ਕੇਜਰੀਵਾਲ ਦੀ ਵਿਰੋਧੀਆਂ ਖਿਲਾਫ਼ ਬੇਤੁਕੀ ਬਿਆਨਬਾਜ਼ੀ ਉਸ ਦੀ ਮਾਯੂਸੀ ਦਾ ਨਤੀਜਾ-ਮੁੱਖ ਮੰਤਰੀ

ਕੇਜਰੀਵਾਲ ਨੰੂ ਮੁੱਖ ਮੰਤਰੀ ਦੀ ਕੁਰਸੀ ਦੀ ਮਰਿਆਦਾ ਬਾਰੇ ਕੋਈ ਗਿਆਨ ਨਹੀ
ਅਕਾਲੀ ਭਾਜਪਾ ਗਠਜੋੜ ਸੂਬੇ ਵਿੱਚ ਤੀਸਰੀ ਵਾਰ ਸੱਤਾ ਵਿੱਚ ਆਵੇਗਾ
ਸਿੱਧੂ ਦੇ ਆਪ ਵਿੱਚ ਜਾਣ ਨਾਲ ਪੰਜਾਬ ਦੀ ਸਿਆਸਤ ’ਤੇ ਕੋਈ ਪ੍ਰਭਾਵ ਨਹੀ ਪਵੇਗਾ
ਅਮਰਿੰਦਰ ਵੱਲੋਂ ਐਸ.ਵਾਈ.ਐਲ ਦੇ ਮੁੱਦੇ ਤੇ ਗਲਤ ਤੱਥ ਪੇਸ਼ ਕੀਤੇ ਜਾ ਰਹੇ
ਕੇਂਦਰ ਦੀ ਐਨ.ਡੀ.ਏ ਸਰਕਾਰ ਤੋਂ ਪੰਜਾਬ ਨੰੂ ਬੇਸਕੀਮਤੀ ਤੋਹਫੇ ਮਿਲੇ
ਭਦੌੜ ਵਿਧਾਨ ਸਭਾ ਹਲਕੇ ਵਿੱਚ ਸੰਗਤ ਦਰਸ਼ਨ

ਭਦੌੜ 29 ਜੁਲਾਈ (ਵਿਕਰਾਂਤ ਬਾਂਸਲ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਖਿਲਾਫ਼ ਦਿੱਤੇ ਜਾ ਰਹੇ ਬੇਤੁਕੇ ਬਿਆਨ ਸਿੱਧ ਕਰਦੇ ਨੇ ਕਿ ਕੇਜਰੀਵਾਲ ਇਕ ਮਾਯੂਸ ਆਦਮੀ ਹੈ ਜਿਸ ਨੰੂ ਆਪਣੀ ਕੁਰਸੀ ਦੀ ਮਰਿਆਦਾ ਬਾਰੇ ਵੀ ਕੁੱਝ ਨਹੀ ਪਤਾ ਹੈ।
ਅੱਜ ਇਥੇ ਭਦੌੜ ਵਿਧਾਨ ਸਭਾ ਦੇ ਸੰਗਤ ਦਰਸ਼ਨ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਦੇ ਵਿਰਾਜ਼ਮਾਨ ਕਿਸੇ ਵੀ ਆਗੂ ਨੰੂ ਇਹ ਸ਼ੋਭਾ ਨਹੀ ਦਿੰਦਾ ਕਿ ਉਹ ਪ੍ਰਧਾਨ ਮੰਤਰੀ ਅਤੇ ਹੋਰ ਸਿਆਸੀ ਵਿਰੋਧੀਆਂ ਖਿਲਾਫ਼ ਬੇਲੋੜੀ ਟਿੱਪਣੀ ਕਰੇ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਸਬੂਤ ਦੇ ਆਪਣੇ ਵਿਰੋਧੀਆਂ ਖਿਲਾਫ਼ ਗੰਭੀਰ ਦੋਸ਼ ਲਗਾ ਕੇ ਕੇਜਰੀਵਾਲ ਨੇ ਬਹੁਤ ਮੰਦਭਾਗਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੰੂ ਸਿਰਫ਼ ਸਸਤੀ ਸੋਹਰਤ ਲਈ ਅਜਿਹੀ ਬੇਬੁਨਿਆਦ ਬਿਆਨਬਾਜ਼ੀ ਨਹੀ ਕਰਨੀ ਚਾਹੀਦੀ। ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਆਪਣੀਆਂ ਲੋਕ ਪੱਖੀ ਅਤੇ ਵਿਕਾਸ ਮੁੱਖੀ ਨੀਤੀਆਂ ਦੇ ਕਰਕੇ ਅਕਾਲੀ ਭਾਜਪਾ ਗਠਜੋੜ ਸੂਬੇ ਵਿੱਚ ਲਗਾਤਾਰ ਤੀਸਰੀ ਵਾਰ ਸਰਕਾਰ ਬਣਾਏਗਾ। ਉਨ੍ਹਾਂ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਅਕਾਲੀ ਭਾਜਪਾ ਗਠਜੋੜ ਦਾ ਕੋਈ ਵੀ ਵਿਰੋਧੀ ਨਹੀ ਹੈ ਅਤੇ ਸੂਬੇ ਵਿੱਚ ਮੁੜ ਸਾਡੀ ਹੀ ਸਰਕਾਰ ਬਣੇਗੀ। ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਨਾਲ ਪੰਜਾਬ ਦੀ ਸਿਆਸਤ ’ਤੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਭਾਵ ਨਹੀ ਪਵੇਗਾ। ਉਨ੍ਹਾਂ ਮੁੜ ਦੋਹਰਾਇਆ ਕਿ ਪੰਜਾਬ ਦੇ ਲੋਕ ਮੌਕਾਪ੍ਰਸਤ ਆਗੂਆਂ ਦੇ ਸਖ਼ਤ ਖਿਲਾਫ਼ ਹਨ ਅਤੇ ਉਹ ਸਿੱਧੂ ਨੰੂ ਵੀ ਸਬਕ ਸਿਖਾਉਣਗੇ। ਇਸ ਤੋਂ ਪਹਿਲਾ ਸ਼ਹਿਣਾ, ਜੰਗੀਆਣਾ ਅਤੇ ਭਦੌੜ ਵਿਖੇ ਸੰਗਤ ਦਰਸ਼ਨ ਦੌਰਾਨ ਜਨਤਕ ਇਕੱਠਾਂ ਨੰੂ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਸੂਬਾ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਐਸ.ਵਾਈ.ਐਲ ਨਹਿਰ ਦੇ ਮੁੱਦੇ ’ਤੇ ਗਲਤ ਤੱਥ ਪੇਸ਼ ਕਰਕੇ ਲੋਕਾਂ ਨੰੂ ਗੁੰਮਰਾਹ ਕਰਨ ਦੀ ਕੋਸ਼ਿਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹੀ ਸੂਬੇ ਤੋਂ ਪਾਣੀ ਖੋਹਣ ਲਈ ਐਸ.ਵਾਈ.ਐਲ ਬਨਾਉਣ ਦਾ ਸਮਝੌਤਾ ਕੀਤਾ ਸੀ ਅਤੇ ਉਸ ਵੇਲੇ ਇਸ ਨਹਿਰ ਦਾ ਟੱਕ ਲਾਉਣ ਆਈ ਇੰਦਰਾ ਗਾਂਧੀ ਦਾ ਕੈਪਟਨ ਸਮੇਤ ਸੂਬੇ ਦੇ ਹਰ ਕਾਂਗਰਸੀ ਨੇ ਜ਼ੋਰਦਾਰ ਸਵਾਗਤ ਕੀਤਾ ਸੀ ਪਰ ਉਨ੍ਹਾਂ ਕਿਹਾ ਕਿ ਹੁਣ ਆਪਣੀ ਹੋਂਦ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਝੂਠੀ ਬਿਆਨਬਾਜ਼ੀ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਪ ਅਤੇ ਕਾਂਗਰਸ ਦੋਵੇਂ ਇੱਕੋ ਸਿੱਕੇ ਦੋ ਪਹਿਲੂ ਹਨ ਜਿਨ੍ਹਾਂ ਦੀ ਪੰਜਾਬ ਦੇ ਲੋਕਾਂ ਨਾਲ ਕੋਈ ਹਮਦਰਦੀ ਨਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਸੱਤਾ ਹਾਸਿਲ ਕਰਨ ਦੇ ਸੁਪਨੇ ਤਾਂ ਵੇਖ ਰਿਹਾ ਹੈ ਪਰ ਉਸ ਨੰੂ ਪੰਜਾਬ ਦੇ ਇਤਿਹਾਸ, ਭੂਗੋਲ ਅਤੇ ਸਭਿਆਚਾਰ ਬਾਰੇ ਕੋਈ ਗਿਆਨ ਨਹੀ ਹੈ। ਉਨ੍ਹਾਂ ਕਿਹਾ ਕਿ ਜਿਸ ਆਗੂ ਨੰੂ ਤਪਾ ਅਤੇ ਬਰਨਾਲਾ ਦਾ ਰਸਤਾ ਵੀ ਨਹੀ ਪਤਾ ਉਸ ਨੰੂ ਸੂਬੇ ਦੀ ਵਾਗਡੋਰ ਕਿਵੇਂ ਸੰਭਾਲੀ ਜਾ ਸਕਦੀ ਹੈ? ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਦੇ ਆਉਣ ਨਾਲ ਸੂਬੇ ਨੰੂ ਏਮਜ਼, ਆਈ.ਆਈ.ਐਮ, ਬਾਗਬਾਨੀ ਖੋਜ ਬਾਰੇ ਪੋਸਟ ਗਰੈਜੁਏਟ ਸੈਂਟਰ ਸੜਕਾਂ ਦਾ ਜਾਲ ਵਛਾਉਣ ਲਈ ਪ੍ਰਵਾਨਗੀ ਅਤੇ ਸਮਾਰਟ ਸਿਟੀ ਸਮੇਤ ਕਈਂ ਅਹਿਮ ਪ੍ਰੋਜੈਕਟ ਮਿਲੇ ਹਨ।
ਇਸ ਤੋ ਪਹਿਲਾ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਉਹਨਾਂ ਦੇ ਸਾਬਕਾ ਪ੍ਰਮੁੱਖ ਸਕੱਤਰ ਅਤੇ ਸੀਨੀਅਰ ਅਕਾਲੀ ਆਗੂ ਸ. ਦਰਬਾਰਾ ਸਿੰਘ ਗੁਰੂ ਨੇ ਆਪਣੇ ਰੁਝੇਵਿਆ ਵਿੱਚੋ ਭਦੌੜ ਵਿਧਾਨ ਸਭਾ ਹਲਕੇ ਲਈ ਸਮਾਂ ਕੱਢਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸ. ਬਾਦਲ ਦਾ ਇਹ ਨਿਵੇਕਲਾ ਉਪਰਾਲਾ ਭਦੌੜ ਵਿਧਾਨ ਸਭਾ ਹਲਕੇ ਦੇ ਵਿਕਾਸ ਨੂੰ ਹੋਰ ਵੀ ਹੁਲਾਰਾ ਦੇਵੇਗਾ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਵਿੱਤ ਅਤੇ ਯੋਜਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਮੁੱਖ ਮੰਤਰੀ ਦੇ ਸਾਬਕਾ ਪ੍ਰਮੱਖ ਸਕੱਤਰ ਅਤੇ ਸੀਨੀਅਰ ਅਕਾਲੀ ਆਗੂ ਸ. ਦਰਬਾਰਾ ਸਿੰਘ ਗੁਰੂ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ. ਜੇ. ਐਸ. ਚੀਮਾ, ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ, ਪ੍ਰਧਾਨ ਸੈਨਿਕ ਵਿੰਗ ਇਜ. ਗੁਰਜਿੰਦਰ ਸਿੰਘ ਸਿੱਧੂ, ਆਦਿ ਹਾਜ਼ਰ ਸਨ।
ਫੋਟੋ ਵਿਕਰਾਂਤ ਬਾਂਸਲ, ਸੰਗਤ ਦਰਸ਼ਨ ਦੀ ਤਸਵੀਰ।sVIKRANT BANSAL 2-2

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone