Last UPDATE: August 27, 2014 at 7:51 pm

ਚੰਡੀਗੜ੍ਹ ਪੁਲੀਸ ਦੀ ਕਮਾਨ ‘ਨਾਰੀ ਸ਼ਕਤੀ’ ਰਹੀ ਹੈ ਸੰਭਾਲ

ਤਰਲੋਚਨ ਸਿੰਘ/ਟ.ਨ.ਸ.
ਚੰਡੀਗੜ੍ਹ, 27 ਅਗਸਤ
ਚੰਡੀਗੜ੍ਹ ਪੁਲੀਸ ਦੀ ਕਮਾਂਡ ਡੈਪੂਟੇਸ਼ਨ ‘ਤੇ ਦਿੱਲੀ ਤੋਂ ਆਈਆਂ ਦੋ ਜੋੜੀਆਂ ਤੇ ਮਹਿਲਾ ਪੁਲੀਸ ਅਧਿਕਾਰੀਆਂ ਦੇ ਹੱਥ ਹੈ। ਚੰਡੀਗੜ੍ਹ ਪੁਲੀਸ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਮੁੱਖ ਵਿੰਗਾਂ ਦੀ ਕਮਾਂਡ ਮਹਿਲਾ ਪੁਲੀਸ ਅਧਿਕਾਰੀਆਂ ਨੇ ਸਾਂਭੀ ਹੈ।
ਚੰਡੀਗੜ੍ਹ ਦੇ ਪੁਲੀਸ ਵਿੱਚ ਪਹਿਲੀ ਵਾਰ ਕੁੱਲ ਤਿੰਨ ਉਪ ਮੰਡਲ ਪੁਲੀਸ ਖੇਤਰਾਂ ‘ਚੋਂ ਦੋ ਖੇਤਰਾਂ ਦੀ ਕਮਾਂਡ ਪਤੀ-ਪਤਨੀ ਪੁਲੀਸ ਅਧਿਕਾਰੀ ਕਰ ਰਹੇ ਹਨ। ਇਸ ਵੇਲੇ ਡੀਐਸਪੀ (ਪੂਰਬ) ਆਈਪੀਐਸ ਅਧਿਕਾਰੀ ਪਰਵਿੰਦਰ ਸਿੰਘ ਤੇ ਡੀਐਸਪੀ (ਦੱਖਣ) ਦੀ ਕਮਾਂਡ ਉਨ੍ਹਾਂ ਦੀ ਪਤਨੀ ਤੇ ਆਈਪੀਐਸ ਅਧਿਕਾਰੀ ਉਰਵਿਜਾ ਗੋਇਲ ਦੇ ਹੱਥ ਹੈ। ਇਸੇ ਤਰ੍ਹਾਂ ਸ਼ਹਿਰ ਦੇ 70 ਫੀਸਦ ਖੇਤਰ ਦੀ ਸੁਰੱਖਿਆ ਦੀ ਕਮਾਂਡ ਇਸ ਆਈਪੀਐਸ ਜੋੜੀ ਦੇ ਹੱਥ ਹੀ ਹੈ। ਦੱਸਣਯੋਗ ਹੈ      ਕਿ ਪੂਰਬ ਤੇ ਦੱਖਣ ਖੇਤਰਾਂ ‘ਚ ਸ਼ਹਿਰ   ਦੇ ਕੁੱਲ 11 ਥਾਣਿਆਂ ‘ਚੋਂ 8 ਥਾਣੇ ਆਉਂਦੇ ਹਨ।
ਇਸੇ ਤਰ੍ਹਾਂ ਦਿੱਲੀ ਤੋਂ ਡੈਪੂਟੇਸ਼ਨ ‘ਤੇ ਆਏ ਦੀਪਕ ਯਾਦਵ ਡੀਐਸਪੀ ਹੈਡਕੁਆਰਟਰ ਤਾਇਨਾਤ ਹਨ ਜਦਕਿ ਉਨ੍ਹਾਂ ਦੀ ਪਤਨੀ ਰਸ਼ਮੀ ਡੀਐਸਪੀ ਸਾਈਬਰ ਕਰਾਈਮ ਸੈੱਲ ਨਿਯੁਕਤ ਕੀਤੇ ਹਨ। ਸਾਈਬਰ ਕਰਾਈਮ ਸੈੱਲ ਇਕ ਤਰ੍ਹਾਂ ਮਹਿਲਾ ਅਧਿਕਾਰੀਆਂ ਦੇ ਹੱਥ ਹੀ ਸੌਂਪ ਦਿੱਤਾ ਹੈ ਕਿਉਂਕਿ ਇਸ ਸੈੱਲ ਦੀ ਇੰਸਪੈਕਟਰ ਵੀ ਮਹਿਲਾ ਪੁਲੀਸ ਅਧਿਕਾਰੀ ਰੀਨਾ ਯਾਦਵ ਹੈ। ਚੰਡੀਗੜ੍ਹ ਦੇ ਵੀਵੀਆਈਪੀ ਖੇਤਰ ਵਿਚਲੇ ਸੈਕਟਰ-3 ਥਾਣੇ ਦੀ ਐਸਐਚਓ ਵੀ ਮਹਿਲਾ ਅਧਿਕਾਰੀ ਹਰਜੀਤ ਕੌਰ ਹਨ। ਇਸੇ ਤਰ੍ਹਾਂ ਚੰਡੀਗੜ੍ਹ ਦੇ ਮੁੱਢਲੇ ਸੈਕਟਰਾਂ-18, 19, 20 ਅਤੇ 21 ਦੇ ਥਾਣੇ ਦੀ ਐਸਐਚਓ ਵੀ ਇਕ ਮਹਿਲਾ ਅਧਿਕਾਰੀ ਪੂਨਮ ਦਿਲਾਵਰੀ ਹੀ ਹੈ। ਇੰਸਪੈਕਟਰ ਜਨਰਲ ਆਰਪੀ ਓਪਾਧਿਆਏ ਦੀ ਸਟਾਫ਼ ਅਫਸਰ ਵੀ ਮਹਿਲਾ ਇੰਸਪੈਕਟਰ ਸੀਤਾ ਦੇਵੀ ਹੈ। ਦੂਜੇ ਪਾਸੇ ਐਸਐਸਪੀ ਡਾ. ਸੁਖਚੈਨ ਸਿੰਘ ਗਿੱਲ ਨੂੰ ਮੁਲਾਕਾਤੀਆਂ ਨੂੰ ਮਿਲਾਉਣ ਦੀ ਜ਼ਿੰਮੇਵਾਰੀ ਮਹਿਲਾ ਇੰਸਪੈਕਟਰ ਕੁਲਦੀਪ ਕੌਰ ਨਿਭਾਅ ਰਹੀ ਹੈ। ਉਹ ਕਮਿਊਨਿਟੀ ਰਿਡਰੈਸਲ ਯੂਨਿਟ (ਸੀਆਰਯੂ) ਦੀ ਇੰਚਾਰਜ ਹੈ।
ਤਕਨੀਕੀ ਢੰਗ ਨਾਲ ਅਪਰਾਧੀਆਂ ਦੀ ਪੈੜ ਨੱਪਣ ਵਾਲੇ ਮਾਸਟਰ ਟੈਕਨੀਕਲ ਸੈੱਲ ਦੀ ਇੰਚਾਰਜ ਵੀ ਮਹਿਲਾ ਇੰਸਪੈਕਟਰ ਮੰਜੂ ਹੈ। ਵਿਜੀਲੈਂਸ ਬਿਊਰੋ ਦੀ ਇੰਸਪੈਕਟਰ ਵੀ ਮਹਿਲਾ ਪੁਲੀਸ ਅਧਿਕਾਰੀ ਗੁਰਜੀਤ ਕੌਰ ਹੈ। ਵਿਮੈਨ ਸੈੱਲ ਦੀ ਅਗਵਾਈ ਮਹਿਲਾ ਇੰਸਪੈਕਟਰ ਗੀਤਾ ਦੇਵੀ ਕਰ ਰਹੀ ਹੈ ਜਦਕਿ ਇਸ ਸੈੱਲ ਦੀ ਡੀਐਸਪੀ ਵੀ ਮਹਿਲਾ ਅਧਿਕਾਰੀ ਕਮਲਾ ਮੀਨਾ ਹੈ। ਭਰਤੀ ਸਿਖਲਾਈ ਕੇਂਦਰ (ਆਰਟੀਸੀ) ਦੀ ਚੀਫ ਲਾਅ ਇੰਸਪੈਕਟਰ ਵੀ ਮਹਿਲਾ ਅਧਿਕਾਰੀ ਜਸਵਿੰਦਰ ਕੌਰ ਹੈ। ਇਸੇ ਤਰ੍ਹਾਂ ਪੁਲੀਸ ਐਸਟੈਬਲਿਸ਼ਮੈਂਟ ਬੋਰਡ (ਪੀਈਬੀ) ਦੀ ਇੰਸਪੈਕਟਰ ਵੀ ਮਹਿਲਾ ਅਧਿਕਾਰੀ ਪ੍ਰਵੇਸ਼ ਕੁਮਾਰੀ ਹੈ।
ਪੁਲੀਸ ਦੇ ਅਹਿਮ ਵਿੰਗਾਂ ‘ਚ ਡੈਪੂਟੇਸ਼ਨ ‘ਤੇ ਆਈਆਂ ਜੋੜੀਆਂ ਤੇ ਮਹਿਲਾ ਮੁਲਾਜ਼ਮ ਤਾਇਨਾਤ ਕਰਨ ਨਾਲ ਸਥਾਨਕ ਫੋਰਸ ਦਾ ਸਾਰਾ ਰੰਗ-ਰੂਪ ਬਦਲ ਗਿਆ ਹੈ ਤੇ ਡੈਪੂਟੇਸ਼ਨ ‘ਤੇ ਥੋਕ ਵਿੱਚ ਆਏ ਪੁਲੀਸ ਅਧਿਕਾਰੀਆਂ ਕਾਰਨ ਪੁਲੀਸ ਆਪਣੇ-ਆਪ ‘ਚ ਹੀ ਬੋਝਲ ਮਹਿਸੂਸ ਕਰ ਰਹੀ ਹੈ। ਹੁਣ ਟ੍ਰੈਫਿਕ ਪੁਲੀਸ ‘ਤੇ ਡੈਪੂਟੇਸ਼ਨ ‘ਤੇ ਆਏ ਤਿੰਨ ਡੀਐਸਪੀ ਲਗਾਏ ਗਏ ਹਨ। ਟ੍ਰੈਫਿਕ ਪੁਲੀਸ ਵਿੱਚ ਡੀਐਸਪੀ (ਦੱਖਣ) ਸਤੀਸ਼ ਕੁਮਾਰ, ਡੀਐਸਪੀ (ਪੂਰਬ) ਪਵਨ ਕੁਮਾਰ ਤੇ ਡੀਐਸਪੀ (ਕੇਂਦਰੀ) ਰਾਜੇਸ਼ ਕਾਲੀਆ ਨਿਯੁਕਤ ਕੀਤੇ ਹਨ। ਦੱਸਣਯੋਗ ਹੈ ਕਿ ਚੰਡੀਗੜ੍ਹ ਪੁਲੀਸ ਦੇ ਇਤਿਹਾਸ ਵਿੱਚ ਹਮੇਸ਼ਾ ਟ੍ਰੈਫਿਕ ਪੁਲੀਸ ਦਾ ਇਕੋ ਡੀਐਸਪੀ ਰਿਹਾ ਹੈ।
ਇਕ ਪਾਸੇ ਜਿੱਥੇ ਆਈਪੀਐਸ ਅਧਿਕਾਰੀ ਏਐਸ ਚੀਮਾ ਨੇ ਪਰਸੋਂ ਬਤੌਰ ਡੀਆਈਜੀ ਜੁਆਇਨ ਕਰ ਲਿਆ ਹੈ ਇਸੇ ਤਰ੍ਹਾਂ ਐਸਐਸਪੀ ਅਪਰੇਸ਼ਨ ਦੀ ਅਸਾਮੀ ਲਈ ਆਈਪੀਐਸ ਅਧਿਕਾਰੀ ਰਾਮ ਨਿਵਾਸ ਦੇ ਹੁਕਮ ਜਾਰੀ ਹੋ ਚੁੱਕੇ ਹਨ ਅਤੇ      ਉਹ ਕਿਸੇ ਵੇਲੇ ਵੀ ਜੁਆਇਨ ਕਰ ਸਕਦੇ ਹਨ।
ਇਸ ਘੜਮੱਸ ਦੌਰਾਨ ਦਿੱਲੀ ਤੋਂ ਡੈਪੂਟੇਸ਼ਨ ‘ਤੇ ਆਏ ਡੀਐਸਪੀ (ਆਈਆਰਬੀ) ਵਿਜੈ ਕੁਮਾਰ ਅੱਧਵਾਟੇ ਹੀ ਦਿੱਲੀ ਦੀ ਟਿਕਟ ਕਟਵਾ ਕੇ ਕੱਲ੍ਹ ਵਾਪਸ ਚਲੇ ਗਏ ਹਨ।

Widgetized Section

Go to Admin » appearance » Widgets » and move a widget into Advertise Widget Zone