ਕੇਂਦਰੀ ਜੇਲ੍ਹ ਦੇ ਐੱਨਆਰਆਈ ਹਵਾਲਾਤੀ ਦੀ ਇਲਾਜ ਦੌਰਾਨ ਮੌਤ

ਗੁਰਦਾਸਪੁਰ, 24 ਅਗਸਤ

ਮ੍ਰਿਤਕ ਐੱਨਆਰਆਈ ਦੇ ਰਿਸ਼ਤੇਦਾਰ ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦੇ ਹੋਏ ਤੇ ਇਨਸੈੱਟ ਵਿੱਚ ਮ੍ਰਿਤਕ ਦੀ ਫਾਈਲ ਫੋਟੋ

ਮ੍ਰਿਤਕ ਐੱਨਆਰਆਈ ਦੇ ਰਿਸ਼ਤੇਦਾਰ ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦੇ ਹੋਏ ਤੇ ਇਨਸੈੱਟ ਵਿੱਚ ਮ੍ਰਿਤਕ ਦੀ ਫਾਈਲ ਫੋਟੋ

ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਇੱਕ ਐੱਨਆਰਆਈ ਹਵਾਲਾਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਵਾਰਸਾਂ ਨੇ ਜੇਲ੍ਹ ਪ੍ਰਸ਼ਾਸਨ ‘ਤੇ ਇਲਾਜ ਵਿੱਚ ਲਾਪਰਵਾਹੀ ਵਰਤਣ ਦਾ ਦੋਸ਼ ਲਗਾਇਆ ਹੈ। ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਹੈ ਅਤੇ ਅਮਰੀਕਾ ਰਹਿੰਦੀ ਮ੍ਰਿਤਕ ਦੀ ਭੈਣ ਦੇ ਆਉਣ ਉਪਰੰਤ ਹੀ ਪੋਸਟਮਾਰਟਮ ਕੀਤਾ ਜਾਵੇਗਾ। ਮ੍ਰਿਤਕ ਪ੍ਰਭਜੋਤ ਸਿੰਘ (45) ਪੁੱਤਰ ਸਵਿੰਦਰ ਸਿੰਘ ਗੁਰਦਾਸਪੁਰ ਦੇ ਪਿੰਡ ਸਾਰਚੂਰ ਦਾ ਰਹਿਣ ਵਾਲਾ ਸੀ ਪਰ ਅਮਰੀਕਾ ‘ਚ ਸੈੱਟ ਹੋ ਚੁੱਕਿਆ ਸੀ।
ਹਵਾਲਾਤੀ ਪ੍ਰਭਜੋਤ ਸਿੰਘ ਦੀ ਮੌਤ ਦੀ ਖ਼ਬਰ ਉਸ ਦੀ ਬੈਰਕ ਵਿੱਚ ਰਹਿੰਦੇ ਸਾਥੀਆਂ ਨੂੰ ਮਿਲਣ ‘ਤੇ ਉਨ੍ਹਾਂ ਭੁੱਖ ਹੜਤਾਲ ਦਾ ਐਲਾਨ ਕਰ ਦਿੱਤਾ ਹਾਲਾਂਕਿ ਬਾਅਦ ‘ਚ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਨੂੰ ਮਨਾਉਣ ਵਿੱਚ ਕਾਮਯਾਬ ਰਿਹਾ। ਜਾਣਕਾਰੀ ਅਨੁਸਾਰ ਪ੍ਰਭਜੋਤ ਸਿੰਘ ਖ਼ਿਲਾਫ਼ 8 ਨਵੰਬਰ 1988 ਨੂੰ ਪੁਲੀਸ ਥਾਣਾ ਡੇਰਾ ਬਾਬਾ ਨਾਨਕ ਵਿਖੇ ਧਾਰਾ 307/34 ਅਤੇ 3/4/5 ਟਾਡਾ ਤਹਿਤ ਕੇਸ ਦਰਜ ਕੀਤਾ ਗਿਆ ਸੀ ਪਰ ਪੁਲੀਸ ਵੱਲੋਂ ਸਮੇਂ ਸਿਰ ਚਾਲਾਨ ਨਾ ਪੇਸ਼ ਕੀਤੇ ਜਾਣ ਕਾਰਨ ਅਦਾਲਤ ਨੇ 26 ਸਤੰਬਰ 1989 ਨੂੰ ਕੇਸ ਖਾਰਜ ਕਰ ਦਿੱਤਾ ਸੀ ਜਿਸ ਉਪਰੰਤ ਉਹ ਅਮਰੀਕਾ ਚਲਾ ਗਿਆ ਸੀ। 14 ਦਸੰਬਰ 1994 ਨੂੰ ਉਸ ਦੇ ਵਾਪਸ ਆਉਣ ‘ਤੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਅਦਾਲਤ ਵੱਲੋਂ 1995 ਵਿੱਚ ਕੇਸ ਨੂੰ ਖਾਰਜ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਮੁੜ ਅਮਰੀਕਾ ਚਲਾ ਗਿਆ। ਇਸ ਪਿੱਛੋਂ ਪੁਲੀਸ ਨੇ ਪੁਰਾਣੇ ਟਾਡਾ ਕੇਸ ਤਹਿਤ ਅਦਾਲਤ ਵਿੱਚ ਚਾਲਾਨ ਪੇਸ਼ ਕਰ ਦਿੱਤਾ।
26 ਨਵੰਬਰ 2013 ਨੂੰ ਪ੍ਰਭਜੋਤ ਸਿੰਘ ਦੇ ਮੁੜ ਭਾਰਤ ਪਰਤਣ ‘ਤੇ ਪੁਲੀਸ ਨੇ ਉਸ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਇਸ ਸਮੇਂ ਉਹ ਕੇਂਦਰੀ ਜੇਲ੍ਹ ਗੁਰਦਾਸਪੁਰ ‘ਚ ਬੰਦ ਸੀ। ਪਿਛਲੇ ਕੁਝ ਸਮੇਂ ਤੋਂ ਉਸ ਨੂੰ ਛਾਤੀ ਵਿੱਚ ਦਰਜ ਦੀ ਸ਼ਿਕਾਇਤ ਸੀ। ਵਾਰਸਾਂ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਦਾਸਪੁਰ ਕੋਲ ਅਪੀਲ ਕਰ ਕੇ ਉਸ ਦਾ ਇਲਾਜ ਕਰਵਾਉਣ ਦੀ ਮੰਗ ਕੀਤੀ ਸੀ। ਮ੍ਰਿਤਕ ਦੇ ਸਾਲੇ ਸਤਵੰਤ ਸਿੰਘ ਕਾਹਲੋਂ, ਤਸਵੀਰ ਸਿੰਘ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਅਦਾਲਤ ਵੱਲੋਂ 19 ਅਗਸਤ 2014 ਨੂੰ ਇਲਾਜ ਸਬੰਧੀ ਹਦਾਇਤ ਕਰਨ ਦੇ ਬਾਵਜੂਦ ਉਸ ਨੂੰ 22 ਅਗਸਤ ਨੂੰ ਸਿਵਲ ਹਸਪਤਾਲ ਭੇਜਿਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਰੈਫ਼ਰ ਕਰ ਦਿੱਤਾ ਪਰ ਇਲਾਜ ਤੋਂ ਸੰਤੁਸ਼ਟ ਨਾ ਹੋਣ ਕਾਰਨ ਵਾਰਸਾਂ ਨੇ ਮੁੜ ਅਦਾਲਤ ਕੋਲ ਅਪੀਲ ਕਰ ਕੇ ਫੋਰਟਿਸ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ ਜਿੱਥੇ 24 ਅਗਸਤ ਦੀ ਸਵੇਰ ਕਰੀਬ ਛੇ ਵਜੇ ਪ੍ਰਭਜੋਤ ਸਿੰਘ ਦੀ ਮੌਤ ਹੋ ਗਈ।
ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਕਿ ਉਸ ਦੀ ਮੌਤ ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਹੋਈ ਹੈ। ਉਨ੍ਹਾਂ ਜੇਲ੍ਹ ਪ੍ਰਸ਼ਾਸਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਜੇਲ੍ਹ ਪ੍ਰਸ਼ਾਸਨ ਨੇ ਕੋਈ ਲਾਪ੍ਰਵਾਹੀ ਨਹੀਂ ਵਰਤੀ: ਜੇਲ੍ਹ ਸੁਪਰਡੈਂਟ

ਜੇਲ੍ਹ ਸੁਪਰਡੈਂਟ ਡੀ.ਕੇ.ਸਿੱਧੂ ਨੇ ਕਿਹਾ ਕਿ ਜਦੋਂ ਪ੍ਰਭਜੋਤ ਸਿੰਘ ਜੇਲ੍ਹ ਅੰਦਰ ਸੀ ਤਾਂ ਕੋਈ ਗੰਭੀਰ ਸਮੱਸਿਆ ਨਹੀਂ ਸੀ। ਅਦਾਲਤ ਦੇ ਹੁਕਮਾਂ ਉਪਰੰਤ ਪੁਲੀਸ ਨੂੰ ਗਾਰਦ ਮੁਹੱਈਆ ਕਰਵਾਉਣ ਲਈ ਲਿਖਿਆ ਗਿਆ ਸੀ। ਪੁਲੀਸ ਵੱਲੋਂ 22 ਅਗਸਤ ਨੂੰ ਗਾਰਡ ਮੁਹੱਈਆ ਕਰਵਾਉਣ ਉਪਰੰਤ ਹਵਾਲਾਤੀ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪ੍ਰਭਜੋਤ ਸਿੰਘ ਖੁਦ ਪੈਦਲ ਚੱਲ ਕੇ ਸਿਵਲ ਹਸਪਤਾਲ ਗਿਆ ਸੀ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਹੈ। ਉਨ੍ਹਾਂ ਮਾਮਲੇ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਨੂੰ ਲਿਖਿਆ ਹੈ।

Widgetized Section

Go to Admin » appearance » Widgets » and move a widget into Advertise Widget Zone