ਚੋਰੀ ਦੀ ਗੱਡੀ ਨੂੰ ਐਂਬੂਲੈਂਸ ਬਣਾ ਕੇ ਘੁੰਮਦਾ ਕਾਬੂ

ਪੁਲੀਸ ਵੱਲੋਂ ਕਾਬੂ ਕੀਤੀ ਗਈ ਚੋਰੀ ਦੀ ਗੱਡੀ। -ਫੋਟੋ ਰੂਬਲ

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ,  23 ਅਗਸਤ
ਪੁਲੀਸ ਨੇ ਚੋਰੀ ਦੀ ਗੱਡੀ ‘ਤੇ ਲਾਲ ਬੱਤੀ ਲੱਗਾ ਕੇ ਉਸ ਨੂੰ ਐਂਬੂਲੈਂਸ ਬਣਾ ਕੇ ਸ਼ਹਿਰ ‘ਚ ਘੁੰਮ ਰਹੇ ਇਕ ਚੋਰ ਨੂੰ ਗੱਡੀ ਸਮੇਤ ਕਾਬੂ ਕੀਤਾ ਹੈ। ਕਾਬੂ ਕੀਤੇ ਇਸ ਚੋਰ ਖ਼ਿਲਾਫ਼ ਪਹਿਲਾਂ ਹੀ ਵੱਖ ਵੱਖ ਪੁਲੀਸ ਥਾਣਿਆਂ ‘ਚ ਕਈ ਕੇਸ ਦਰਜ ਹਨ।
ਮਾਮਲੇ ਦੀ ਜਾਂਚ ਕਰ ਰਹੇ  ਏਐਸਆਈ ਹੰਸ ਰਾਜ ਨੇ ਦੱਸਿਆ ਕਿ ਪੁਲੀਸ ਨੇ ਬੀਤੀ ਰਾਤ ਜ਼ੀਰਕਪੁਰ ਵਿੱਚ ਲਾਏ ਨਾਕੇ ਦੌਰਾਨ ਸਨੌਲੀ ਵੱਲੋਂ ਆ ਰਹੀ ਕਾਲੇ ਰੰਗ ਦੀ ਲਾਲ ਬੱਤੀ ਲੱਗੀ ਐਂਬੂਲੈਂਸ ਨੂੰ ਸ਼ੱਕ ਪੈਣ ‘ਤੇ ਰੋਕਿਆ ਤਾਂ ਗੱਡੀ ਦਾ ਚਾਲਕ ਕੋਈ ਤਸੱਲੀਬਖਸ਼ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਉਨ੍ਹਾਂ ਦੱਸਿਆ ਕਿ ਗੱਡੀ ‘ਤੇ ਆਰਮੀ ਦਾ ਨੰਬਰ ਲੱਗਿਆ ਹੋਇਆ ਸੀ ਅਤੇ ਐਂਬੂਲੈਂਸ ਲਿਖਿਆ ਹੋਇਆ ਸੀ। ਜਦ ਪੁਲੀਸ ਨੇ ਕੁਝ ਸਖ਼ਤੀ ਕੀਤੀ ਤਾਂ ਚਾਲਕ ਨੇ ਮੰਨਿਆ ਕਿ ਉਸ ਨੇ ਇਹ ਗੱਡੀ ਆਨੰਦਪੁਰ ਸਾਹਿਬ ਤੋਂ ਚੋਰੀ ਕੀਤੀ ਸੀ। ਦੋਸ਼ੀ ਦੀ ਪਛਾਣ ਇੰਦਰਜੀਤ ਸਿੰਘ ਉਰਫ ਰਾਜੂ ਪੁੱਤਰ ਰਘੁਵੀਰ ਸਿੰਘ ਵਾਸੀ ਏਕਤਾ ਕਲੋਨੀ ਗਲੀ ਨੰਬਰ 4 ਪਟਿਆਲਾ ਵਜੋਂ ਹੋਈ ਹੈ। ਪੁਲੀਸ ਅਨੁਸਾਰ ਦੋਸ਼ੀ ਪਹਿਲਾਂ ਵੀ ਚੋਰੀਆਂ ਕਰਨ ਦਾ ਆਦੀ ਹੈ ਅਤੇ ਉਸ ਦੀ ਗ਼੍ਰਿਫਤਾਰੀ ਨਾਲ ਵਾਹਨ ਚੋਰੀ ਦੀਆਂ ਹੋਰ ਵਾਰਦਾਤਾਂ ਹੱਲ ਹੋਣ ਦੀ ਵੀ ਆਸ ਹੈ। ਪੁਲੀਸ ਨੇ ਕਾਬੂ ਗੱਡੀ ਸਬੰਧੀ ਆਨੰਦਪੁਰ ਸਾਹਿਬ ਪੁਲੀਸ ਨੂੰ ਸੂਚਿਤ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

Widgetized Section

Go to Admin » appearance » Widgets » and move a widget into Advertise Widget Zone