Last UPDATE: August 23, 2014 at 7:52 pm

ਦਲਿਤ ਮਹਿਲਾ ਦੀ ਕੁੱਟਮਾਰ, ਗਰਭ ਵਿਚਲੇ ਬੱਚੇ ਦੀ ਮੌਤ

ਖੇਤਰੀ ਪ੍ਰਤੀਨਿਧ
ਪਟਿਆਲਾ,23 ਅਗਸਤ
ਨੇੜਲੇ ਪਿੰਡ ਹਰਿਆਊ ਕਲਾਂ ਦੀ ਇਕ ਦਲਿਤ ਮਹਿਲਾ ਦੀ ਕਥਿਤ ਕੁੱਟਮਾਰ ਦੌਰਾਨ ੳਸ ਦੇ ਗਰਭ ਵਿਚ ਪਲ ਰਹੇ,ਪੰਜ ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ। ਇਸ ਸਬੰਧੀ ਉਸ ਨੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਅਜਿਹਾ ਨਾ ਹੋਣ ਦੀ ਸੂਰਤ ਵਿਚ ਗੰਭੀਰ ਕਦਮ ਚੁੱਕਣ ਦੀ ਧਮਕੀ ਦਿੱੱਤੀ ਹੈ।
ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਜ਼ੇਰੇ ਇਲਾਜ ਕਰਮਜੀਤ ਕੌਰ (27) ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਪਿੰਡ ਵਿਚਲੇ ਹੀ ਇੱਕ ਪਰਿਵਾਰ ਨਾਲ ਰੰਜਿਸ਼ ਹੈ। 19 ਅਗਸਤ ਨੂੰ ਪਿੰਡ ਦੀ ਇੱਕ ਮਹਿਲਾ ਅਤੇ ਭੀਮ ਸਿੰਘ ਨਾਂ ਦੇ ਇਕ ਵਿਅਕਤੀ ਨੇ ਉਸਦੇ ਘਰ ਆ ਕੇ ਉਸ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਹ ਇਕੱਲੀ ਸੀ। ਦੋਨਾਂ ਨੇ ਉਸ ਦੀ ਬੁਰੀ ਤਰਾਂ ਕੁੱੱਟਮਾਰ ਕੀਤੀ। ਭੀਮ ਸਿੰਘ ਨੇ ਉਸਦੇ ਪੇਟ ਵਿਚ ਲੱਤਾਂ ਮਾਰੀਆਂ,ਜਿਸ ਕਾਰਨ ਉਸਦੀ ਤਬੀਅਤ ਖਰਾਬ ਹੋ ਗਈ। ਉਸਨੰੂ ਪਾਤੜਾਂ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਪਤਾ ਲੱਗਾ ਕਿ ਉਸ ਦੇ ਗਰਭ ਵਿਚਲੇ ਬੱਚੇ ਦੀ ਮੌਤ ਹੋ ਚੁੱਕੀ ਹੈ। ਉਸਨੂੰ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕੀਤਾ ਗਿਆ। ਪੀੜਤ ਨੇ ਦੱਸਿਆ ਕਿ ਇਥੇ ਵੀ ਡਾਕਟਰਾਂ ਨੇ ਉਸਦਾ ਕੋਈ ਅਲਟਰਾਸਾਊਂਡ ਨਹੀਂ ਕੀਤਾ ਤੇ ਉਸ ਨੂੰ ਡਿਸਚਾਰਜ ਕਰ ਦਿੱਤਾ। ਪਰ ਡਾਕਟਰਾਂ ਦਾ ਕਹਿਣਾ ਸੀ ਕਿ ਅਜਿਹਾ ਤਕਨੀਕੀ ਕਾਰਨਾਂ ਕਰਕੇ ਨਹੀਂ ਹੋ ਸਕਿਆ।  ਪੀੜਤਾ ਦੇ ਪਤੀ ਗੁਰਸੇਵਕ ਸਿੰਘ ਨੇ ਵੀ ਦੋਸ਼ ਲਾਇਆ ਕਿ ਦੋ ਮਹੀਨੇ ਪਹਿਲਾਂ ਵੀ ਮੁਲਜ਼ਮਾਂ ਵੱਲੋਂ ਉਸਦੀ ਪਤਨੀ ਦੀ ਕੁੱਟਮਾਰ ਕੀਤੀ ਗਈ ਸੀ, ਜਿਸਦੀ ਸ਼ਿਕਾਇਤ ਵੀ ਥਾਣਾ ਪਾਤੜਾਂ ਵਿਖੇ ਦਰਜ ਹੈ। ਉਸ ਨੇ ਦੱਸਿਆ ਕਿ ਕਥਿਤ ਰੂਪ ਵਿਚ ਇਹੋ ਸ਼ਿਕਾਇਤ ਵਾਪਸ ਕਰਵਾਉਣ ਲਈ ਹੀ ਭੀਮ ਸਿੰਘ ਤੇ ਹੋਰ ਉਸ ਨੂੰ ਧਮਕਾਉਂਦੇ ਆ ਰਹੇ ਸਨ। ਪਰ ਹੁਣ ਮੁਲਜ਼ਮਾਂ ਨੇ ਕਰਮਜੀਤ ਕੋਰ ਦੇ ਗਰਭ ਵਿਚਲੇ ਪੰਜ ਮਹੀਨੇ ਦੇ ਬੱਚੇ ਦਾ ਕਥਿਤ ਕਤਲ ਕਰ ਦਿੱਤਾ ਹੈ। ਕਰਮਜੀਤ ਕੌਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ, ਤਾਂ ਉਹ ਆਤਮ ਹੱਤਿਆ ਕਰ ਲਵੇਗੀ।
ਉਧਰ,ਥਾਣਾ ਸਦਰ ਪਾਤੜਾਂ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਸੰਪਰਕ ਕਰਨ ‘ਤੇ ਸ਼ਿਕਾਇਤ ਆਉਣ ਦੀ ਗੱਲ ਮੰਨੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਡਾਕਟਰੀ ਰਿਪੋਰਟ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Widgetized Section

Go to Admin » appearance » Widgets » and move a widget into Advertise Widget Zone