ਕੀ ਦੇਸ਼ ਵਿੱਚ ਹਾਲਾਤ ਖੱਬੇ-ਪੱਖੀ ਉਭਾਰ ਲਈ ਤਿਆਰ ਹਨ ?

ਲੁਧਿਆਣਾ ‘ਚ ਚਾਰ ਖੱਬੇ ਪੱਖੀ ਪਾਰਟੀਆਂ ਵੱਲੋਂ ਆਯੋਜਿਤ ਰੈਲੀ ਆਪਣੀ ਹਾਜ਼ਰੀ ਪੱਖੋਂ ਅਤੇ ਲੋਕਾਂ ਨੂੰ ਦਰਪੇਸ਼ ਭਖਦੇ ਮਸਲਿਆਂ ਨੂੰ ਉਭਾਰਨ ਪੱਖੋਂ ਸਫ਼ਲ ਕਹੀ ਜਾ ਸਕਦੀ ਹੈ। ਇਸ ਲਈ ਪੰਜਾਬ ਦੀਆਂ ਸਬੰਧਤ ਪਾਰਟੀਆਂ ਨੇ ਕਾਫੀ ਮਿਹਨਤ ਕੀਤੀ ਸੀ। ਪਿਛਲੇ ਸਮੇਂ ‘ਚ ਪੰਜਾਬ ਅਤੇ ਦੇਸ਼ ਭਰ ‘ਚ ਇਨ੍ਹਾਂ ਪਾਰਟੀਆਂ ਨੂੰ ਮਿਲੇ ਮੱਠੇ ਹੁੰਗਾਰੇ ਕਰਕੇ ਇਨ੍ਹਾਂ ਦੇ ਕੇਡਰ ‘ਚ ਵੱਡੀ ਨਿਰਾਸ਼ਾ ਪੈਦਾ ਹੋਈ ਦਿਖਾਈ ਦਿੰਦੀ ਸੀ। ਲੋਕ ਸਭਾ ਚੋਣਾਂ ‘ਚ ਵੀ ਇਨ੍ਹਾਂ ਖੱਬੇ ਪੱਖੀ ਪਾਰਟੀਆਂ ਦੀਆਂ ਸੀਟਾਂ 60 ਤੋਂ ਘਟ ਕੇ ਦਰਜਨ ਭਰ ਹੀ ਰਹਿ ਗਈਆਂ ਸਨ। ਜਦੋਂ ਦੀਆਂ ਇਹ ਪਾਰਟੀਆਂ ਹੋਂਦ ‘ਚ ਆਈਆਂ, ਏਨੀ ਵੱਡੀ ਨਮੋਸ਼ੀ ਉਨ੍ਹਾਂ ਨੂੰ ਕਦੇ ਘੱਟ ਹੀ ਸਹਿਣੀ ਪਈ ਹੈ। ਪੱਛਮੀ ਬੰਗਾਲ ਅਤੇ ਕੇਰਲ ‘ਚ ਮਾਰਕਸੀਆਂ ਅਤੇ ਉਨ੍ਹਾਂ ਦੇ ਭਾਈਵਾਲਾਂ ਦਾ ਲੰਮੇ ਸਮੇਂ ਤੱਕ ਵੱਡਾ ਪ੍ਰਭਾਵ ਬਣਿਆ ਰਿਹਾ ਪਰ ਹੌਲੀ-ਹੌਲੀ ਇਹ ਪ੍ਰਭਾਵ ਅਨੇਕਾਂ ਕਾਰਨਾਂ ਕਰਕੇ ਸੀਮਤ ਹੋ ਕੇ ਰਹਿ ਗਿਆ ਹੈ।
ਅੱਜ ਜਦੋਂ ਕਿ ਦੇਸ਼ ਭਰ ‘ਚ ਨਰਿੰਦਰ ਮੋਦੀ ਅਤੇ ਭਾਜਪਾ ਦੀ ਤੂਤੀ ਬੋਲ ਰਹੀ ਹੈ ਤਾਂ ਇਹ ਪਾਰਟੀਆਂ ਹਾਸ਼ੀਏ ‘ਤੇ ਪੁੱਜੀਆਂ ਜਾਪਦੀਆਂ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਦੇਸ਼ ਦੇ ਹਾਲਾਤ ਇਨ੍ਹਾਂ ਪਾਰਟੀਆਂ ਦੇ ਸਿਧਾਂਤਾਂ ਅਤੇ ਸੋਚ ਲਈ ਅਨੁਕੂਲ ਸਨ, ਉਸ ਸਮੇਂ ਵੀ ਇਹ ਪਾਰਟੀਆਂ ਪਿੱਛੇ ਕਿਉਂ ਰਹਿ ਗਈਆਂ? ਸੋਵੀਅਤ ਸੰਘ ਕਮਿਊਨਿਸਟ ਲਹਿਰ ਦਾ ਮੋਢੀ ਅਤੇ ਪ੍ਰਤੀਨਿਧ ਦੇਸ਼ ਬਣਿਆ। ਇਸ ਦਾ ਪ੍ਰਭਾਵ ਹੋਰ ਬਹੁਤ ਸਾਰੇ ਦੇਸ਼ਾਂ ‘ਤੇ ਪਿਆ। ਇਸ ਲਈ ਕਮਿਊਨਿਸਟ ਲਹਿਰ ਦੁਨੀਆ ਦੇ ਵੱਡੇ ਹਿੱਸੇ ‘ਤੇ ਛਾ ਗਈ ਪਰ ਸੋਵੀਅਤ ਸੰਘ ਦੇ ਪ੍ਰਬੰਧਾਂ ‘ਚ ਸਮੇਂ-ਸਮੇਂ ਉੱਭਰੀਆਂ ਅਨੇਕਾਂ ਊਣਤਾਈਆਂ ਕਰਕੇ ਉਸ ਦੀ ਸ਼ਕਤੀ ਕਮਜ਼ੋਰ ਪੈਂਦੀ ਗਈ। ਇਸੇ ਹੀ ਸਮੇਂ ਮਾਓ-ਜੇ-ਤੁੰਗ ਦੀ ਅਗਵਾਈ ‘ਚ ਚੀਨ ਨੇ ਇਨਕਲਾਬੀ ਅੰਗੜਾਈ ਭਰੀ। ਚੀਨ ਨੇ ਵੀ ਆਪਣੇ ਹਾਲਾਤ ਅਨੁਸਾਰ ਮਾਰਕਸੀ ਸੋਚ ਅਤੇ ਲਹਿਰ ਨੂੰ ਢਾਲ ਲਿਆ। ਇਸ ‘ਚ ਮਾਓ-ਜੇ-ਤੁੰਗ ਦਾ ਯੋਗਦਾਨ ਬਹੁਤ ਵੱਡਾ ਸੀ ਪਰ ਦੂਜੇ ਪਾਸੇ ਇਸ ਸਮੇਂ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਅਤੇ ਕਮਿਊਨਿਸਟ ਲਹਿਰ ਆਪਣੀ ਕੋਈ ਆਜ਼ਾਦ ਸੋਚ ਅਤੇ ਹਸਤੀ ਬਣਾਉਣ ‘ਚ ਕਾਮਯਾਬ ਨਾ ਹੋ ਸਕੀ। ਉਸ ਸਮੇਂ ਖੱਬੇ ਪੱਖੀ ਪਾਰਟੀਆਂ ‘ਤੇ ਇਹ ਹੀ ਵੱਡਾ ਦੋਸ਼ ਲਗਦਾ ਸੀ ਕਿ ਉਹ ਆਪਣੇ ਦੇਸ਼ ਦੇ ਹਾਲਾਤ ਅਨੁਸਾਰ ਢਲਣ ਦੀ ਬਜਾਏ ਬਾਹਰ ਦੇ ਕਮਿਊਨਿਸਟ ਦੇਸ਼ਾਂ ਵੱਲ ਵਧੇਰੇ ਨਜ਼ਰਾਂ ਟਿਕਾਈ ਰੱਖਦੀਆਂ ਹਨ। ਉਨ੍ਹਾਂ ਦੀਆਂ ਨੀਤੀਆਂ ‘ਤੇ ਇਹੀ ਵਿਦੇਸ਼ੀ ਪ੍ਰਭਾਵ ਵਧੇਰੇ ਭਾਰੂ ਬਣਿਆ ਰਿਹਾ। ਅੱਜ ਚਾਹੇ ਇਨ੍ਹਾਂ ਪਾਰਟੀਆਂ ਅਤੇ ਇਸ ਲਹਿਰ ‘ਚ ਉਭਾਰ ਦਿਖਾਈ ਨਹੀਂ ਦਿੰਦਾ ਪਰ ਦੇਸ਼ ਦੇ ਹਾਲਾਤ ਅੱਜ ਵੀ ਵੱਡੀ ਹੱਦ ਤੱਕ ਖੱਬੇ ਪੱਖੀ ਸੋਚ ਦੇ ਅਨੁਕੂਲ ਹਨ। ਪਿਛਲੇ ਦਿਨੀਂ ਪੰਜਾਬ ਦੇ ਖੱਬੇ ਪੱਖੀ ਆਗੂਆਂ ਨੇ ਸਪੱਸ਼ਟ ਰੂਪ ‘ਚ ਇਹ ਗੱਲ ਸਵੀਕਾਰ ਕੀਤੀ ਹੈ ਕਿ ਪਿਛਲੇ ਤਿੰਨ ਦਹਾਕਿਆਂ ‘ਚ ਖੱਬੇ ਪੱਖੀ ਪਾਰਟੀਆਂ ਦੀ ਆਪਸੀ ਫੁੱਟ ਨੇ ਇਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਪਰ ਹੁਣ ਲੁਧਿਆਣਾ ‘ਚ ਕੀਤੀ ਪ੍ਰਭਾਵਸ਼ਾਲੀ ਰੈਲੀ ਤੋਂ ਇਹ ਜ਼ਰੂਰ ਲਗਦਾ ਹੈ ਕਿ ਇਹ ਪਾਰਟੀਆਂ ਆਪਣੇ-ਆਪ ਨੂੰ ਮੁੜ ਉਭਾਰਨ ਦੇ ਯਤਨ ‘ਚ ਹਨ। ਇਸ ਰੈਲੀ ‘ਚ ਕਈ ਵੱਡੇ ਕੌਮੀ ਆਗੂਆਂ ਨੇ ਵੀ ਕੁਝ ਅਹਿਮ ਨੁਕਤੇ ਉਠਾਏ ਹਨ। ਇਨ੍ਹਾਂ ਪਾਰਟੀਆਂ ਦਾ ਇਕ ਮੰਚ ‘ਤੇ ਇਕੱਠਾ ਹੋਣਾ ਵੀ ਆਉਣ ਵਾਲੇ ਸਮੇਂ ‘ਚ ਇਨ੍ਹਾਂ ਦੇ ਪ੍ਰਭਾਵ ‘ਚ ਵਾਧਾ ਕਰ ਸਕਦਾ ਹੈ।
ਮੋਦੀ ਸਰਕਾਰ ਨੂੰ ਸਥਾਪਿਤ ਹੋਇਆਂ ਚਾਹੇ 6 ਕੁ ਮਹੀਨੇ ਹੀ ਹੋਏ ਹਨ ਪਰ ਕੁਝ ਮੁਢਲੀਆਂ ਨੀਤੀਆਂ ਇਸ ਨੇ ਸਪੱਸ਼ਟ ਕਰ ਦਿੱਤੀਆਂ ਹਨ। ਦੇਸ਼ ‘ਚ ਵਿਦੇਸ਼ੀ ਨਿਵੇਸ਼ ਨੂੰ ਵੱਧ ਤੋਂ ਵੱਧ ਉਤਸ਼ਾਹ ਦੇਣਾ ਅਤੇ ਸਰਮਾਏਦਾਰੀ ਨਿਜ਼ਾਮ ਨੂੰ ਪੂਰੀ ਸ਼ਹਿ ਦੇਣਾ ਇਸ ਸਰਕਾਰ ਦੀਆਂ ਨੀਤੀਆਂ ‘ਚ ਸ਼ਾਮਿਲ ਹੈ। ਇਹ ਧਾਰਨਾ ਵੀ ਪ੍ਰਪੱਕ ਹੁੰਦੀ ਜਾ ਰਹੀ ਹੈ ਕਿ ਇਸ ਸਰਕਾਰ ‘ਤੇ ਇਕ ਖ਼ਾਸ ਵਿਚਾਰਧਾਰਾ ਭਾਰੂ ਹੈ, ਜਿਸ ਕਰਕੇ ਇਹ ਉਸ ਅਨੁਸਾਰ ਆਪਣੀਆਂ ਨੀਤੀਆਂ ਨੂੰ ਢਾਲਣ ਦੇ ਯਤਨ ‘ਚ ਹੈ। ਸਾਂਝੇ ਪ੍ਰਗਤੀਸ਼ੀਲ ਗਠਜੋੜ ਦੀ ਸਰਕਾਰ ਦੀਆਂ ਮਨਰੇਗਾ ਵਰਗੀਆਂ ਯੋਜਨਾਵਾਂ ਪ੍ਰਤੀ ਵੀ ਇਸ ਸਰਕਾਰ ਦਾ ਉਤਸ਼ਾਹ ਮੱਠਾ ਹੈ। ਪੂੰਜੀ ਨਿਵੇਸ਼ ‘ਚ ਰੱਖਿਆ ਉਤਪਾਦਨ ਵਰਗੇ ਖੇਤਰ ‘ਚ ਵਿਦੇਸ਼ੀ ਕੰਪਨੀਆਂ ਦੀ ਵੱਡੀ ਹੱਦ ਤੱਕ ਭਾਈਵਾਲੀ ਵੀ ਇਸੇ ਦਿਸ਼ਾ ਵੱਲ ਸੰਕੇਤ ਕਰਦੀ ਹੈ।
ਲੁਧਿਆਣਾ ‘ਚ ਹੋਈ ਰੈਲੀ ‘ਚ ਉੱਠੇ ਸਵਾਲ ਅਤੇ ਇਸ ਤੋਂ ਬਣੇ ਪ੍ਰਭਾਵ ਤੋਂ ਏਨੀ ਕੁ ਉਮੀਦ ਜ਼ਰੂਰ ਬਣਦੀ ਹੈ ਕਿ ਆਉਂਦੇ ਸਮੇਂ ‘ਚ ਆਪਣੇ ਨਿਰੰਤਰ ਤੇ ਵੱਡੇ ਯਤਨਾਂ ਨਾਲ ਖੱਬੇ ਪੱਖੀ ਲਹਿਰ ਨੂੰ ਮੁੜ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਬਸ਼ਰਤੇ ਇਹ ਦੇਸ਼ ਦੇ ਹਾਲਾਤ ਨੂੰ ਸਾਹਮਣੇ ਰੱਖ ਕੇ ਆਪਣੇ ਕਦਮ ਅੱਗੇ ਵਧਾਏ।

-ਬਰਜਿੰਦਰ ਸਿੰਘ ਹਮਦਰਦ
Picked From Daily Ajit Jalandhar

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone