ਜਸਟਿਸ ਸੁਰੇਸ਼ ਦੀ ਅਗਵਾਈ ‘ਚ ਪੰਜਾਬ ਡਿਸਅਪੀਅਰ ਕਮੇਟੀ ਵੱਲੋਂ ਝੂਠੇ ਮੁਕਾਬਲਿਆਂ ਪ੍ਰਤੀ ਤੱਥ ਸਾਹਮਣੇ ਲਿਆਉਣ ਦੀ ਕੀਤੀ ਸ਼ਲਾਘਾ। 

ਸਿੱਖ ਕੌਮ ‘ਤੇ ਕੀਤੇ ਗਏ ਅੱਤਿਆਚਾਰ ਸਦਕਾ ਭਾਰਤ ਵਿਸ਼ਵ ਭਾਈਚਾਰੇ ਦੀਆਂ ਨਜ਼ਰਾਂ ‘ਚ ਕਟਹਿਰੇ ‘ਚ ਖੜ੍ਹਾ : ਦਮਦਮੀ ਟਕਸਾਲ ।

ਬੇਇਨਸਾਫ਼ੀ ਪ੍ਰਤੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਸਮੂਹ ਪੰਥਕ ਧਿਰਾਂ ਨੂੰ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦਾ ਸਦਾ।

ਮਨੁੱਖੀ ਅਧਿਕਾਰਾਂ ਦੀ ਉਲੰਘਣਾ ਪ੍ਰਤੀ ਕਾਂਗਰਸ ਅਤੇ ਨਾ ਹੀ ਭਾਜਪਾ ਸਰਕਾਰਾਂ ਨੇ ਕੋਈ ਸਾਰਥਿਕ ਜਵਾਬ ਦਿੱਤਾ : ਬਾਬਾ ਹਰਨਾਮ ਸਿੰਘ ਖ਼ਾਲਸਾ

ਅੰਮ੍ਰਿਤਸਰ (Prof. Sarchand Singh) ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ 1980 ਤੋਂ ਲੈ ਕੇ ਦੋ ਦਹਾਕਿਆਂ ਤਕ ਸਿੱਖ ਕੌਮ ‘ਤੇ ਕੀਤੇ ਗਏ ਅੱਤਿਆਚਾਰ ਅਤੇ ਜਬਰ ਜ਼ੁਲਮ ਸਦਕਾ ਹਿੰਦੁਸਤਾਨ ਵਿਸ਼ਵ ਦੇ ਨਿਆਂ ਅਤੇ ਅਮਨ ਪਸੰਦ ਲੋਕਾਂ ਦੀਆਂ ਨਜ਼ਰਾਂ ਵਿੱਚ ਕਟਹਿਰੇ ‘ਚ ਖੜ੍ਹਾ ਹੈ।
ਦਮਦਮੀ ਟਕਸਾਲ ਮੁਖੀ ਅੱਜ ਮਨੁੱਖੀ ਅਧਿਕਾਰ ਆਗੂਆਂ ਦੀ ਸਾਬਕਾ ਜਸਟਿਸ ਸੁਰੇਸ਼ ਦੀ ਅਗਵਾਈ ‘ਚ ਪੰਜਾਬ ਡਿਸਅਪੀਅਰ ਕਮੇਟੀ ਵੱਲੋਂ ਜਾਰੀ ਰਿਪੋਰਟ ‘ਤੇ ਬੋਲ ਰਹੇ ਸਨ ਨੇ ਕਿਹਾ ਕਿ ਵਿਦੇਸ਼ੀ ਧਰਤੀ ‘ਤੇ ਵਿਦੇਸ਼ੀ ਸਰਕਾਰਾਂ ਵੱਲੋਂ ਸਿੱਖ ਕੌਮ ਨਾਲ ਹੋਈਆਂ ਵਧੀਕੀਆਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਪ੍ਰਤੀ ਆਵਾਜ਼ਾਂ ਉੱਠ ਰਹੀਆਂ ਹਨ ਪਰ ਭਾਰਤ ਵਿੱਚ ਨਾ ਹੀ ਕਾਂਗਰਸ ਅਤੇ ਨਾ ਹੀ ਭਾਜਪਾ ਅਗਵਾਈ ਵਾਲੀਆਂ ਸਰਕਾਰਾਂ ਨੇ ਉਕਤ ਵਧੀਕੀਆਂ ਪ੍ਰਤੀ ਅੱਜ ਤਕ ਕੋਈ ਸਾਰਥਿਕ ਜਵਾਬ ਦਿੱਤਾ। ਜਿਸ ਪ੍ਰਤੀ ਸਿੱਖ ਕੌਮ ਅੰਦਰ ਰੋਸ ਪੈਦਾ ਹੋਣਾ ਸੁਭਾਵਕ ਹੈ। ਕੌਮ ਵੱਲੋਂ ਆਪਣੇ ਸ਼ਹੀਦਾਂ ਦੇ ਦਿਹਾੜੇ ਮਨਾ ਕੇ ਸਿੱਖ ਹੱਕਾਂ ਦੀ ਗਲ ਉਠਾਈ ਜਾਂਦੀ ਰਹੀ ਹੈ। ਉਹਨਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਸਮੂਹ ਪੰਥਕ ਧਿਰਾਂ ਨੂੰ ਸਿੱਖਾਂ ਨਾਲ ਹੋਈ ਬੇਇਨਸਾਫ਼ੀ ਪ੍ਰਤੀ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦਾ ਸਦਾ ਦਿੱਤਾ।ਉਹਨਾਂ ਕਿਹਾ ਕਿ ਕਾਲੇ ਦੌਰ ਦੌਰਾਨ ਕੇ ਪੀ ਐੱਸ ਗਿੱਲ ਵਰਗਿਆਂ ਵੱਲੋਂ ਕੀਤੇ ਗਏ ਬੇਕਸੂਰ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਸਰਕਾਰਾਂ ਦੀ ਪੁਸ਼ਤ ਪਨਾਹੀ ਬਿਨਾ ਸੰਭਵ ਨਹੀਂ ਸਨ ਇਸ ਲਈ ਜ਼ਰੂਰੀ ਹੈ ਕਿ ਝੂਠੇ ਮੁਕਾਬਲਿਆਂ ਲਈ ਪੰਜਾਬ ਪੁਲੀਸ ਦੇ ਅਧਿਕਾਰੀਆਂ ਦੇ ਨਾਲ ਨਾਲ ਜ਼ਿੰਮੇਵਾਰ ਸਿਆਸੀ ਆਗੂਆਂ ‘ਤੇ ਵੀ ਕਾਰਵਾਈ ਹੋਈ ਚਾਹੀਦੀ ਹੈ, ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਤੀਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਪੀੜਤ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਅਤੇ ਨਿਆਂ ਨਾ ਮਿਲਣ ਨੂੰ ਬੇਹਦ ਘੋਰ ਬੇਇਨਸਾਫ਼ੀ ਕਰਾਰ ਦਿੱਤਾ। ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਜਸਟਿਸ ਸੁਰੇਸ਼ ਦੀ ਅਗਵਾਈ ਵਾਲੀ ਪੰਜਾਬ ਡਿਸਅਪੀਅਰ ਕਮੇਟੀ ਵੱਲੋਂ ਲਾਪਤਾ ਲੋਕਾਂ ਬਾਰੇ ਲਗਾਤਾਰ 7 ਸਾਲ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ‘ਚ ਜਾ ਕੇ ਕੀਤੀ ਗਈ ਜਾਂਚ ਪੜਤਾਲ ਰਾਹੀਂ ਪੁਖਤਾ ਸਬੂਤ ਸਾਹਮਣੇ ਲਿਆਉਣ ਦੇ ਵੱਡੇ ਕਾਰਜ ਦੀ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਉਕਤ ਮੁੱਦਾ ਬਹੁਤ ਗੰਭੀਰ ਹੈ। ਕਮੇਟੀ ਵੱਲੋਂ ਜਾਰੀ ਕੀਤੇ ਗਏ ਹੈਰਾਨੀਜਨਕ ਖ਼ੁਲਾਸੇ ‘ਚ ਭਾਵੇਂ ਪੰਜਾਬ ਵਿੱਚ ਪੁਲਿਸ ਵੱਲੋਂ ਭੇਤ ਭਰੇ ਢੰਗ ਨਾਲ ਅੱਠ ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਗਾਇਬ ਕਰਦਿਆਂ ਅਤੇ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਬਾਅਦ ਵਿੱਚ ਅਣਪਛਾਤੀਆਂ ਠਹਿਰਾਉਂਦੇ ਹੋਏ ਵਾਰਸਾਂ ਨੂੰ ਬਿਨਾ ਸੂਚਿਤ ਸਸਕਾਰ ਕਰ ਦਿੱਤਾ ਜਾਣਾ ਦੱਸਿਆ ਹੈ ਪਰ ਸਹੀ ਅੰਕੜੇ ਇਸ ਤੋਂ ਕਈ ਗੁਣਾ ਵੱਧ ਹਨ। ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਵੱਲੋਂ ਪੁਲੀਸ ਵਧੀਕੀਆਂ ਬਾਰੇ ਜੋ ਰਿਪੋਰਟ ਪੇਸ਼ ਕੀਤੀ ਗਈ ਸੀ ਉਸ ਤੋਂ ਪਤਾ ਲਗਦਾ ਹੈ ਕਿ ਲਾਵਾਰਸ ਲਾਸ਼ਾਂ ਦੀ ਗਿਣਤੀ ਪੂਰੇ ਪੰਜਾਬ ‘ਚ ਇੱਕ ਲਖ ਤੋਂ ਵੀ ਉੱਪਰ ਸੀ। ਉਹਨਾਂ ਕਿਹਾ ਕਿ ਜਸਟਿਸ ਸੁਰੇਸ਼ ਵੱਲੋਂ ਕੀਤੇ ਗਏ ਖ਼ੁਲਾਸੇ ਜਿਸ ਵਿੱਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਅੰਮ੍ਰਿਤਸਰ ਨੂੰ ਛੱਡ ਕੇ ਹੋਰਨਾਂ ਥਾਵਾਂ ਤੋਂ ਪ੍ਰਾਪਤ ਸ਼ਿਕਾਇਤਾਂ ਨੂੰ ਵਿਚਾਰਨ ਤੋਂ ਇਨਕਾਰ ਕਰਨਾ, ਉੱਚ ਅਦਾਲਤ ਵੱਲੋਂ ਉਹਨਾਂ ਨੂੰ ਲਾਪਤਾ ਲੋਕਾਂ ਸੰਬੰਧੀ ਜਾਂਚ ਕਰਨ ਤੋਂ ਵਰਜਣਾ ਅਤੇ ਸੁਪਰੀਮ ਕੋਰਟ ਵੱਲੋਂ ਇਸ ਪ੍ਰਤੀ ਸੁਣਵਾਈ ਨਾ ਕਰਨੀ ਆਦਿ ਸਰਕਾਰਾਂ ਦੀ ਮਨਸ਼ਾ ਅਤੇ ਭਾਰਤ ਦੀ ਨਿਆਂ ਪ੍ਰਣਾਲੀ ਪ੍ਰਤੀ ਕਈ ਸਵਾਲ ਵੀ ਖੜੇ ਕਰਦੇ ਹਨ। ਉਹਨਾਂ ਕਿਹਾ ਕਿ ਮਨੁੱਖੀ ਅਧਿਕਾਰ ਸੰਸਥਾਵਾਂ ਵੱਲੋਂ ਇਸ ਸੰਬੰਧੀ ਇਕੱਤਰ ਪੁਖਤਾ ਸਬੂਤ ਅਤੇ ਪ੍ਰਾਪਤ ਤੱਥਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪੁਲੀਸ ਵੱਲੋਂ ਬੇਕਸੂਰ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਮੁਕਾਉਂਦਿਆਂ ਉਹਨਾਂ ਦੀਆਂ ਲਾਸ਼ਾਂ ਨੂੰ ਖ਼ੁਰਦ-ਬੁਰਦ ਕਰਨ ਲਈ ਦਰਿਆਵਾਂ ਅਤੇ ਨਹਿਰਾਂ ਵਿੱਚ ਰੋੜ ਦੇਣ ਅਤੇ ਲਾਵਾਰਸ ਕਹਿ ਕੇ ਵੱਖ ਵੱਖ ਸ਼ਮਸ਼ਾਨਘਾਟਾਂ ਵਿੱਚ ਸਸਕਾਰ ਕਰ ਦੇਣ ਦੇ ਅੰਕੜੇ ਅਤੇ ਤੱਥ ਅੱਜ ਵੀ ਮੂੰਹੋਂ ਬੋਲਦੇ ਹਨ। ਇਸੇ ਦੌਰਾਨ ਦਮਦਮੀ ਟਕਸਾਲ ਮੁਖੀ ਨੇ ਅਮਰੀਕਾ ਦੇ ਕਨੇਟੀਕਟ ਵੱਲੋਂ ਅਸੈਂਬਲੀ ਵਿੱਚ ਸ਼ੋਕ ਮਤਾ ਪਾਸ ਕਰਦਿਆਂ ਜੂਨ ’84 ਦੇ ਘੱਲੂਘਾਰੇ ਅਤੇ ਨਵੰਬਰ ’84 ਦੇ ਸਿੱਖ ਕਤਲੇਆਮ ਨੂੰ ਸਰਕਾਰੀ ਨਸਲਕੁਸ਼ੀ ਕਰਾਰ ਦਿੰਦਿਆਂ ਸਿੱਖ ਕੌਮ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਨ ਲਈ ਧੰਨਵਾਦ ਕੀਤਾ ਹੈ।

ਫੋਟੋ : 03 ਦਮਦਮੀ ਟਕਸਾਲ ।
ਕੈਪਸ਼ਨ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

Leave a Reply

Your email address will not be published. Required fields are marked *

Recent Comments

    Categories