Last UPDATE: August 25, 2014 at 2:05 am

ਟੈਸਟ ਲੜੀ ਵਿੱਚ ਹਾਰ, ਹੁਣ ਇੱਕ ਰੋਜ਼ਾ ’ਚ ਦਾਅ ’ਤੇ ਵੱਕਾਰ

ਮਹਿੰਦਰ ਸਿੰਘ ਧੋਨੀ, ਐਲਿਸਟੇਅਰ ਕੁਕ

ਮਹਿੰਦਰ ਸਿੰਘ ਧੋਨੀ, ਐਲਿਸਟੇਅਰ ਕੁਕ

ਬ੍ਰਿਸਟਲ, 24 ਅਗਸਤ : ਟੈਸਟ ਲੜੀ ਵਿੱਚ ਸ਼ਰਮਨਾਕ ਹਾਰ ਬਾਅਦ ਭਾਰਤੀ ਕ੍ਰਿਕਟ ਟੀਮ ਭਲਕੇ ਇਥੇ ਇੰਗਲੈਂਡ ਖ਼ਿਲਾਫ਼ ਸ਼ੁਰੂ ਹੋ ਰਹੀ ਪੰਜ ਇਕ-ਰੋਜ਼ਾ ਮੈਚਾਂ ਦੀ ਲੜੀ ਵਿੱਚ ਜਿੱਤ ਨਾਲ ਸ਼ੁਰੂਆਤ ਕਰਕੇ ਇੰਗਲਿਸ਼ ਟੀਮ ਨੂੰ ਭਾਜੀ ਮੋੜਨ ਦੇ ਇਰਾਦੇ ਨਾਲ ਉਤਰੇਗੀ। ਭਾਰਤੀ ਟੀਮ ਟੈਸਟ ਲੜੀ ਵਿੱਚ 1-3 ਨਾਲ ਮਿਲੀ ਹਾਰ ਤੋਂ ਬਾਅਦ ਨਵੀਂ ਸ਼ੁਰੂਆਤ ਕਰਨ ’ਤੇ ਆਪਣਾ ਖੋਹਿਆ ਸਨਮਾਨ ਹਾਸਲ ਕਰਨ ਲਈ ਯਤਨ ਕਰੇਗੀ। ਦੂਜੇ ਪਾਸੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਨੂੰ ਦੇਖਦਿਆਂ ਟੀਮ ਨੇ ਸੰਤੁਲਨ ’ਤੇ ਵੀ ਧਿਆਨ ਦੇਣਾ ਹੋਵੇਗਾ। ਆਸਟਰੇਲੀਆ ਤੇ ਨਿਊਜ਼ੀਲੈਂਡ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਵਿਸ਼ਵ ਕੱਪ ’ਚ ਸਿਰਫ 6 ਮਹੀਨੇ ਬਾਕੀ ਹਨ ਅਤੇ ਭਾਰਤੀ ਟੀਮ ਹੁਣ ਤੋਂ ਜੋ ਇਕ- ਰੋਜ਼ਾ ਮੈਚ ਖੇਡੇਗੀ, ਉਹ 2011 ਵਿੱਚ ਜਿੱਤੇ ਖ਼ਿਤਾਬ ਦੇ ਬਚਾਅ ਦੀ ਤਿਆਰੀ ਵਿੱਚ ਸਹਾਈ ਹੋ ਸਕਣਗੇ।
ਭਾਰਤੀ ਟੀਮ ਕੋਲ ਵਿਸ਼ਵ ਕੱਪ ਤੋਂ ਪਹਿਲਾਂ ਤਿੰਨ ਵੰਨ ਡੇਅ ਲੜੀਆਂ ਵਿੱਚ ਆਪਣੇ ਖਿਡਾਰੀਆਂ ਦੀ ਪਰਖ ਦਾ ਮੌਕਾ ਹੈ। ਇਹ ਲੜੀਆਂ ਇਥੇ ਇੰਗਲੈਂਡ ਖ਼ਿਲਾਫ਼, ਸਵਦੇਸ਼ ’ਚ ਵੈਸਟ ਇੰਡੀਜ਼ ਖ਼ਿਲਾਫ਼ ਅਤੇ ਆਸਟਰੇਲੀਆ ਵਿੱਚ ਤਿਕੌਣੀ ਲੜੀ ਹੋਵੇਗੀ। ਭਾਰਤੀ ਚੋਣਕਾਰਾਂ ਨੇ ਪਹਿਲਾਂ ਹੀ ਖਾਕਾ ਤਿਆਰ ਕਰ ਲਿਆ ਹੈ ਅਤੇ 17 ਮੈਂਬਰੀ ਟੀਮ ਉਸ ਦੇ ਵਿਚਾਰਾਂ ਦੀ ਝਲਕ ਹੈ। ਸੰਜੂ ਸੈਮਸਨ ਤੇ ਕਰਨ ਸ਼ਰਮਾ ਦੀ ਟੀਮ ’ਚ ਮੌਜੂਦਗੀ ਨੇ ਦਰਸਾ ਦਿੱਤਾ ਹੈ ਕਿ ਟੀਮ ਵਿੱਚ ਇਕ ਹੋਰ ਵਿਕਟ ਕੀਪਰ ਬੱਲੇਬਾਜ਼ ਅਤੇ ਸੰਭਾਵਿਤ ਤੀਜੇ ਸਪਿੰਨਰ ਅਤੇ ਆਲਰਾਊਂਡਰ ਨੂੰ ਸ਼ਾਮਲ ਕਰਨ ਬਾਰੇ ਵਿਚਾਰ ਚੱਲ ਰਿਹਾ ਹੈ। ਹਾਲਾਂਕਿ ਹਾਲੇ ਵੀ ਇਹ ਸੁਆਲੀਆ ਨਿਸ਼ਾਨ ਹੈ ਕਿ ਪੰਜ ਮੈਚਾਂ ਦੀ ਮੌਜੂਦਾ ਵਨ ਡੇਅ ਲੜੀ ਵਿੱਚ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਕਿੰਨੇ ਮੌਕੇ ਮਿਲਦੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਟੀਮ ’ਚ ਫਿਲਹਾਲ ਮੱਧਕ੍ਰਮ ਤੇ ਸਪਿੰਨ ਆਲਰਾਊਂਡਰ ਦੇ ਕਾਫੀ ਦਾਅਵੇਦਾਰ ਹਨ।
ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਹਾਲਾਂਕਿ ਚਾਰ ਤੇਜ਼ ਗੇਂਦਬਾਜ਼ਾਂ ਨੂੰ ਉਤਾਰਨ ਨੂੰ ਲੈ ਕੇ ਦੁਬਿਧਾ ’ਚ ਹੈ ਕਿਉਂਕਿ ਇਸ ਨਾਲ ਓਵਰ ਗਤੀ ’ਤੇ ਅਸਰ ਪਵੇਗਾ। ਇਹ ਦੇਖਣਾ ਰੌਚਕ ਹੋਵੇਗਾ ਕਿ ਬ੍ਰਿਸਟਲ ’ਚ ਹਾਲਾਤ ਨੂੰ ਨਜ਼ਰਅੰਦਾਜ਼ ਕਰਕ ਕੀ ਧੋਨੀ ਦੋ ਸਪਿੰਨਰਾਂ ਨਾਲ ਉਤਰੇਗਾ ਕਿਉਂਕਿ ਸ਼ੁੱਕਰਵਾਰ ਨੂੰ ਮਿਡਲਸੈਕਸ ਖ਼ਿਲਾਫ ਅਭਿਆਸ ਵਿੱਚ ਉਸ ਨੇ ਬਿੰਨੀ ਤੋਂ ਗੇਂਦਬਾਜ਼ੀ ਨਹੀਂ ਕਰਵਾਈ ਸੀ। ਭੁਵਨੇਸ਼ਵਰ ਕੁਮਾਰ ਤੇ ਮੁਹੰਮਦ ਸ਼ਮੀ ਨੇ ਅਭਿਆਸ ਮੈਚ ਵਿੱਚ ਛੋਟੇ ਸਪੈਲ ’ਚ ਗੇਂਦਬਾਜ਼ੀ ਕੀਤੀ ਇਸ ਤੋਂ ਸੰਕੇਤ ਜਾਂਦਾ ਹੈ ਕਿ ਟੀਮ ਪ੍ਰਬੰਧਕ ਉਨ੍ਹਾਂ ਵੰਨ ਡੇਅ ਕੌਮਾਂਤਰੀ ਮੈਚਾਂ ਲਈ ਤਰੋਤਾਜ਼ਾ ਰੱਖਣਾ ਚਾਹੁੰਦੇ ਹਨ। ਇਹ ਦੋਵੇਂ ਖਿਡਾਰੀ ਤੇਜ਼ ਗੇਂਦਬਾਜ਼ਾਂ ਲਈ ਪਹਿਲੀ ਪਸੰਦ ਹਨ। ਪਰ ਤੀਜੇ ਗੇਂਦਬਾਜ਼ ਦਾ ਰਾਹ ਖੁੱਲ੍ਹਾ ਹੈ। ਇਹ ਬਿੰਨੀ ਸਮੇਤ ਉਮੇਸ਼ ਯਾਦਵ,ਮੋਹਿਤ ਸ਼ਰਮਾ ਤੇ ਧਵਲ ਕੁਲਕਰਨੀ ’ਚੋਂ ਕੋਈ ਵੀ ਹੋ ਸਕਦਾ ਹੈ।
ਭਾਰਤੀ ਟੀਮ ਪੰਜ ਗੇਂਦਬਾਜ਼ਾਂ ਨਾਲ ਨਹੀਂ ਉਤਰਨਾ ਚਾਹੇਗੀ ਕਿਉਂਕਿ ਇਸ ਨਾਲ ਬੱਲੇਬਾਜ਼ੀ ’ਤੇ ਅਸਰ ਪਵੇਗਾ ਅਤੇ ਟੀਮ ’ਚ ਧੋਨੀ ਸਮੇਤ ਛੇ ਬੱਲੇਬਾਜ਼ ਰਹਿ ਜਾਣਗੇ। ਵੱਡੇ ਸਕੋਰ ਕਾਰਨ ਸਲਾਮੀ ਜੋੜੀ ’ਤੇ ਦਬਾਅ ਰਹਿੰਦਾ ਹੈ ਅਤੇ ਸਿਖਰ ਧਵਨ ਤੇ ਰੋਹਿਤ ਸ਼ਰਮਾ ਦੀ ਸਲਾਮੀ ਜੋੜੀ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਦੇ ਦੌਰੇ ਸਮੇਂ ਛੇ ਮੈਚਾਂ ਵਿੱਚ ਪਹਿਲੀ ਵਿਕਟ ਲਈ 14, 10, 15, 22, 64 ਤੇ 8 ਦੌੜਾਂ ਦੀ ਸਾਂਝੇਦਾਰੀ ਹੀ ਕਰ ਸਕੀ। ਨਿਊਜ਼ੀਲੈਂਡ ਖ਼ਿਲਾਫ ਲੜੀ ’ਚ ਹਾਲਾਂਕਿ ਵਿਰਾਟ ਕੋਹਲੀ ਤੇ ਧੋਨੀ ਨੇ ਕੁਝ ਚੰਗੀਆਂ ਪਾਰੀਆਂ ਖੇਡੀਆਂ। ਭਾਰਤੀ ਟੀਮ ਨੂੰ ਹੁਣ ਅਜਿੰਕਿਆ ਰਹਾਣੇ, ਅੰਬਾਤੀ ਰਾਇਡੂ ਅਤੇ ਸੁਰੇਸ਼ ਰੈਣਾ ਦੀ ਤਿਕੜੀ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ।
ਮਿਡਲਸੈਕਸ ਖ਼ਿਲਾਫ਼ ਅਭਿਆਸ ਮੈਚ ਵਿੱਚ ਭਾਰਤੀ ਟੀਮ ਨੇ 11 ਬੱਲੇਬਾਜ਼ਾਂ ਨੂੰ ਅਜਮਾਇਆ ਅਤੇ ਰੈਨਾ ਨੂੰ ਆਖਰੀ ਬੱਲੇਬਾਜ਼ ਵਜੋਂ ਉਤਾਰਿਆ ਗਿਆ। ਟੀਮ ਇਸ ਮੈਚ ’ਚ ਆਲ ਆਊਟ ਹੋ ਗਈ ਪਰ ਰਾਇਡੂ ਨੇ 72 ਦੌੜਾਂ ਦੀ ਪਾਰੀ ਖੇਡੀ ਜਦੋਂਕਿ ਕੋਹਲੀ ਨੇ ਵੀ ਨੀਮ ਸੈਂਕੜਾ ਜੜਿਆ।
ਵਿਸ਼ਵ ਕੱਪ ਦੇ ਮੱਦੇਨਜ਼ਰ ਇੰਗਲੈਂਡ ਨੇ ਆਪਣੀ ਟੀਮ ’ਚ ਕੁਝ ਬਦਲਾਅ ਕੀਤੇ ਹਨ। ਰਵੀ ਬੋਪਾਰਾ ਨੂੰ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਹੈ ਜਦੋਂਕਿ ਇਮ ਬ੍ਰਿਸਨੇਮ ਅਤੇ ਮਾਈਕਲ ਕਾਰਬੇਰੀ ਨੂੰ ਵੀ ਮੌਕਾ ਨਹੀਂ ਦਿੱਤਾ ਗਿਆ। ਸਟੀਵਨ ਫਿਨ ਨੂੰ ਸਟੂਅਰਟ ਬਰੌਡ ਦੀ ਜਗ੍ਹਾ ਟੀਮ ’ਚ ਰੱਖਿਆ ਗਿਆ ਹੈ, ਜੋ  ਗੋਡੇ ਦਾ ਅਪਰੇਸ਼ਨ ਕਰਾਏਗਾ। ਐਲਕਸ ਹੇਲਜ਼ ਨੂੰ ਟੀਮ ’ਚ ਜਗ੍ਹਾ ਮਿਲ ਗਈ ਹੈ ਅਤੇ ਉਹ ਕਪਤਾਨ ਐਲਿਸਟੇਅਰ ਕੁਕ ਨਾਲ ਪਾਰੀ ਦੀ ਸ਼ੁਰੂਆਤ ਕਰੇਗਾ। ਇਆਨ ਬੈੱਲ ਮੱਧਕ੍ਰਮ ’ਚ ਬੱਲੇਬਾਜ਼ੀ ਲਈ ਉਤਰੇਗਾ। ਹੇਲਜ਼, ਬੈੱਲ, ਇਥੋਨ ਮੌਰਗਨ ਅਤੇ ਨੋਸ ਬਟਲਰ ਦੇ ਰੂਪ ਵਿੱਚ ਇੰਗਲਿਸ਼ ਟੀਮ ਕੋਲ ਹਮਲਾਵਰ ਬੱਲੇਬਾਜ਼ ਹਨ, ਜੋ ਵਿਰੋਧੀ ਗੇਂਦਬਾਜ਼ਾਂ ਦੇ ਛੱਕੇ ਛੁਡਾ ਸਕਦੇ ਹਨ।
ਭਾਰਤੀ ਟੀਮ ਵਿੱਚ ਮਹਿੰਦਰ ਸਿੰਘ ਧੋਨੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਅਜਿੰਕਿਆ ਰਹਾਣੇ, ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਸਟੂਅਰਟ ਬਿੰਨੀ, ਸੰਜੂ ਸੈਮਸਨ, ਆਰ.ਅਸ਼ਵਿਨ, ਰਵਿੰਦਰ ਜਡੇਜਾ, ਕਰਨ ਸ਼ਰਮਾ, ਮੋਹਿਤ ਸ਼ਰਮਾ, ਉਮੇਸ਼ ਯਾਦਵ, ਮੁਹੰਮਦ ਸ਼ਮੀ, ਧਵਲ ਕੁਲਕਰਨੀ ਅਤੇ ਭੁਵਨੇਸ਼ਵਰ ਕੁਮਾਰ ਸ਼ਾਮਲ ਹੈ।
ਇੰਗਲੈਂਡ ਦੀ ਟੀਮ ਵਿੱਚ ਐਲਿਸਟੇਅਰ ਕੁੱਕ (ਕਪਤਾਨ), ਮੋਇਨ ਅਲੀ, ਜੇਮਜ਼ ਐਂਡਰਸਨ, ਗੈਰੀ ਬੈਲੇਂਸ,ਇਆਨ ਬੈੱਲ, ਨੋਸ ਬਟਲਰ, ਸਟੀਵਨ ਫਿਨ, ਹੈਰੀ ਗਰੇਨ, ਐਲਕਸ ਹੇਲਜ਼, ਕ੍ਰਿਸ ਜੌਰਡਨ,ਇਯੋਨ ਮੋਰਗਨ,ਜੋਅਰੂਟ, ਬੇਨ ਸਟੋਕਸ, ਜੇਮਜ਼ ਟਰੈਡਵੈੱਲ ਅਤੇ ਕ੍ਰਿਸ ਵੋਕਸ ਸ਼ਾਮਲ ਹਨ।

Widgetized Section

Go to Admin » appearance » Widgets » and move a widget into Advertise Widget Zone