ਗੰਦਗੀ ਦੇ ਢੇਰਾਂ ਕਾਰਨ ਦਸੂਹਾ ਵਾਸੀ ਪ੍ਰੇਸ਼ਾਨ

ਦਸੂਹਾ ਦੇ ਮਿਸ਼ਨ ਰੋਡ ਦੇ ਦੁਕਾਨਦਾਰ ਰੋਸ ਪ੍ਰਗਟਾਵਾ ਕਰਦੇ ਹੋਏ।

ਭਗਵਾਨ ਦਾਸ ਸੰਦਲ
ਦਸੂਹਾ, 26 ਅਗਸਤ
ਨਗਰ ਕੌਂਸਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦਾ ਕੂੜਾ ਬਾਹਰ ਸੁੱਟਣ ਲਈ ਢੁੱਕਵੀਂ ਜਗ੍ਹਾ ਦਾ ਇੰਤਜ਼ਾਮ ਜਲਦੀ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਸਬੰਧੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਇੱਥੇ ਰਿਹਾਇਸ਼ੀ ਇਲਾਕਿਆਂ ਅਤੇ ਬਾਜ਼ਾਰਾਂ ਵਿੱਚ ਗੰਦਗੀ ਦੇ ਵੱਡੇ-ਵੱਡੇ  ਢੇਰ ਲੱਗ ਗਏ ਹਨ। ਇਸ ਕਾਰਨ ਇੱਥੇ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ ਪਰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਲੋਕਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ।
ਪਿਛਲੇ ਲੰਬੇ ਸਮੇਂ ਤੋਂ ਸਥਾਨਕ ਮਿਸ਼ਨ ਰੋਡ ਦੀ ਸਿਵਲ ਡਿਸਪੈਂਸਰੀ ਅੱਗੇ, ਭਗਵਤ ਧਾਮ ਮੰਦਰ ਨੇੜੇ,  ਗੁਰੂ ਨਾਨਕ ਮਾਰਕੀਟ ਨੇੜੇ, ਪੀਰ ਦੀ ਦਰਗਾਹ ਨੇੜੇ,ਆਦਿ ਥਾਵਾਂ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨੇ। ਬਦਬੂ ਕਾਰਨ ਜਿੱਥੇ ਰਾਹਗੀਰਾਂ ਦਾ ਲੰਘਣਾ ਮੁਸ਼ਕਲ ਹੋਇਆ ਪਿਆ ਹੈ, ਉੱਥੇ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਮਿਸ਼ਨ ਰੋਡ ਦੀ ਸਰਕਾਰੀ ਸਿਵਲ ਡਿਸਪੈਂਸਰੀ ਨੇੜੇ ਫੈਲੀ ਗੰਦਗੀ ਦਾ ਆਲਮ ਇਸ ਕਦਰ ਹੈ ਕਿ ਲੋਕਾਂ ਦਾ ਪੈਦਲ ਜਾਣਾ ਤਾਂ ਦੂਰ ਵਾਹਨਾਂ ਰਾਹੀਂ ਜਾਣ ਵਿੱਚ ਵੀ ਭਾਰੀ ਵਿਘਨ ਪੈ ਰਿਹਾ ਹੈ।
ਇਨਾਂ ਗੰਦਗੀ ਦੇ ਢੇਰਾਂ ਕਾਰਨ ਬੀਮਾਰੀ ਫ਼ੈਲਣ ਦੇ ਖ਼ਦਸ਼ੇ ਨੂੰ ਲੈ ਕੇ ਜਦੋਂ ਅੱਜ ਕਾਰਜ ਸਾਧਕ ਅਫ਼ਸਰ ਵਿਜੇ ਸਾਗਰ ਮਹਿਤਾ, ਮਿਸ਼ਨ ਰੋਡ  ਦਾ ਜਾਇਜ਼ਾ ਲੈ ਰਹੇ ਸਨ ਤਾਂ ਵਪਾਰ ਮੰਡਲ ਦਸੂਹਾ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਦੀ ਅਗਵਾਈ ਹੇਠ ਸਮੂਹ ਦੁਕਾਰਨਦਾਰਾਂ ਨੇ ਨਗਰ ਕੌਂਸਲ ਖ਼ਿਲਾਫ਼ ਰੋਸ ਜ਼ਾਹਰ ਕਰਦਿਆ ੰਦਗੀ ਹਟਾਉਣ ਦੀ ਮੰਗ ਕੀਤੀ।
ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਨੇ ਕਿਹਾ ਕਿ ਗੰਦਗੀ ਕਾਰਨ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣਾ ਬੈਠਾ ਹੈ, ਜਦੋਂਕਿ ਸਮੱਸਿਆ ਸਬੰਧੀ ਵਪਾਰ ਮੰਡਲ ਦੇ ਵਫ਼ਦ ਸਮੇਤ ਹੋਰ ਜੱਥੇਬੰਦੀਆਂ ਨੇ ਕਈ ਵਾਰ ਐਸਡੀਐਮ ਬਰਜਿੰਦਰ ਸਿੰਘ ਨੂੰ ਵੀ ਜਾਣੂ ਕਰਵਾਇਆ ਹੈ। ਕਾਰਜ ਸਾਧਕ ਅਫ਼ਸਰ ਵਿਜੈ ਸਾਗਰ ਮਹਿਤਾ ਨੇ ਕਿਹਾ ਕਿ ਨਗਰ ਕੌਂਸਲ ਕੋਲ ਅਜੇ ਸ਼ਹਿਰ ਦਾ ਕੂੜਾ ਸੁੱਟਣ ਲਈ ਢੁੱਕਵੀਂ  ਥਾਂ ਦਾ ਇੰਤਜ਼ਾਮ ਨਹੀਂ ਹੋ ਰਿਹਾ, ਜਿਸ ਕਾਰਨ ਇਹ ਸਮੱਸਿਆ ਗੰਭੀਰ ਬਣੀ ਪਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਹਲਕਾ ਵਿਧਾਇਕਾ ਬੀਬੀ ਸੁਖਜੀਤ ਕੌਰ ਸਾਹੀ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਵਿਧਾਇਕਾ ਸੁਖਜੀਤ ਕੌਰ ਸਾਹੀ ਨੇ ਕਿਹਾ ਕਿ ਸ਼ਹਿਰ ਦੀ ਗੰਦਗੀ ਬਾਹਰ ਸੁੱਟਣ ਲਈ ਥਾਂ ਦਾ ਇੰਤਜ਼ਾਮ ਕਰਨ ਲਈ ਕਾਰਵਾਈ ਅਮਲ ਅਧੀਨ ਹੈ ਅਤੇ ਜਲਦੀ ਹੀ ਇਲਾਕਾ ਨਿਵਾਸੀਆਂ ਨੂੰ ਇਸ ਸੱਮਸਿਆ ਤੋਂ ਨਿਜ਼ਾਤ ਦਿਵਾਈ ਜਾਏਗੀ।
ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੀ ਦਸੂਹਾ ਨਗਰ ੋਕੌਂਸਲ ਨੂੰ ਸ਼ਹਿਰ ਦੀ ਸਫ਼ਾਈ ਵਿੱਚ ਵਰਤੀ ਜਾ ਰਹੀ ਕੋਤਾਹੀ ਦੇ ਮਦੇਨਜ਼ਰ ਕਾਨੂੰਨੀ ਕਾਰਵਾਹੀ ਦਾ ਨੋਟਿਸ ਭੇਜਿਆ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਸ਼ਹਿਰ ਦਾ ਸਫ਼ਾਈ ਪੱਖੋਂ ਬੁਰਾ ਹਾਲ ਹੈ।

Widgetized Section

Go to Admin » appearance » Widgets » and move a widget into Advertise Widget Zone