Last UPDATE: August 23, 2014 at 7:48 pm

ਕਾਲਕਾ ਦੇ ਬਾਜ਼ਾਰ ‘ਚੋਂ ਲੰਘਣਾ ਹੋਇਆ ਔਖਾ

ਸ਼ਹਿਰ ਦੀ ਮੁੱਖ ਸੜਕ 'ਤੇ ਇਕ ਪਾਸੇ ਵਾਹਨਾਂ ਦਾ ਲੱਗਿਆ ਜਾਮ, ਦੂਜੇ ਪਾਸੇ ਓਵਰਲੋਡ ਵਾਹਨ ਨਿਕਲਦਾ ਹੋਇਆ। -ਫੋਟੋ:ਜੱਗੀ

ਪੱਤਰ ਪ੍ਰੇਰਕ
ਕਾਲਕਾ, 23 ਅਗਸਤ
ਕਰੀਬ ਢਾਈ ਸਾਲ ਪਹਿਲਾਂ ਕਾਲਕਾ ਬਾਈਪਾਸ ਦੇ ਸ਼ੁਰੂ ਹੋਣ ਦੇ ਬਾਵਜੂਦ ਸ਼ਹਿਰ ‘ਚ ਜਾਮ ਦੀ ਸਮੱਸਿਆ ਤੋਂ ਲੋਕਾਂ ਨੂੰ ਛੁਟਕਾਰਾ ਨਹੀਂ ਮਿਲਿਆ।
ਕਾਲਕਾ ਸ਼ਹਿਰ ‘ਚੋਂ ਲੰਘਣ ਵਾਲੇ ਮੁੱਖ ਸੜਕ ਮਾਰਗ ‘ਤੇ ਅੱਜ ਵੀ ਵਾਹਨਾਂ ਨਾਲ ਲੱਦਿਆ ਹੋਇਆ ਟਰੈਫਿਕ ਲੋਕਾਂ ਨੂੰ ਪ੍ਰੇਸ਼ਾਨ ਅਤੇ ਬੇਹਾਲ ਕਰ ਰਿਹਾ ਹੈ। ਲੋਕਾਂ ਨੂੰ ਸੜਕ ਪਾਰ ਕਰਨੀ ਮੁਸ਼ਕਲ ਹੁੰਦੀ ਹੈ। ਲੋਕਾਂ ਦਾ ਸੜਕ ਕਿਨਾਰੇ ਪੈਦਲ ਚੱਲਣਾ ਔਖਾ ਹੋ ਗਿਆ ਹੈ। ਹਰ ਵੇਲੇ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਕੋਈ ਦੁਰਘਟਨਾ ਨਾ ਵਾਪਰ ਜਾਵੇ। ਦੱਸਣਯੋਗ ਹੈ ਇਸ ਮੁੱਖ ਮਾਰਗ ‘ਤੇ ਕਈ ਬੈਂਕ, ਏਟੀਐਮ ਤੋਂ ਇਲਾਵਾ ਮੁੱਖ ਡਾਕਘਰ ਅਤੇ ਬੱਚਿਆਂ ਦੇ ਕਈ ਸਕੂਲ ਹਨ। ਸਕੂਲਾਂ ਵਿੱਚ ਛੁੱਟੀ ਜਾਂ ਸਕੂਲ ਲੱਗਣ ਦੇ ਸਮੇਂ ਬੱਚਿਆਂ ਨੂੰ ਜਾਨ ਖਤਰੇ ‘ਚ ਪਾ ਕੇ ਸੜਕ ਪਾਰ ਕਰਨੀ ਪੈਂਦੀ ਹੈ। ਸਾਰਾ ਦਿਨ ਕੋਈ ਡਾਕਘਰ ਜਾ ਰਿਹਾ ਹੈ ਕੋਈ ਬੈਂਕ ਅਤੇ ਕੋਈ ਏਟੀਐਮ ਵੱਲ ਚੱਲਿਆ ਹੀ ਰਹਿੰਦਾ ਹੈ। ਬੈਂਕਾਂ ਦੇ ਬਾਹਰ ਪਾਰਕਿੰਗ ਵਿਵਸਥਾ ਨਹੀਂ ਹੈ, ਲੋਕੀਂ ਸੜਕ ‘ਤੇ ਹੀ ਆਪਣੇ ਵਾਹਨ ਖੜਾ ਕਰਨ ਲਈ ਮਜਬੂਰ ਹਨ।
ਕਾਲਕਾ ਵਿੱਚ ਦਿੱਲੀ-ਸ਼ਿਮਲਾ ਦੇ ਮੁੱਖ ਸੜਕ ਮਾਰਗ ‘ਤੇ ਟਰੱਕ ਬਿਨਾਂ ਰੋਕ-ਟੋਕ ਦੇ ਆ-ਜਾ ਰਹੇ ਹਨ, ਜਦਕਿ ਟਰੱਕਾਂ ਨੂੰ ਬਾਈਪਾਸ ਤੇ ਡਾਇਵਰਟ ਕਰ ਦਿੱਤਾ ਜਾਣਾ ਚਾਹੀਦਾ ਹੈ। ਟਰੈਫਿਕ ‘ਚ ਅੜਿੱਕਾ ਪਾਉਣ ਵਾਲੇ ਟਰੱਕ ਹੀ ਮੁੱਖ ਹਨ, ਇਨ੍ਹਾਂ ਕਾਰਨ ਹੀ ਆਵਾਜਾਈ ‘ਚ ਵਿਘਨ ਪੈਂਦੀ ਰਹਿੰਦੀ ਹੈ। ਕਾਲਕਾ ਸ਼ਹਿਰ ‘ਚ ਅਜੇ ਤਕ ਪਾਰਕਿੰਗ ਦੀ ਵਿਵਸਥਾ ਨਹੀਂ ਹੋਈ। ਲੋਕੀਂ ਆਪਣੇ ਵਾਹਨ ਖੜਾ ਕਰਨ ਤਾਂ ਕਿੱਥੇ? ਜਦ ਵੀ ਕੋਈ ਆਪਣੇ ਘਰੋਂ ਸ਼ਹਿਰ ਆਉਂਦੇ ਹਨ ਤਾਂ ਵਾਹਨ ਖੜ੍ਹੇ ਕਰਨ ਦੀ ਸਮੱਸਿਆ ਉਨ੍ਹਾਂ ਨੂੰ ਘੇਰ ਲੈਂਦੀ ਹੈ।
ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਟਰੱਕਾਂ ਅਤੇ ਭਾਰੇ ਵਾਹਨਾਂ ਦੇ ਨਾਲ-ਨਾਲ ਲੰਬੇ ਰੂਟ ਦੀਆਂ ਬੱਸਾਂ ਦੀ  ਆਵਾਜਾਈ ਬਾਈਪਾਸ ਵੱਲ ਮੋੜੀ ਜਾਵੇ ਤਾਂ ਕਿ ਸ਼ਹਿਰ ਦੀ ਟਰੈਫਿਕ ਸਮੱਸਿਆ ਹੱਲ ਹੋ ਸਕੇ।

Widgetized Section

Go to Admin » appearance » Widgets » and move a widget into Advertise Widget Zone