ਉਹਨਾਂ ਕਿਹਾ ਕਿ ਕਾਲਜ ਦੇ ਨਾਂ ਦੀ ਇਹ ਤਬਦੀਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਲੋੜ ਪਈ ਤਾਂ ਹਰ ਪੱਧਰ ‘ਤੇ ਇਸ ਦਾ ਵਿਰੋਧ ਕੀਤਾ ਜਾਵੇਗਾ। ਉਹਨਾਂ ਸਿੱਖ ਭਾਈਚਾਰੇ ਨੂੰ ਅਜਿਹੇ ਫਿਰਕਾਪ੍ਰਸਤ ਤਾਕਤਾਂ ਦੇ ਮਨਸੂਬਿਆਂ ਪ੍ਰਤੀ ਖ਼ਬਰਦਾਰ ਕਰਦਿਆਂ ਸੁਚੇਤ ਰਹਿਣ ਦੀ ਅਪੀਲ ਕੀਤੀ।
20 damdami taksal
ਫੋਟੋ ਫਾਈਲ : 20 ਦਮਦਮੀ ਟਕਸਾਲ
ਕੈਪਸ਼ਨ : ਸੰਤ ਗਿਆਨੀ ਹਰਨਾਮ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone