Last UPDATE: February 21, 2017 at 9:25 am

ਜਮਹੂਰੀ ਅਧਿਕਾਰ ਸਭਾ ਵਲੋਂ ਸੰਘੀ ਫਾਸ਼ੀਵਾਦੀਆਂ ਦੇ ਦਬਾਓ ਹੇਠ ਦਿੱਲੀ ਯੂਨੀਵਰਸਿਟੀ ਦੇ ਕਾਲਜ ਵਿਚ ਉਮਰ ਖ਼ਾਲਿਦ ਦਾ ਭਾਸ਼ਣ ਸੈਸ਼ਨ ਰੱਦ ਕੀਤੇ ਜਾਣ ਦੀ ਨਿਖੇਧੀ

ਜਮਹੂਰੀ ਅਧਿਕਾਰ ਸਭਾ ਵਲੋਂ ਸੰਘੀ  ਫਾਸ਼ੀਵਾਦੀਆਂ ਦੇ ਦਬਾਓ ਹੇਠ ਦਿੱਲੀ ਯੂਨੀਵਰਸਿਟੀ ਦੇ ਕਾਲਜ ਵਿਚ ਉਮਰ ਖ਼ਾਲਿਦ ਦਾ ਭਾਸ਼ਣ ਸੈਸ਼ਨ ਰੱਦ ਕੀਤੇ ਜਾਣ ਦੀ ਨਿਖੇਧੀ

Ludhiana (ਬੂਟਾ ਸਿੰਘ)ਅੱਜ ਦਿੱਲੀ ਯੂਨੀਵਰਸਿਟੀ ਦੇ ਰਾਮਲਾਲ ਕਾਲਜ ਵਿਚ ਆਯੋਜਤ ਕੀਤੇ ਜਾ ਰਹੇ ਸਮਾਗਮ ਵਿਚ ਸੰਘ ਬਰਗੇਡ ਦੇ ਗੁੰਡਿਆਂ ਵਲੋਂ ਗੁੰਡਾਗਰਦੀ ਕੀਤੇ ਜਾਣ ਕਾਰਨ ਕਾਲਜ ਪ੍ਰਸ਼ਾਸਨ ਵਲੋਂ ਇਹ ਸਮਾਗਮ ਰੱਦ ਕਰ ਦਿੱਤਾ ਗਿਆ। ਕਾਲਜ ਦੇ ਲਿਟਰੇਰੀ ਸੁਸਾਇਟੀ ਐਂਡ ਇੰਗਲਿਸ਼ ਡੀਪਾਰਟਮੈਂਟ ਵਲੋਂ ਦੋ-ਦਿਨਾ ‘ਕਲਚਰਜ਼ ਆਫ ਪ੍ਰੋਟੈਸਟ’ ਆਯੋਜਤ ਕੀਤਾ ਗਿਆ ਸੀ। ਜਿਸ ਵਿਚ ਜੇ.ਐੱਨ.ਯੂ. ਦੇ ਵਿਦਿਆਰਥੀ ਉਮਰ ਖ਼ਾਲਿਦ ਨੂੰ ”ਆਦਿਵਾਸੀ ਇਲਾਕਿਆਂ ਵਿਚ ਜੰਗ” ਨਾਂ ਦੇ ਸੈਸ਼ਨ ਵਿਚ ਉਸਦੀ ਪੀਐੱਚ.ਡੀ. ਖੋਜ ਨੂੰ ਲੈਕੇ ਭਾਸ਼ਣ ਦੇਣ ਲਈ ਬੁਲਾਇਆ ਗਿਆ ਸੀ। ਉਸਦੇ ਸਮਾਗਮ ਵਿਚ ਪਹੁੰਚਣ ਤੋਂ ਪਹਿਲਾਂ ਹੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਅਤੇ ਦਿੱਲੀ ਵਿਦਿਆਰਥੀ ਸਟੂਡੈਂਟਸ ਯੂਨੀਅਨ ਦੇ ਗੁੰਡਿਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਮਰ ਖ਼ਾਲਿਦ ਦੀ ਸ਼ਮੂਲੀਅਤ ਰੱਦ ਕਰਨ ਲਈ ਦਬਾਓ ਪਾਇਆ। ਜਦੋਂ ਸਮਾਗਮ ਦੇ ਆਯੋਜਕਾਂ ਨੇ ਸੰਘੀਆਂ ਦੀ ਗੁੰਡਾਗਰਦੀ ਦੌਰਾਨ ਸੈਮੀਨਾਰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸੰਘ ਦੇ ਗੁੰਡਿਆਂ ਨੇ ਕਾਨਫਰੰਸ ਹਾਲ ਉੱਪਰ ਪਥਰਾਓ ਸ਼ੁਰੂ ਕਰ ਦਿੱਤਾ, ਹਾਲ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਬਿਜਲੀ ਕੱਟ ਦਿੱਤੀ। ਪੁਲਿਸ ਨੇ ਆਮ ਦੀ ਤਰ੍ਹਾਂ ਸੰਘੀਆਂ ਦੀ ਗੁੰਡਾਗਰਦੀ ਨੂੰ ਰੋਕਣ ਦੀ ਥਾਂ ਅਖਾਉਤੀ ਅਮਨ-ਕਾਨੂੰਨ ਦੀ ਦੁਹਾਈ ਦੇਕੇ ਕਾਲਜ ਪ੍ਰਸ਼ਾਸਨ ਉੱਪਰ ਉਮਰ ਖ਼ਾਲਿਦ ਦਾ ਲੈਕਚਰ ਸੈਸ਼ਨ ਰੱਦ ਕਰਨ ਲਈ ਦਬਾਓ ਪਾਇਆ। ਜਿਸ ਅੱਗੇ ਆਖ਼ਿਰਕਾਰ ਪ੍ਰਸ਼ਾਸਨ ਝੁਕ ਗਿਆ।

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ ਅਤੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਸੰਘ ਪਰਿਵਾਰ ਦੀ ਦਿਨੋ ਦਿਨ ਵਧ ਰਹੇ ਹਮਲਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਨੂੰ ਵਿਚਾਰਾਂ ਦੀ ਆਜ਼ਾਦੀ ਉੱਪਰ ਫਾਸ਼ੀਵਾਦੀ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਰਾਜਸਥਾਨ ਦੀ ਜੋਧਪੁਰ ਸੈਂਟਰਲ ਯੂਨੀਵਰਸਿਟੀ ਵਿਚ ਆਯੋਜਤ ਕਾਨਫਰੰਸ ਵਿਚ ਪ੍ਰੋਫੈਸਰ ਨਿਵੇਦਿਤਾ ਮੈਨਨ ਦੇ ਭਾਸ਼ਣ ਬਾਰੇ ਵਿਵਾਦ ਖੜ੍ਹਾ ਕਰਕੇ ਸੰਘ ਬਰਗੇਡ ਨੇ ਕਾਨਫਰੰਸ ਦੀ ਆਯੋਜਕ ਪ੍ਰੋਫੈਸਰ ਰਾਜਸ਼੍ਰੀ ਰਾਨਾਵਤ ਨੂੰ ਨੌਕਰੀ ਤੋਂ ਮੁਅੱਤਲ ਕਰਵਾ ਦਿੱਤਾ ਗਿਆ ਸੀ। ਜਮਹੂਰੀ ਅਧਿਕਾਰ ਸਭਾ ਇਸ ਗੁੰਡਾਗਰਦੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਸਾਰੀਆਂ ਹੀ ਇਨਸਾਫ਼ਪਸੰਦ ਤਾਕਤਾਂ ਨੂੰ ਸੰਘ ਪਰਿਵਾਰ ਦੀ ਦਿਨੋਦਿਨ ਵਧ ਰਹੇ ਫਾਸ਼ੀਵਾਦੀ ਹਮਲਿਆਂ ਵਿਰੁੱਧ ਇਕਜੁੱਟ ਹੋਕੇ ਆਵਾਜ਼ ਉਠਾਉਣ ਦੀ ਅਪੀਲ ਕਰਦੀ ਹੈ।

ਬੂਟਾ ਸਿੰਘ, ਪ੍ਰੈੱਸ ਸਕੱਤਰ

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone