…ਜਦੋਂ ਬਿਜਲੀ ਕੁਨੈਕਸ਼ਨ ਕੱਟਣ ਗਏ ਅਧਿਕਾਰੀ ਬੇਰੰਗ ਮੁੜੇ

ਨਿੱਜੀ ਪੱਤਰ ਪ੍ਰੇਰਕ
ਸਿਰਸਾ, 28 ਅਗਸਤ
ਬਿਜਲੀ ਦੇ ਬਿੱਲ ਨਾ ਭਰਨ ਕਾਰਨ ਕੁਨੈਕਸ਼ਨ ਕੱਟਣ ਦੀ ਨਿਗਮ ਦੀ ਮੁਹਿੰਮ ਕਾਰਨ ਪਿੰਡਾਂ ਦੇ ਲੋਕਾਂ ਵਿੱਚ ਰੋਹ ਫੈਲ ਗਿਆ। ਪਿੰਡ ਕੰਵਰਪੁਰਾ ’ਚ ਬਿਜਲੀ ਦੇ ਕੁਨੈਕਸ਼ਨ ਕੱਟਣ ਗਏ ਬਿਜਲੀ ਮੁਲਾਜ਼ਮਾਂ ਨੂੰ ਪਿੰਡ ਵਾਸੀਆਂ ਨੇ ਘੇਰ ਲਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਤੇ ਮੁਲਾਜ਼ਮਾਂ ਨੂੰ ਬਿਨਾਂ ਕੁਨੈਕਸ਼ਨ ਕੱਟੇ ਮੁੜਨਾ ਪਿਆ।
ਬਿਜਲੀ ਅੰਦੋਲਨ ਸੰਘਰਸ਼ ਸਮਿਤੀ ਦੇ ਸੱਦੇ ’ਤੇ ਇਲਾਕੇ ਦੇ ਲੋਕਾਂ ਵੱਲੋਂ ਬਿਜਲੀ ਦੇ ਵਧੇ ਬਿੱਲ ਨਹੀਂ ਭਰੇ ਜਾ ਰਹੇ। ਅੱਜ ਮੀਟਰ ਉਤਾਰਨ ਲਈ ਬਿਜਲੀ ਨਿਗਮ ਦੇ ਮੁਲਾਜ਼ਮ ਕੰਵਰਪੁਰਾ ਗਏ।  ਉਨ੍ਹਾਂ ਬਿਜਲੀ ਦਾ ਬਿੱਲ ਨਾ ਭਰਨ ਵਾਲੇ ਕੁਝ ਲੋਕਾਂ ਦੇ ਮੀਟਰ ਪੁੱਟ ਲਏ। ਇਸ ਦੀ ਸੂਚਨਾ ਬਿਜਲੀ ਅੰਦੋਲਨ ਸੰਘਰਸ਼ ਸਮਿਤੀ ਦੇ ਆਗੂਆਂ ਨੂੰ ਮਿਲੀ ਤਾਂ ਉਹ ਤੁਰੰਤ ਪਿੰਡ ਵਿੱਚ ਇਕੱਠੇ ਹੋ ਗਏ ਤੇ ਬਿਜਲੀ ਦੇ ਮੀਟਰ ਉਤਾਰਨ ਵਾਲੇ ਮੁਲਾਜ਼ਮਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਇਕੱਠਾ ਹੁੰਦੇ ਦੇਖ ਬਿਜਲੀ ਨਿਗਮ ਦੇ ਅਧਿਕਾਰੀਆਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ। ਪੁਲੀਸ ਆਪਣੇ ਪੂਰੇ ਬਲ ਨਾਲ ਮੌਕੇ ’ਤੇ ਪੁੱਜੀ ਪਰ ਲੋਕਾਂ ਦੇ ਭਾਰੀ ਵਿਰੋਧ ਅੱਗੇ ਉਸ ਦੀ ਇਕ ਨਾ ਚਲੀ। ਲੋਕਾਂ ਨੇ ਘਰਾਂ ਦੇ ਬਾਹਰ ਲੱਗੇ ਮੀਟਰ ਬਿਜਲੀ ਨਿਗਮ ਦੇ ਕਰਮਚਾਰੀਆਂ ਨੂੰ ਨਹੀਂ ਉਤਾਰਨ ਦਿੱਤੇ।
ਇਸ ਮੌਕੇ ’ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਬਿਜਲੀ ਅੰਦੋਲਨ ਸੰਘਰਸ਼ ਸਮਿਤੀ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਬਿਜਲੀ ਦੇ ਵਧੇ ਬਿੱਲਾਂ ਦੇ ਖ਼ਿਲਾਫ਼ ਉਨ੍ਹਾਂ ਦਾ ਅੰਦੋਲਨ ਚਲ ਰਿਹਾ ਹੈ। ਇਸ ਅੰਦੋਲਨ ਦੇ ਤਹਿਤ ਬਿਜਲੀ ਦੇ ਬਿੱਲ ਨਹੀਂ ਭਰੇ ਜਾ ਰਹੇ। ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਘਰ ਦੀ ਬਿਜਲੀ 2.50 ਰੁਪਏ ਪ੍ਰਤੀ ਯੂਨਿਟ ਅਤੇ ਦੁਕਾਨਦਾਰ ਦੀ ਬਿਜਲੀ 3 ਰੁਪਏ ਪ੍ਰਤੀ ਯੂਨਿਟ ਨਹੀਂ ਕਰ ਦਿੱਤੀ ਜਾਂਦੀ। ਇਸ ਮੌਕੇ ’ਤੇ ਸਮਿਤੀ ਦੇ ਕਨਵੀਨਰ ਮਨੋਜ ਪਚੇਰਵਾਲ, ਏ.ਆਈ.ਐਸ. ਐਫ. ਦੇ ਸੂਬਾਈ ਕਨਵੀਨਰ ਰੋਸ਼ਨ ਸੁਚਾਨ ਭੋਜ ਰਾਜ ਨੇ ਸੰਬੋਧਨ ਕੀਤਾ।

Widgetized Section

Go to Admin » appearance » Widgets » and move a widget into Advertise Widget Zone