Last UPDATE: August 23, 2014 at 7:42 pm

ਜਾਅਲੀ ਜੱਜ ਨੇ ਠੱਗੀ ਦੇ ਪੈਸੇ ਮੋੜ ਕੇ ਜਾਨ ਛੁਡਾਈ

ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 23 ਅਗਸਤ
ਇਕ ਲੜਕੀ ਸਮੇਤ ਤਿੰਨ ਵਿਅਕਤੀਆਂ ਨੇ ਨੌਕਰੀ ਦਾ ਝਾਂਸਾ ਦੇ ਕੇ ਲੋਕਾਂ ਕੋਲੋਂ 80 ਲੱਖ ਰੁਪਏ ਠੱਗੇ ਲਏ। ਲੜਕੀ ਆਪਣੇ ਆਪ ਨੂੰ ਸੁਪਰੀਮ ਕੋਰਟ ਦੀ ਜੱਜ ਦੱਸਦੀ ਸੀ। ਪਰ ਪੈਸੇ ਮੋੜਨ ਦੀ ਆਪਸੀ ਰਜ਼ਾਮੰਦੀ ਨਾਲ ਸਾਰੀਆਂ ਧਿਰਾਂ ਵਿਚ ਸਮਝੌਤਾ ਹੋ ਜਾਣ ਕਾਰਨ ਉਕਤ ਮੁਲਜ਼ਮ ਪੁਲੀਸ ਕਾਰਵਾਈ ਤੋਂ ਬਚ ਗਏ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਹਰਗਣਾ ਵਾਸੀ ਮਹਿਲਾ ਹਰਪ੍ਰੀਤ ਨੇ ਪੈਸਾ ਕਮਾਉਣ ਖ਼ਾਤਰ ਅਜਿਹਾ ਕਦਮ ਚੱੁਕਿਆ ਜੋ ਬਾਅਦ ਵਿਚ ਉਸ ਅਤੇ ਉਸ ਦੇ ਪਰਿਵਾਰ ਲਈ ਨਮੋਸ਼ੀ ਦਾ ਕਾਰਨ ਬਣ ਗਿਆ। ਮੁਲਜ਼ਮ ਕੁੜੀ ਨੇ ਆਪਣੇ ਇਕ ਪੁਰਸ਼ ਮਿੱਤਰ ਮਨਪ੍ਰੀਤ ਸਿੰਘ ਜੋ ਫਤਹਿਗੜ੍ਹ ਪੁਲੀਸ ਲਾਈਨ ਵਿਚ ਡਿਊਟੀ ਨਿਭਾਉਂਦਾ ਹੈ,ਨਾਲ ਮਿਲ ਕੇ ਰਾਤੋ ਰਾਤ ਅਮੀਰ ਬਣਨ ਦੀ ਇਕ ਸਕੀਮ ਘੜੀ। ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਹ ਸੁਪਰੀਮ ਕੋਰਟ ਦੀ ਜੱਜ ਬਣ ਗਈ ਹੈ। ਉਸ ਦੇ ਪਿਤਾ ਨੇ ਖ਼ੁਸ਼ੀ ਨਾਲ ਸਾਰੇ ਪਿੰਡ ਵਿਚ ਲੱਡੂ ਵੰਡ ਦਿੱਤੇ। ਪਿੰਡ ਵਾਸੀਆਂ ਨੂੰ ਯਕੀਨ ਦਿਲਾਉਣ ਲਈ ਉਸ ਦੇ ਕਾਂਸਟੇਬਲ ਮਿੱਤਰ ਨੇ ਪਿੰਡ ਵਿਚ ਆ ਕੇ ਬਕਾਇਦਾ ਉਸ ਦੀ ਵੈਰੀਫਿਕੇਸ਼ਨ ਕਰ ਕੇ ਉਸ ਦੇ ਸੁਪਰੀਮ ਕੋਰਟ ਦੀ ਜੱਜ ਲੱਗਣ ਦੀ ਪੁਸ਼ਟੀ ਕੀਤੀ। ਪੁਲੀਸ ਮੁਲਾਜ਼ਮ ਦੀ ਵੈਰੀਫਿਕੇਸ਼ਨ ‘ਤੇ ਪਿੰਡ ਵਾਸੀਆਂ ਨੂੰ ਇਸ ਗੱਲ ਦਾ ਯਕੀਨ ਆ ਗਿਆ। ਇਸ ਤੋਂ ਬਾਅਦ ਲੜਕੀ ਅਤੇ ਕਾਂਸਟੇਬਲ ਨੇ ਵਧੇਰੇ ਪੈਸਾ ਕਮਾਉਣ ਦੀ ਆਪਣੀ ਖੇਡ ਸ਼ੁਰੂ ਕਰ ਦਿੱਤੀ। ਉਨ੍ਹਾਂ ਇਕ ਹੋਰ ਲੜਕੇ ਨੂੰ ਡਰਾਈਵਰ ਰੱਖ ਲਿਆ ਅਤੇ ਕਾਂਸਟੇਬਲ ਖ਼ੁਦ ਲੜਕੀ ਦਾ ਗੰਨਮੈਨ ਬਣ ਗਿਆ। ਉਨ੍ਹਾਂ ਨੇ ਲੋਕਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਦਸ ਤੋਂ ਵੀਹ ਲੱਖ ਰੁਪਏ ਲੈ ਲਏ। ਲੜਕੀ ਨੇ ਸਭ ਤੋਂ ਪਹਿਲਾਂ ਆਪਣੀ ਮਸੇਰੀ ਭੈਣ ਨੂੰ ਠੱਗਿਆ ਜਿਸ ਤੋਂ ਉਸ ਨੇ ਨੌਕਰੀ ਲਗਵਾਉਣ ਬਦਲੇ 20 ਲੱਖ ਰੁਪਏ  ਲਏ। ਇਸ ਤੋਂ ਬਾਅਦ ਉਨ੍ਹਾਂ ਨੇ ਲਗਪਗ ਅਧੀ ਦਰਜਨ ਹੋਰ ਲੋਕਾਂ ਤੋਂ ਨੌਕਰੀ ਲਗਵਾਉਣ ਬਦਲੇ ਲੱਖਾਂ ਰੁਪਏ ਠੱਗ ਲਏ। ਸੂਤਰਾਂ ਅਨੁਸਾਰ ਦੋਵਾਂ ਜਣਿਆਂ ਨੇ ਠੱਗੀ ਦੇ ਪੈਸਿਆਂ ਨਾਲ ਖੂਬ ਮੌਜ ਉਡਾਈ। ਦੋਵਾਂ ਦੀ ਪੋਲ ਉਦੋਂ ਖੱੁਲ੍ਹੀ ਜਦੋਂ ਸ਼ੱਕ ਪੈਣ ‘ਤੇ ਉਸ ਦੀ ਮਸੇਰੀ ਭੈਣ ਦੇ ਸਹੁਰੇ ਨੇ ਲੜਕੀ ਦੇ ਜੱਜ ਹੋਣ ਬਾਰੇ ਪੜਤਾਲ ਸ਼ੁਰੂ ਕੀਤੀ। ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੀ ਕਿਧਰੇ ਵੀ ਜੱਜ  ਨਹੀਂ ਲੱਗੀ। ਉਨ੍ਹਾਂ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪਤਾ ਲੱਗਣ ‘ਤੇ ਠੱਗੀ ਦਾ ਸ਼ਿਕਾਰ ਹੋਏ ਹੋਰ ਲੋਕ ਵੀ ਥਾਣੇ ਆਣ ਪੁੱਜੇ। ਮਾਮਲੇ ਦੀ ਪੜਤਾਲ ਕਰ ਰਹੇ ਖੇੜੀ ਨੌਧ ਸਿੰਘ ਵਾਲਾ ਥਾਣੇ ਦੇ ਐਸ.ਐਚ.ਓ. ਅਜੀਤਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮਾਮਲਾ ਤਾਂ ਦਰਜ ਕਰ ਲਿਆ ਸੀ ਪਰ ਪੰਚਾਇਤ ਦੇ ਵਿਚ ਦਖ਼ਲ ਦੇਣ ਅਤੇ ਪੈਸੇ ਮੋੜਨ ਦੀ ਸ਼ਰਤ ਉਪਰ ਦੋਵਾਂ ਧਿਰਾਂ ਵਿਚਕਾਰ ਰਜ਼ਾਮੰਦੀ ਬਣ ਗਈ।

Widgetized Section

Go to Admin » appearance » Widgets » and move a widget into Advertise Widget Zone