ਥਰਮਲ ਪਲਾਂਟਾਂ ਕੋਲ ਕੋਲੇ ਦੇ ਭੰਡਾਰ ਆਖ਼ਰੀ ਸਾਹਾਂ ‘ਤੇ
ਰੋਪੜ ਸੁਪਰ ਥਰਮਲ ਪਲਾਂਟ ਕੋਲ ਸਿਰਫ ਸਾਢੇ ਤਿੰਨ ਦਿਨ ਜੋਗਾ ਕੋਲਾ; ਕੇਂਦਰ ਦੇ ਵਾਅਦੇ ਅਜੇ ਤੱਕ ਵਫ਼ਾ ਨਹੀਂ ਹੋਏ
ਪਟਿਆਲਾ, 24 ਅਗਸਤ : ਪੰਜਾਬ ‘ਚ ਥਰਮਲ ਪਾਵਰ ਪ੍ਰਾਜੈਕਟਾਂ ਨੂੰ ਕੋਲੇ ਦੀ ਕਮੀ ਦਾ ਵੱਡਾ ਸੇਕ ਸਹਿਣਾ ਪੈ ਸਕਦਾ ਹੈ। ਥਰਮਲ ਪ੍ਰਾਜੈਕਟਾਂ ਕੋਲ ਕੋਲੇ ਦੇ ਭੰਡਾਰ ਘਟ ਕੇ ਆਖ਼ਰੀ ਸਾਹਾਂ ‘ਤੇ ਆ ਗਏ ਹਨ। ਰੋਪੜ ਸੁਪਰ ਥਰਮਲ ਪਲਾਂਟ ਕੋਲ ਕੋਲਾ ਮੁਸ਼ਕਲ ਨਾਲ ਸਾਢੇ ਤਿੰਨ ਦਿਨ ਜੋਗਾ ਰਹਿ ਗਿਆ ਹੈ। ਇੰਜ ਹੀ ਬਾਕੀ ਦੋਵੇਂ ਥਰਮਲ ਪਲਾਂਟ ਵੀ ਕੋਲੇ ਦੀ ਵੱਡੀ ਸਮੱਸਿਆ ‘ਚ ਘਿਰੇ ਹੋਏ ਹਨ।
ਕੋਲੇ ਦੀ ਸਮੱਸਿਆ ਦੇ ਹੱਲ ਲਈ ਭਾਵੇਂ ਪੰਜਾਬ ਸਰਕਾਰ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਕੋਲ ਵੀ ਕਈ ਵਾਰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ, ਫਿਰ ਵੀ ਰਾਜ ਨੂੰ ਕੋਲੇ ਦੇ ਮਾਮਲੇ ‘ਚ ਸੁਖਾਵੀਂ ਪੱਧਰ ਦੀ ਕਿਤੋਂ ਵੀ ਖ਼ੈਰ ਨਹੀਂ ਪੈ ਸਕੀ। ਪਾਵਰਕੌਮ ਦੇ ਤਿੰਨੇ ਥਰਮਲ ਪਲਾਂਟਾਂ ਲਈ ਕੋਲੇ ਦੀ ਸਮੱਸਿਆ ਝੋਨੇ ਤੇ ਗਰਮੀ ਦੇ ਸੀਜ਼ਨ ਤੋਂ ਹੀ ਸ਼ੁਰੂ ਹੋ ਗਈ ਸੀ ਜਿਹੜੀ ਹੁਣ ਅਤਿ ਸੰਕਟਮਈ ਸਥਿਤੀ ‘ਚ ਆ ਗਈ ਹੈ। ਹੁਣ ਹਾਲਾਤ ਅਜਿਹੇ ਹਨ ਕਿ ਤਿੰਨਾਂ ਥਰਮਲ ਪਲਾਂਟਾਂ ਕੋਲ ਕੋਲੇ ਦੇ ਭੰਡਾਰ ਆਖ਼ਰੀ ਸਾਹਾਂ ‘ਤੇ ਹਨ। ਪਾਵਰਕੌਮ ਵੱਲੋਂ ਥਰਮਲਾਂ ਦੀਆਂ ਉਤਪਾਦਨ ਯੂਨਿਟਾਂ ਨੂੰ ਅਸਲੋਂ ਹੀ ਘੱਟ ਲੋਡ ‘ਤੇ ਚਲਾ ਕੇ ਥਰਮਲ ਪ੍ਰਣਾਲੀ ਦਾ ਬੁੱਤਾ ਸਾਰਿਆ ਜਾਣ ਲੱਗਾ ਹੈ।
ਰੋਪੜ ਸੁਪਰ ਥਰਮਲ ਪਲਾਂਟ ਦੀਆਂ ਸਾਰੀਆਂ ਛੇ ਉਤਪਾਦਨ ਯੂਨਿਟਾਂ, ਜਿਹੜੀਆਂ 210-210 ਮੈਗਾਵਾਟ ਦੀਆਂ ਹਨ, ਮੁਸ਼ਕਲ ਨਾਲ 170-180 ਮੈਗਾਵਾਟ ‘ਤੇ ਹੀ ਚੱਲ ਰਹੀਆਂ ਹਨ। ਇਸੇ ਤਰ੍ਹਾਂ ਲਹਿਰਾ ਮੁਹੱਬਤ ‘ਚ ਵੀ ਕੋਲੇ ਦਾ ਭੰਡਾਰ ਸਿਰਫ ਚਾਰ ਦਿਨ ਜੋਗਾ ਹੀ ਰਹਿ ਗਿਆ ਹੈ ਜਦ ਕਿ ਬਠਿੰਡਾ ਥਰਮਲ ‘ਚ ਕੋਲੇ ਦਾ ਭੰਡਾਰ ਛੇ ਦਿਨ ਦਾ ਹੈ।
ਪੈਨੇਮ ਕੰਪਨੀ, ਜਿਸ ਕੋਲ ਪਾਵਰਕੌਮ ਨੂੰ 60 ਫੀਸਦੀ ਕੋਲਾ ਸਪਲਾਈ ਕਰਨ ਦਾ ਠੇਕਾ ਹੈ, ਵੱਲੋਂ ਕਈ ਗੇੜ ਦੀ ਗੱਲਬਾਤ ਦੇ ਬਾਵਜੂਦ ਵੀ ਪੰਜਾਬ ਨੂੰ ਨਿਰਧਾਰਤ ਕੋਲਾ ਸਪਲਾਈ ਯਕੀਨੀ ਨਹੀਂ ਬਣਾਈ ਗਈ। ਕੋਲ ਇੰਡੀਆ ਵੱਲੋਂ ਪੰਜਾਬ ਨੂੰ ਕੋਲਾ ਸਪਲਾਈ ਪੱਖੋਂ ਉਚੇਚੀ ਵੱਡੀ ਰਾਹਤ ਨਾ ਦੇਣੀ ਵੀ ਹੈਰਾਨੀ ਵਾਲੀ ਗੱਲ ਹੈ। ਭਾਵੇਂ ਕੁਝ ਵਾਧੂ ਕੋਲਾ ਆਇਆ ਪ੍ਰੰਤੂ ਉਸ ਦੀ ਕੁਆਲਟੀ ਬਹੁਤੀ ਚੰਗੀ ਨਾ ਹੋਣ ਕਾਰਨ ਵੱਡੀ ਰਾਹਤ ਨਾ ਦੇ ਸਕਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੋਲੇ ਬਾਰੇ ਕਈ ਵਾਰ ਕੇਂਦਰੀ ਮੰਤਰੀਆਂ ਨਾਲ ਉਚੇਚੀਆਂ ਮੀਟਿੰਗਾਂ ਕੀਤੀਆਂ ਹਨ, ਪ੍ਰੰਤੂ ਸਪਲਾਈ ਦਾ ਅਮਲ ਲੀਹ ‘ਤੇ ਨਹੀਂ ਆਇਆ।
ਕੋਲੇ ਦੀ ਘਾਟ ਕਾਰਨ ਪ੍ਰਾਈਵੇਟ ਭਾਈਵਾਲੀ ਵਾਲੇ ਤਲਵੰਡੀ ਸਾਬੋ ਥਰਮਲ ਪਲਾਂਟ ਨੂੰ ਪਹਿਲੇ ਪੜਾਅ ‘ਤੇ ਹੀ ਬੰਦ ਕਰਨ ਲਈ ਮਜਬੂਰ ਹੋਣਾ ਪਿਆ। ਪੂਰੇ ਸੀਜ਼ਨ ਦੌਰਾਨ ਇਹ ਪਲਾਂਟ ਮੁੜ ਮਘ ਨਹੀਂ ਸਕਿਆ। ਰਾਜਪੁਰਾ ਪਲਾਂਟ ਦਾ ਇੱਕ ਹਿੱਸਾ ਹੀ ਮਘਿਆ ਹੈ, ਪਰ ਉਹ ਵੀ ਕੋਲੇ ਦੀ ਕਮੀ ਕਾਰਨ ਪੂਰੇ ਲੋਡ ‘ਤੇ ਤੁਰ ਨਹੀਂ ਸਕਿਆ। ਥਰਮਲ ਪਲਾਂਟਾਂ ਕੋਲ ਘੱਟੋ-ਘੱਟ ਜੇਕਰ ਪੰਦਰਾਂ ਦਿਨ ਤੋਂ ਘੱਟ ਦਾ ਕੋਲਾ ਭੰਡਾਰ ਰਹਿ ਜਾਵੇ ਤਾਂ ਸਥਿਤੀ ਨਾਜ਼ੁਕ ਮੰਨੀ ਜਾਂਦੀ ਹੈ। ਸੱਤ ਦਿਨਾਂ ਲਈ ਸਟਾਕ ਰਹਿਣ ‘ਤੇ ਸਥਿਤੀ ਨੂੰ ਅਤਿ ਨਾਜ਼ੁਕ ਮੰਨਿਆ ਜਾਂਦਾ ਹੈ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਹਾਲਾਤ ਹੀ ਅਜਿਹੇ ਹਨ ਕਿ ਕੋਲਾ ਭੰਡਾਰ ਨਾਂ-ਮਾਤਰ ਹੋਣ ਦੇ ਬਾਵਜੂਦ ਬਿਜਲੀ ਦੀ ਪੈਦਾਵਾਰ ਜਾਰੀ ਰੱਖੀ ਜਾ ਸਕਦੀ ਹੈ।