Last UPDATE: November 5, 2017 at 9:22 pm

ਕੀ ਫਿਰਕੂ ਨਫ਼ਰਤ ਫੈਲਾਉਣ ਵਾਲਿਆਂ ਖ਼ਿਲਾਫ਼ ਵੀ ਸਰਕਾਰ ਕੋਈ ਕਾਰਵਾਈ ਕਰੇਗੀ?

sarchand pic

ਲੇਖਕ :ਪ੍ਰੋ: ਸਰਚਾਂਦ ਸਿੰਘ

ਪੰਜਾਬ ਦੀ ਕਾਂਗਰਸ ਸਰਕਾਰ ਨੂੰ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਐਨ ਡੀ ਪੀ ਦੇ ਨਵੇਂ ਨੇਤਾ ਜਗਮੀਤ ਸਿੰਘ ਦੇ ਬਿਆਨਾਂ ਨਾਲ ਪੰਜਾਬ ਵਿੱਚ ਸ਼ਾਂਤੀ ਭੰਗ ਹੋਣ ਦਾ ਬੋਧ ਹੈ। ਨਾਲ ਹੀ ਉਹ ਰਾਜ ਵਿੱਚ ਅਮਨ ਕਾਨੂੰਨ ਵਿਵਸਥਾ ਬਣਾਈ ਰੱਖਣ ਪ੍ਰਤੀ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਮਹਾਰਾਸ਼ਟਰ ਰਾਜ ਦੀ ਤਰਜ਼ ‘ਤੇ ਪੰਜਾਬ ਆਰਗੇਨਾਈਜ਼ਡ ਕੰਟਰੋਲਡ ਕ੍ਰਾਈਮ ਐਕਟ (ਪਕੋਕਾ) ਦੀ ਤਿਆਰੀ ‘ਚ ਜੁਟੀ ਹੋਈ ਹੈ ਪਰ ਕੀ ਸਰਕਾਰ ਨੂੰ ਰਾਜ ਅਤੇ ਰਾਸ਼ਟਰ ਲਈ ਸਭ ਤੋਂ ਵੱਧ ਖਤਰਾ ਬਣ ਰਹੇ ਅਤੇ ਰਾਜ ‘ਚ ਖੁੰਬਾਂ ਵਾਂਗ ਪੈਦਾ ਰੋ ਰਹੇ ਹਿੰਦੂਵਾਦੀ ਗਰੁੱਪਾਂ ਵੱਲੋਂ ਸੰਸਥਾਗਤ ਫਿਰਕਾਪ੍ਰਸਤੀ ਹੇਠ ਸਿੱਖ ਭਾਈਚਾਰਿਆਂ ਵਿਰੁੱਧ ਆਪਣੀ ਭੜਾਸ ਕੱਢਦਿਆਂ ਸੁਚੇਤ ਰੂਪ ਵਿੱਚ ਦੋਹਾਂ ਭਾਈਚਾਰਿਆਂ ਵਿੱਚ ਨਫ਼ਰਤ ਦੇ ਬੀਜ ਬੀਜਣ ਦੇ ਯਤਨ ਨਹੀਂ ਨਜ਼ਰ ਆ ਰਹੇ?

ਆਪਣੇ ਨਿੱਜ ਸਵਾਰਥ ਲਈ ਸਮਾਜ ਨੂੰ ਹਿੰਦੂ ਅਤੇ ਸਿੱਖ ਖੇਮਿਆਂ ‘ਚ ਵੰਡ ਪਾ ਕੇ ਨਫ਼ਰਤ ਫੈਲਾ ਰਹੇ ਅਖੌਤੀ ਹਿੰਦੂ ਨੇਤਾਵਾਂ ਦੀਆਂ ਸ਼ੱਕੀ ਗਤੀਵਿਧੀਆਂ ਨੂੰ ਰੋਕਣ ਪ੍ਰਤੀ ਸੰਜੀਦਾ ਹੋਣ ਦੀ ਥਾਂ ਸਰਕਾਰ ਅਤੇ ਪੁਲੀਸ ਵੱਲੋਂ ਇਹਨਾਂ ਪ੍ਰਤੀ ਅਪਣਾਏ ਜਾ ਰਹੇ ਨਰਮ ਰਵਈਏ ਦੇ ਦੂਰਗਾਮੀ ਸਿੱਟੇ ਨਿਕਲ ਸਕਦੇ ਹਨ।

ਪੰਜਾਬ ਵਿੱਚ ਹਿੰਦੂ ਨੇਤਾਵਾਂ ਦੇ ਕਤਲਾਂ ਨੂੰ ਲੈ ਕੇ ਸਰਕਾਰ, ਪੁਲੀਸ ਪ੍ਰਸ਼ਾਸਨ, ਹਿੰਦੂ ਸੰਗਠਨਾਂ ਅਤੇ ਇਹਨਾਂ ਸੰਵੇਦਨਸ਼ੀਲ ਮਾਮਲਿਆਂ ਪ੍ਰਤੀ ਮੀਡੀਆ ਦੀ ਪੇਸ਼ਕਾਰੀ ਵੀ ਸਲਾਹੁਣ ਯੋਗ ਨਹੀਂ ਕਹੀ ਜਾ ਸਕਦੀ। ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਹਿੰਦੂ ਸੰਘਰਸ਼ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਵਿਪਨ ਸ਼ਰਮਾ ਦੀ ਹੱਤਿਆ ਦੇ ਮਾਮਲੇ ਵਿੱਚ ਪਹਿਲਾਂ ਐਂਟੀ ਟੈਰੇਰਿਸਟ ਫੋਰਸ ਦੇ ਆਈ. ਜੀ. ਕੰਵਰ ਵਿਜੈ ਪ੍ਰਤਾਪ ਸਿੰਘ ਅਤੇ ਹੁਣ ਡੀ. ਜੀ. ਪੀ. ਸ੍ਰੀ ਸੁਰੇਸ਼ ਅਰੋੜਾ ਵੱਲੋਂ ਇਹ ਸਪਸ਼ਟ ਕੀਤਾ ਜਾ ਚੁੱਕਿਆ ਹੈ ਕਿ ਇਸ ਕਤਲ ਨਾਲ ਖਾੜਕੂਵਾਦ ਦਾ ਕੋਈ ਸੰਬੰਧ ਨਹੀਂ, ਇਹ ਗੈਂਗਸਟਰਾਂ ਜਾਂ ਆਪਸੀ ਰੰਜਿਸ਼ ਦਾ ਸਿੱਟਾ ਸੀ।

ਇਸ ਤੋਂ ਪਹਿਲਾਂ ਮਾਮਲੇ ਦੀ ਸੰਵੇਦਨਸ਼ੀਲਤਾ ਦੇ ਅਭਾਸ ਦੌਰਾਨ ਪੁਲੀਸ ਕਮਿਸ਼ਨਰ ਸ੍ਰੀ ਵਾਸਤਵਾ ਵੱਲੋਂ ਹੱਤਿਆ ਵਿੱਚ ਪਗੜੀਧਾਰੀ ਨੌਜਵਾਨਾਂ ਦੀ ਸ਼ਮੂਲੀਅਤ ਅਤੇ ਵਿਪਨ ਸ਼ਰਮਾ ਦੀਆਂ ਗਰਮਖਿਆਲੀਆਂ ਵਿਰੋਧੀ ਸਰਗਰਮੀਆਂ ਨੂੰ ਦੇਖਦਿਆਂ ਜਾਂ ਕਿਸੇ ਦਬਾਅ ਅਧੀਨ ਇਸ ‘ਚ ਸਿੱਖ ਖਾੜਕੂਆਂ ਦਾ ਹੱਥ ਹੋਣ ਦਾ ਸ਼ੱਕ ਪ੍ਰਗਟ ਕੀਤਾ ਗਿਆ। ਜਿਸ ਨੂੰ ਲੈ ਕੇ ਮੀਡੀਆ ਵੱਲੋਂ ਇਸ ਨੂੰ ਖਾੜਕੂਵਾਦ ਨਾਲ ਜੋੜਦਿਆਂ ਵੱਡੀਆਂ ਸੁਰਖ਼ੀਆਂ ਰਾਹੀ ਕੀਤੀ ਗਈ ਗੈਰ ਜਿਮੇਵਾਰਾਨਾ ਪੇਸ਼ਕਾਰੀ ਨੇ ਹਿੰਦੂ ਨੇਤਾਵਾਂ ਨੂੰ ਇਸ ਮੁੱਦੇ ‘ਤੇ ਸਿਆਸੀ ਰੋਟੀਆਂ ਸੇਕਣ ਦਾ ਮੌਕਾ ਪ੍ਰਦਾਨ ਕੀਤਾ। ਉਹਨਾਂ ਸਿੱਖ ਭਾਈਚਾਰੇ ਵਿਰੁੱਧ ਅਪਸ਼ਬਦਾਂ ਦੀ ਵਰਤੋਂ ਕਰਦਿਆਂ ਸ਼ਹਿਰ ਦੇ ਕਈ ਥਾਵਾਂ ‘ਤੇ ਰੋਸ ਮਾਰਚ ਕੱਢੇ ਅਤੇ ਪੁਤਲੇ ਫੂਕੇ। ਪਹਿਲੀ ਨਜ਼ਰੇ ਅਜਿਹਾ ਲਗਾ ਕਿ ਪੰਜਾਬ ‘ਚ ਖਾੜਕੂਵਾਦ ਨੇ ਮੁੜ ਦਸਤਕ ਦੇ ਦਿੱਤੀ ਹੈ। ਪਰ ਅਜਿਹਾ ਕੁੱਝ ਵੀ ਨਹੀਂ ਸੀ। ਇਹ ਠੋਸ ਸਬੂਤਾਂ ਦੀ ਥਾਂ ਅਧਿਕਾਰੀਆਂ ਵੱਲੋਂ ਕਾਤਲਾਂ ਨੂੰ ਸਿੱਖ ਨੌਜਵਾਨ ਕਹਿ ਕੇ ਕੀਤੇ ਗਏ ਪ੍ਰਚਾਰ ਨੇ ਆਪਣਾ ਰੰਗ ਵਿਖਾਇਆ ਸੀ।

ਹਿੰਦੂ ਨੇਤਾ ਵਿਪਨ ਸ਼ਰਮਾ  ਦੀ ਹੱਤਿਆ ‘ਤੇ ਹਿੰਦੂ ਸੰਗਠਨਾਂ ਵੱਲੋਂ ਖਾੜਕੂਵਾਦ ਦੇ ਉਭਾਰ ਦਾ ਹਊਆ ਖੜ੍ਹਾ ਕਰਦਿਆਂ ਫੁੱਟ ਪਾਊ ਸਿਆਸਤ ਕਰਨ ‘ਚ ਕੋਈ ਕਸਰ ਨਹੀਂ ਛੱਡੀ ਗਈ।ਸਿੱਖ ਭਾਈਚਾਰੇ ਵਿਰੁੱਧ ਸ਼ਰੇਆਮ ਭੜਕਾਊ ਬਿਆਨਬਾਜ਼ੀ/ ਨਾਅਰੇਬਾਜ਼ੀ ਕਰਦਿਆਂ ਹਿੰਦੂ ਨੌਜਵਾਨਾਂ ਨੂੰ ਭੜਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਉੱਥੇ ਹੀ ਸਿੱਖ ਭਾਈਚਾਰੇ ਨੇ ਸੰਜਮ ਤੋਂ ਕੰਮ ਨਾ ਲਿਆ ਹੁੰਦਾ ਤਾਂ ਮਾਹੌਲ ਤਣਾਅ ਪੂਰਨ ਹੋ ਸਕਦਾ ਸੀ।ਪੁਲੀਸ ਪ੍ਰਸ਼ਾਸਨ ਵੱਲੋਂ ਫਿਰਕਾਪ੍ਰਤੀਆਂ ਨੂੰ ਦਬਾਉਣ ਦੀ ਥਾਂ ਉਹਨਾਂ ਪ੍ਰਤੀ ਨਰਮੀ ਵਰਤੀ ਗਈ। ਰੋਸ ਮੁਜ਼ਾਹਰਾ ਕਰ ਰਹੇ ਹਿੰਦੂ ਸੰਗਠਨਾਂ ਵੱਲੋਂ ਘਟਨਾ ਨੂੰ ਸਿੱਖ ਖਾੜਕੂਵਾਦ ਨਾਲ ਜੋੜਿਆ ਜਾਣਾ ਅਤੇ ਸਿੱਖਾਂ ਦਾ ਗਲਤ ਅਕਸ ਪੇਸ਼ ਕਰਨਾ ਸਿਆਸਤ ਤੋਂ ਪ੍ਰੇਰਤ ਸੀ।

ਪੰਜਾਬ ‘ਚ ਹਿੰਦੂ ਸੁਰੱਖਿਆ ਦੇ ਨਾਮ ਹੇਠ ਕਈ ਨੌਨਿਹਾਦ ਹਿੰਦੂ ਸੰਗਠਨਾਂ ਹੋਂਦ ਵਿੱਚ ਆਈਆਂ ਜਿਨ੍ਹਾਂ ‘ਚ ਬਹੁਤੇ ਲੀਡਰਾਂ ਨੂੰ ਆਪਣਾ ਸਵਾਰਥ ਸਿੱਧ ਕਰਨ ਲਈ ਪੰਜਾਬ ਦੀ ਆਬੋ ਹਵਾ ਨੂੰ ਅੱਗ ਲਾਉਣ ਤੋਂ ਵੀ ਗੁਰੇਜ਼ ਨਹੀਂ ਸੀ। ਇਹਨਾਂ ਤਾਕਤਾਂ ਦਾ ਸਰੋਕਾਰ ਹਿੰਦੂ ਸੁਰੱਖਿਆ ਨਾ ਹੋ ਕੇ ਸਿਆਸੀ ਸੁਰੱਖਿਆ ( ਗੰਨਮੈਨ ) ਲੈ ਕੇ ਸਿਆਸੀ ਚੌਧਰ ਹਾਸਲ ਕਰਨੀ ਅਤੇ ਗੰਨਮੈਨਾਂ ਦੇ ਦਿਖਾਵੇ ਨਾਲ ਸਾਧਾਰਨ ਸ਼ਹਿਰੀਆਂ ‘ਚ ਆਪਣਾ ਸਿਆਸੀ ਪ੍ਰਭਾਵ ਕਾਇਮ ਕਰਦਿਆਂ ਆਪਣੇ ਜਾਇਜ਼ ਨਜਾਇਜ਼ ਧੰਦਿਆਂ ਨੂੰ ਪ੍ਰਫੁਲਤ ਕਰਨਾ ਰਿਹਾ। ਕਈ ਹਿੰਦੂ ਨੇਤਾ ਤਾਂ ਸੁਰੱਖਿਆ ਲੈਣ ਦੇ ਚੱਕਰਾਂ ‘ਚ ਅਜਿਹੇ ਡਰਾਮੇ ਕਰ ਦੇ ਹਨ ਕਿ ਬਾਅਦ ‘ਚ ਅਸਲੀਅਤ ਸਾਹਮਣੇ ਆਉਣ ‘ਤੇ ਜੇਲ੍ਹ ਦੀ ਹਵਾ ਵੀ ਖਾਣੀ ਪੈਂਦੀ ਰਹੀ । ਇਹ ਲੋਕ ਸਿੱਖਾਂ ਨੂੰ ਬਦਨਾਮ ਕਰਨ, ਹਿੰਦੂ ਅਤੇ ਸਿੱਖਾਂ ‘ਚ ਟਕਰਾਓ ਪੈਦਾ ਕਰਨ ਦੀ ਕੋਸ਼ਿਸ਼ ਕਰਦੇ, ਕਈ ਤਾਂ ਆਪਣੇ ‘ਤੇ ਫਰਜ਼ੀ ਹਮਲੇ ਕਰਾਉਣ ਤਕ ਜਾਂਦੇ ਅਤੇ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ।  ਮਿਸਾਲ ਵਜੋਂ ਬੀਤੇ ਮਹੀਨੇ ਲੁਧਿਆਣਾ ‘ਚ ਸ਼ਿਵ ਸੈਨਾ ਹਿੰਦੂ ਦੇ ਨੇਤਾ ਰੋਹਿਤ ਸਾਹਨੀ ਅਤੇ ਸੰਚਿਤ ਮਲਹੋਤਰਾ ਦਾ ਕਿੱਸਾ ਮੀਡੀਆ ‘ਚ ਸੁਰਖ਼ੀਆਂ ਬਟੋਰਦਾ ਰਿਹਾ, ਰੋਹਿਤ ਨੇ ਗੰਨਮੈਨ ਲੈਣ ਦੇ ਚੱਕਰਾਂ ‘ਚ ਸਾਜ਼ਿਸ਼ ਤਹਿਤ ਆਪਣੇ ਹੀ ਘਰ ਖ਼ਾਲਿਸਤਾਨ ਦੇ ਫਰਜ਼ੀ ਪੋਸਟਰ ਸੁਟਵਾਏ ਅਤੇ ਫੋਨ ‘ਤੇ ਧਮਕੀਆਂ ਮਿਲਣ ਦਾ ਡਰਾਮਾ ਰਚਿਆ। ਪੁਲਿਸ ਦੀ ਮੁਸਤੈਦੀ ਨੇ ਉਹਨਾਂ ਨੂੰ ਆਪਣੀ ਅਸਲੀ ਥਾਂ ਜੇਲ੍ਹ ਪਹੁੰਚਾ ਦਿੱਤਾ।ਹਿੰਦੂਵਾਦੀ ਗਰੁੱਪ ਆਪਣੇ ਆਪ ਨੂੰ ਸਿੱਖ ਵਿਰੋਧੀ ਭਾਵਨਾਵਾਂ ਤੋਂ ਮੁਕਤ ਨਹੀਂ ਕਰ ਪਾਏ ਹਨ। ਅੰਮ੍ਰਿਤਸਰ ਦੇ ਸੁਧੀਰ ਸੂਰੀ ਵਰਗਿਆਂ ਨੇ ਹਿੰਦੂ ਸਿੱਖਾਂ ‘ਚ ਨਫ਼ਰਤ ਪੈਦਾ ਕਰਨ ਦਾ ਮੌਕਾ ਕਦੀ ਨਹੀਂ ਗਵਾਇਆ।

ਪੰਜਾਬ ਵਿੱਚ ਖਾੜਕੂਵਾਦ ਫੈਲਣ ਦੀ ਕੋਈ ਵੀ ਸੰਭਾਵਨਾ ਨਾ ਦੇ ਬਰਾਬਰ ਹੈ ਪਰ ਕੁੱਝ ਲੋਕ ਅਤੇ ਸੰਗਠਨ ਰਾਜਸੀ ਸਵਾਰਥ ਦੀ ਪੂਰਤੀ ਲਈ ਖਾੜਕੂਵਾਦ ਦਾ ਹਊਆ ਖੜ੍ਹਾ ਕਰਨ ਦੀ ਕੋਸ਼ਿਸ਼ ‘ਚ ਹਨ। ਰਾਜਨੀਤਕ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਪੰਜਾਬ ਦੇਸ਼ ਦੇ ਦੂਜੇ ਸੂਬਿਆਂ ਦੀ ਤਰਾਂ ਹੀ ਕੌਮੀ ਅਤੇ ਕੌਮਾਂਤਰੀ ਅਤਿਵਾਦ ਨਾਲ ਜੁੜਿਆ ਹੋਇਆ ਹੈ। ਦੀਨਾਨਗਰ ਅਤੇ ਪਠਾਨਕੋਟ ਦੇ ਵਿਦੇਸ਼ੀ ਹਮਲਿਆਂ ਨੂੰ ਛੱਡ ਕੇ ਕਈ ਸਾਲਾਂ ਤੋਂ ਰਾਜ ਵਿੱਚ ਖਾੜਕੂਵਾਦ ਨਾਲ ਸੰਬੰਧਿਤ ਕੋਈ ਵੱਡੀ ਤੇ ਸਪਸ਼ਟ ਘਟਨਾ ਸਾਹਮਣੇ ਨਹੀਂ ਆਈ ਹੈ। ਅਜਿਹੀ ਸਥਿਤੀ ‘ਚ ਮੌਜੂਦਾ ਰਾਜ ਸਰਕਾਰ ਵੱਲੋਂ ਖਾੜਕੂਵਾਦ ਦਾ ਹਊਆ ਖੜ੍ਹਾ ਕਰਨ ਨੂੰ ਕਾਂਗਰਸ ਦੀ ਪਰੰਪਰਾਗਤ ਨੀਤੀ ਦਾ ਹਿੱਸਾ ਹੀ ਕਿਹਾ ਜਾ ਸਕਦਾ ਹੈ।ਕੇਂਦਰ ਵਿੱਚ ਬਣਦੀਆਂ ਰਹੀਆਂ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਹਮੇਸ਼ਾਂ ਅਤੇ ਹਰ ਗਲ ‘ਤੇ ਵਿਤਕਰਾ ਕੀਤਾ। ਸਿੱਖਾਂ ਨੂੰ ਬਦਨਾਮ ਕਰਨਾ ਉਸ ਦਾ ਮਨੋਰਥ ਰਿਹਾ। ਮੌਜੂਦਾ ਸਮੇਂ ਵੀ ਸਰਕਾਰ ਦਾ ਸੰਵੇਦਨਸ਼ੀਲ ਮੁੱਦਿਆਂ ਪ੍ਰਤੀ ਸਿਆਸਤ ਤੋਂ ਪ੍ਰੇਰਤ ਬਿਆਨਬਾਜ਼ੀ ਅਤੇ ਘਟਨਾਵਾਂ ਦੇ ਵਿਸ਼ਲੇਸ਼ਣ ਨੂੰ ਖਾੜਕੂਵਾਦ ਨਾਲ ਜੋੜਿਆ ਜਾਣਾ ਸੂਬੇ ਦੇ ਹਿਤ ਵਿੱਚ ਨਹੀਂ ਹੋਵੇਗਾ। ਇਹ ਹਊਆ ਪੰਜਾਬ ਦੀ ਆਰਥਿਕਤਾ ਅਤੇ ਪੂੰਜੀ ਨਿਵੇਸ਼ ਨੂੰ ਲੀਹੋਂ ਲਾਉਣ ਦਾ ਕਾਰਜ ਕਰੇਗਾ। ਗੁਆਂਢੀ ਮੁਲਕ ‘ਤੇ ਸਿੱਖ ਖਾੜਕੂਵਾਦ ਨੂੰ ਮੁੜ ਸੁਰਜੀਤ ਕਰ ਰਹੇ ਹੋਣ ਦੇ ਇਲਜ਼ਾਮ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤੇ ਸੁਖਾਵੇਂ ਬਣਾਈ ਰੱਖਣ ਦੀਆਂ ਕੋਸ਼ਿਸ਼ਾਂ ਨੂੰ ਸੱਟ ਵੱਜ ਸਕਦੀ ਹੈ।

ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲਾ, 33 ਸਾਲ ਬਾਅਦ ਵੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਨਾ ਮਿਲਣੀਆਂ, ਪੰਜਾਬ ਨਾਲ ਕੀਤੇ ਗਏ ਵਿਤਕਰਾ ਆਦਿ ਸਿੱਖਾਂ ‘ਚ ਰੋਸ ਦੇ ਕਾਰਨ ਹਨ। ਜਿਸ ਨੂੰ ਅੱਜ ਤਕ ਦੂਰ ਨਹੀਂ ਕੀਤਾ ਜਾ ਸਕਿਆ। ਅਜਿਹੇ ‘ਚ ਖਾੜਕੂਵਾਦ ਦਾ ਹਊਆ ਖੜ੍ਹਾ ਕਰਨਾ ਅਤੇ ਫਿਰਕਿਆਂ ‘ਚ ਨਫ਼ਰਤ ਬੀਜਣ ਦੀ ਖੁੱਲ ਆਦਿ ਮਾਹੌਲ ਨੂੰ ਤਣਾਅ ਪੂਰਨ ਕਰਨ ‘ਚ ਤਾਂ ਸਹਾਈ ਸਿੱਧ ਹੁੰਦੀਆਂ ਹੀ ਹਨ। ਫਿਰਕਿਆਂ ‘ਚ ਨਫ਼ਰਤ ਨਾਲ ਉਹਨਾਂ ਤਾਕਤਾਂ ਨੂੰ ਹੀ ਬਲ ਮਿਲੇਗਾ ਜੋ ਭਾਰਤ ਨੂੰ ਕਮਜ਼ੋਰ ਹੋਇਆ ਦੇਖਣਾ ਚਾਹੁੰਦੀਆਂ ਹਨ। ਦੁਸ਼ਮਣ ਨੂੰ ਪਤਾ ਹੈ ਕਿ ਸਿੱਖਾਂ ‘ਚ ਰੋਸ ਪੈਦਾ ਕਰਕੇ ਮਾਹੌਲ ਨੂੰ ਅਣ ਸੁਖਾਵਾਂ ਕੀਤੇ ਜਾਣ ਨਾਲ ਉਹਨਾਂ ਦਾ ਭਾਰਤ ‘ਤੇ ਕੰਟਰੋਲ ਸੁਖਾਲਾ ਹੋਵੇਗਾ। ਫਿਰ ਆਪਾਂ ਜਾਣਬੁੱਝ ਕੇ ਦੁਸ਼ਮਣਾਂ ਹੱਥ ਆਪਣੀ ਕਲਾਈ ਕਿਉਂ ਫੜਾ ਰਹੇ ਹਾਂ।

ਪੰਜਾਬ ਦੋ ਦਹਾਕੇ ਤੋਂ ਵੱਧ ਸਮਾਂ ਵੱਡਾ ਦੁਖਾਂਤ ਹੰਢਾਅ ਚੁੱਕਿਆ ਹੈ। ਜਿਸ ਦੌਰਾਨ ਇਸ ਅਗਾਂਹ ਵਧੂ  ਸੂਬੇ ਦੀ ਆਰਥਿਕਤਾ ਜਿੱਥੇ ਤਬਾਹ ਹੋ ਕੇ ਰਹਿ ਗਈ ਉੱਥੇ ਹੀ ਹਜ਼ਾਰਾਂ ਕੀਮਤੀ ਜਾਨਾਂ ਗਵਾਉਣੀਆਂ ਪਈਆਂ। ਅੱਜ ਪੰਜਾਬ ਵਿੱਚ ਅਪਰਾਧ ਦਾ ਗਰਾਫ਼ ਹੇਠਾਂ ਨਹੀਂ ਜਾ ਰਿਹਾ । ਕਿਸੇ ਵੀ ਵੱਡੇ ਮਾਮਲੇ ਨੂੰ ਸੁਲਝਾਉਣ ਅਤੇ ਰਾਜ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਅਸਫਲ ਰਹਿਣ ਨਾਲ ਸਰਕਾਰ ਤੇ ਪੁਲੀਸ ਨੂੰ ਨਮੋਸ਼ੀ ਸਹਿਣੀ ਪੈ ਰਹੀ ਹੈ। ਸੜਕਾਂ ‘ਤੇ ਦਿਨ ਦਿਹਾੜੇ ਕਤਲ, ਬੈਕ ਡਕੈਤੀਆਂ, ਲੁੱਟਾਂ ਖੋਹਾਂ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਬਾ ਦਸਤੂਰ ਜਾਰੀ ਹਨ। ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਲਈ 500 ਤੋਂ ਵਧ ਗੈਂਗਸਟਰਾਂ ਦੇ 60 ਦੇ ਕਰੀਬ ਗਰੁੱਪਾਂ ਤੋਂ ਇਲਾਵਾ ਧਰਮ ਦੇ ਨਾਂ ‘ਤੇ ਫਿਰਕੂ ਨਫ਼ਰਤ ਫੈਲਾਉਣ ਵਾਲੇ ਅਜਿਹੇ ਸੰਗਠਨ ਕੰਮ ਕਰ ਰਹੇ ਹਨ ਜਿਨ੍ਹਾਂ ਦੀਆਂ ਸਰਗਰਮੀਆਂ ਨਾਲ ਪੰਜਾਬ ਸੂਬੇ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਗੈਂਗਸਟਰਾਂ ਦੀਆਂ ਸਰਗਰਮੀਆਂ ਰੋਕਣ ਲਈ ਪਕੋਕਾ ਲਿਆਉਣ ਪ੍ਰਤੀ ਕਦਮ ਚੁੱਕੇ ਜਾ ਰਹੇ ਹਨ ਤਾਂ ਕੀ ਫਿਰਕੂ ਨਫ਼ਰਤ ਫੈਲਾਉਣ ਵਾਲਿਆਂ ਖ਼ਿਲਾਫ਼ ਵੀ ਸਰਕਾਰ ਕੋਈ ਕਾਰਵਾਈ ਕਰੇਗੀ?

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone