Last UPDATE: January 5, 2018 at 9:16 pm

ਕਾਤਲਾਂ ਨੂੰ ਸਲਾਖ਼ਾਂ ਦੇ ਪਿੱਛੇ ਪਹੁੰਚਾਉਣ ਤਕ ਚੈਨ ਨਾਲ ਨਹੀਂ ਬੈਠਾਂਗੀ : ਕੌਮਾਂਤਰੀ ਖਿਡਾਰਨ ਦੀ ਭੈਣ ਬਲਵੀਰ ਕੌਰ। 

ਕੌਮਾਂਤਰੀ ਕਰਾਟੇ ਖਿਡਾਰਨ ਦੀ ਖੁਦਕੁਸ਼ੀ ਲਈ ਜ਼ਿੰਮੇਵਾਰ ਮੰਤਰੀ ਤ੍ਰਿਪਤ ਬਾਜਵਾ ਤੋਂ ਅਸਤੀਫ਼ਾ ਲੈ ਕੇ ਕੇਸ ਦਰਜ ਕੀਤਾ ਜਾਵੇ : ਅਕਾਲੀ ਦਲ।
ਅਕਾਲੀ ਦਲ ਪੀੜਤ ਪਰਿਵਾਰ ਨਾਲ, ਇਨਸਾਫ਼ ਲਈ ਹਰ ਪੱਧਰ ‘ਤੇ ਲੜੀ ਜਾਵੇਗੀ ਲੜਾਈ : ਰਵੀ ਕਾਹਲੋਂ।

ਕਾਂਗਰਸ ਦੇ ਰਾਜ ‘ਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਅਤੇ ਸਰਹੱਦਾਂ ‘ਤੇ ਰਾਖੀ ਕਰਨ ਵਾਲੇ ਫੌਜੀਆਂ ਦੇ ਪਰਿਵਾਰਾਂ ਦੀ ਜਾਨ ਮਾਲ ਵੀ ਸੁਰਖਿਅਤ ਨਹੀਂ ।

ਅੰਮ੍ਰਿਤਸਰ  ( ਪ੍ਰੋ. ਸਾਰਚੱੰਦ ਸਿੰਘ )  ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਗੁਰਦਾਸ ਪੁਰ ਨਾਲ ਸੰਬੰਧਿਤ ਕੌਮਾਂਤਰੀ ਕਰਾਟੇ ਖਿਡਾਰਨ ਕੁਲਦੀਪ ਕੌਰ ਦੀ ਖੁਦਕੁਸ਼ੀ ਅਤੇ ਪਰਿਵਾਰ ਨਾਲ ਹੋਈ ਬੇਇਨਸਾਫ਼ੀ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਕਾਂਗਰਸੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਅਸਤੀਫ਼ਾ ਲੈਣ ਅਤੇ ਉਸ ਸਮੇਤ ਕਾਂਗਰਸ ਦੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਬਿਲਾ ਕੋਟਲਾ ਬਾਮਾ ਅਤੇ ਹੋਰਾਂ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਦਿਆਂ ਤੁਰੰਤ ਗ੍ਰਿਫ਼ਤਾਰ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਹੈ।
ਅਕਾਲੀ ਦਲ ਦੇ ਆਗੂ ਸ: ਵੀਰ ਸਿੰਘ ਲੋਪੋਕੇ, ਸ: ਹਰਮੀਤ ਸਿੰਘ ਸੰਧੂ, ਸ: ਦਲਬੀਰ ਸਿੰਘ ਵੇਰਕਾ, ਮਲਕੀਤ ਸਿੰਘ ਏ ਆਰ ( ਬਾਰੇ ਸਾਬਕਾ ਵਿਧਾਇਕ), ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ,ਯੂਥ ਵਿੰਗ ਦੇ ਪ੍ਰਧਾਨ ਰਵੀ ਕਰਨ ਸਿੰਘ ਕਾਹਲੋਂ, ਸਕੱਤਰ ਜਨਰਲ ਤਲਬੀਰ ਸਿੰਘ ਗਿੱਲ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਅੱਜ  ਕਰਾਟੇ ਖਿਡਾਰਨ ਕੁਲਦੀਪ ਕੌਰ  ਦੀ ਭੈਣ ਬਲਵੀਰ ਕੌਰ ਜੋ ਕਿ ਪੰਜਾਬ ਯੂਨੀਵਰਸਿਟੀ ‘ਚ ਲਾਅ ਦੇ ਵਿਦਿਆਰਥਣ ਹਨ ਦੀ ਮੌਜੂਦਗੀ ਵਿੱਚ ਇੱਕ ਸੁਰ ‘ਚ ਕਿਹਾ ਕਿ ਅਕਾਲੀ ਦਲ ਪੀੜਤ ਪਰਿਵਾਰ ਨਾਲ ਚਟਾਨ ਵਾਂਗ ਖੜ੍ਹਾ ਹੈ, ਜੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਹਦਾਇਤ ‘ਤੇ ਇਨਸਾਫ਼ ਲਈ ਹਰ ਪੱਧਰ ‘ਤੇ ਲੜਾਈ ਲੜੀ ਜਾਵੇਗੀ। ਆਗੂਆਂ ਨੇ ਕਿਹਾ ਕਿ ਕੌਮਾਂਤਰੀ ਖਿਡਾਰੀ ਅਤੇ ਸਰਹੱਦਾਂ ‘ਤੇ ਪਹਿਰਾ ਦੇਣ ਵਾਲੇ ਫੌਜੀ ਜਵਾਨ ਦਾ ਪਰਿਵਾਰ ਦੇਸ਼ ਲਈ ਸਰਮਾਇਆ ਹਨ ਪਰ ਜਿਸ ਸਰਕਾਰ ਵਿੱਚ ਦੇਸ਼ ਨੂੰ ਮਾਣ ਦਿਵਾਉਣ ਵਾਲੇ ਖਿਡਾਰੀਆਂ ਅਤੇ ਫੌਜੀ ਜਵਾਨ ਦਾ ਪਰਿਵਾਰ ਦੀ ਜਾਨ ਮਾਲ ਹੀ ਸੁਰਖਿਅਤ ਨਾ ਰਹੇ ਉਸ ਸੂਬੇ ‘ਚ ਬਾਕੀ ਆਮ ਜਨਤਾ ਦਾ ਕੀ ਹਾਲ ਹੁੰਦਾ ਹੋਵੇਗਾ, ਇਸ ਬਾਰੇ ਅੰਦਾਜ਼ਾ ਲਾਉਣ ਮੁਸ਼ਕਲ ਨਹੀਂ ਹੋਵੇਗਾ। ਉਹਨਾਂ ਅਫ਼ਸੋਸ ਨਾਲ ਕਿਹਾ ਕਿ ਦੇਸ਼ ਲਈ ਖੇਡ ਦੇ ਮੈਦਾਨ ਅਤੇ ਸਰਹੱਦ ‘ਤੇ ਲੜਾਈ ਲੜਨ ਵਾਲੇ ਪਰਿਵਾਰ ਦੇ ਮੈਂਬਰ ਹੁਕਮਰਾਨ ਪਾਰਟੀ ਅਤੇ ਪੁਲੀਸ ਅਧਿਕਾਰੀਆਂ ਦੇ ਧੱਕੇਸ਼ਾਹੀਆਂ ਅਗੇ ਹਾਰ ਗਏ ਹਨ। ਜਿਸ ਲਈ ਇੱਕ ਹੋਣਹਾਰ ਕੌਮਾਂਤਰੀ ਖਿਡਾਰਨ ਕਾਂਗਰਸ ਹਕੂਮਤ ਦੇ ਮੱਥੇ ਬਦਨੁਮਾ ਦਾਗ ਲਾਉਂਦਿਆਂ ਖੁਦਕੁਸ਼ੀ ਲਈ ਮਜਬੂਰ ਹੋਈ।   ਉਹਨਾਂ ਦੁਖੀ ਮਨ ਨਾਲ ਦੱਸਿਆ ਕਿ ਜਿਸ ਘਰੋਂ 8 ਜਨਵਰੀ ਨੂੰ ਵੱਡੀ ਭੈਣ ਦੀ ਡੋਲੀ ਉੱਠਣੀ ਸੀ ਅੱਜ ਉਸ ਘਰ ਮਾਤਮ ਛਾਇਆ ਹੋਇਆ ਹੈ।
ਇਸ ਮੌਕੇ ਖੁਦਕੁਸ਼ੀ ਕਰ ਗਏ ਕਰਾਟੇ ਖਿਡਾਰਨ ਕੁਲਦੀਪ ਕੌਰ ਦੀ ਭੈਣ ਬਲਵੀਰ ਕੌਰ ਵਾਸੀ ਗੁਜਰਪੁਰਾ ਜ਼ਿਲ੍ਹਾ ਗੁਰਦਾਸਪੁਰ ਨੇ ਰੋਂਦੀ ਕੁਰਲਾਉਂਦੀ ਹੋਈ ਨੇ ਕਿਹਾ ਕਿ ਉਸ ਦੀ ਭੈਣ ਦੀ ਖੁਦਕੁਸ਼ੀ ਸਿਸਟਮ ‘ਤੇ ਕਰਾਰੀ ਚਪੇੜ ਹੈ।ਉਹਨਾਂ ਦੱਸਿਆ ਕਿ ਕਾਂਗਰਸੀਆਂ ਦੇ ਕਹਿਰ ਬਾਰੇ ਉਹਨਾਂ ਪਹਿਲਾਂ ਸੁਣਿਆ ਜ਼ਰੂਰ ਸੀ ਪਰ ਪਿਛਲੇ 8 ਮਹੀਨਿਆਂ ਦੌਰਾਨ ਇਸ ਕਰੂਰਤਾ ਨੂੰ ਪਿੰਡੇ ਹੰਢਾਅ ਕੇ ਦੇਖ ਵੀ ਲਿਆ ਹੈ। ਉਹਨਾਂ ਦੱਸਿਆ ਕਿ ਦੋਸ਼ੀਆਂ ਨੂੰ ਕਾਂਗਰਸੀ ਆਗੂਆਂ ਦੀ ਸਹਿ ਅਤੇ ਪੁਲੀਸ ਅਧਿਕਾਰੀਆਂ ਦੀ ਮਿਲੀ ਭੁਗਤ ਕਾਰਨ ਇਨਸਾਫ਼ ਨਾ ਮਿਲਦਾ ਦੇਖ ਉਸ ਦੀ ਭੈਣ ਖੁਦਕੁਸ਼ੀ ਕਰਨ ਲਈ ਮਜਬੂਰ ਹੋਈ।ਪੁਲੀਸ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਡਿਊਟੀ ਨਹੀਂ ਨਿਭਾਈ, ਮੇਰੀ ਭੈਣ ਚਲੀ ਗਈ ਉਸ ਨੇ ਹੁਣ ਨਹੀਂ ਮੁੜਨਾ। ਉਸ ਨੇ ਦੱਸਿਆ ਕਿ ਕੇਸ ਦੀ ਪਹਿਰੇਦਾਰੀ ਲਈ 70 ਦਿਨ ਸੜਕਾਂ ‘ਤੇ ਗੁਜ਼ਾਰੀ ਅਤੇ 13 ਹਜ਼ਾਰ ਕਿੱਲੋ ਮੀਟਰ ਦਾ ਸਫ਼ਰ ਕੀਤਾ। ਉਸ ਨੇ ਕਿਹਾ ਕਿ ਉਸ ਦੇ ਗਰੀਬ ਪਰਿਵਾਰ ਦੀ ਮਾਂ ਕੈਂਸਰ ਦੀ ਮਰੀਜ਼ ਹੈ ਅਤੇ ਪਿਤਾ ਪੈਰਾਲਾਈਜ ਦੀ ਬਿਮਾਰੀ ਨਾਲ ਪੀੜਤ ਹੈ, ਉਸ ਦਾ ਭਰਾ ਫੌਜ ਵਿੱਚ ਹੈ ਜੋ ਅਰੁਣਾਚਲ ਪ੍ਰਦੇਸ਼ ‘ਚ ਤੈਨਾਤ ਹੈ ਅਤੇ ਪਰਿਵਾਰ ਵਿੱਚ ਕੁੱਝ ਹੋਰ ਬਚੇ ਵੀ ਹਨ ਜਿਨ੍ਹਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਉਹਨਾਂ ਆਪਣੇ ਪਰਿਵਾਰ ਨਾਲ ਹੋਈਆਂ ਵਧੀਕੀਆਂ ਦੀ ਹਿਰਦੇਵੇਧਕ ਦਾਸਤਾਨ ਬਾਰੇ ਦੱਸਿਆ ਕਿ ਕਾਂਗਰਸ ਨੇ ਉਹਨਾਂ ਦੇ ਹੱਸਦੇ ਵਸਦੇ ਪਰਿਵਾਰ ਨੂੰ ਬੁਰੀ ਤਰਾਂ ਰੋਲ ਕੇ ਰਖ ਦਿੱਤਾ ਹੈ। ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਐੱਸ ਐੱਚ ਓ ਤੋਂ ਲੈ ਕੇ ਡੀ ਜੀ ਪੀ ਤਕ ਨੇ ਕੋਈ ਸੁਣਵਾਈ ਤਾਂ ਕੀ ਕਰਨੀ ਸੀ ਸਗੋਂ ਉਹਨਾਂ ਦੋਸ਼ੀ ਕਾਂਗਰਸੀ ਵਰਕਰਾਂ ਦਾ ਸਾਥ ਦਿੱਤਾ ਅਤੇ ਉਹਨਾਂ ਪ੍ਰਤੀ ਕਾਨੂੰਨੀ ਢਾਲ ਬਣੇ ਰਹੇ।  ਪਿੰਡ ਦੇ ਹੀ ਕੁੱਝ ਕਾਂਗਰਸੀ ਲੋਕ ਜਿਨ੍ਹਾਂ ਪਹਿਲਾਂ ਵੀ ਉਹਨਾਂ ਦੀ ਕੁੱਝ ਜ਼ਮੀਨ ‘ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਉਹ ਹੋਰ ਜ਼ਮੀਨ ‘ਤੇ ਕਬਜ਼ਾ ਕਰਨਾ ਚਾਹੁੰਦੇ ਸਨ । ਉਹਨਾਂ ਨੂੰ 5 ਮਈ 2017 ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ, ਜਿਸ ਬਾਰੇ ਪੁਲੀਸ ਅਧਿਕਾਰੀਆਂ ਨੂੰ ਦਰਜਨਾਂ ਵਾਰ ਦਰਖਾਸਤਾਂ ਦਿੱਤਿਆਂ ਗਈਆਂ ਪਰ ਸਿਆਸੀ ਦਬਾਅ ‘ਤੇ ਚਲਦਿਆਂ ਕੋਈ ਕਾਰਵਾਈ ਨਾ ਹੋਈ। ਬਲਵੀਰ ਕੌਰ ਨੇ 24 ਅਕਤੂਬਰ ਦੀ ਪੰਜਾਬ ਸਿਵਲ ਸਕੱਤਰੇਤ ਦੀ ਗੇਟ ਪਾਸ ਦਿਖਾਉਂਦਿਆਂ ਦੱਸਿਆ ਕਿ ਉਹਨਾਂ ਵੱਲੋਂ ਕਾਂਗਰਸੀਆਂ ਦੀਆਂ ਵਧੀਕੀਆਂ ਨੂੰ ਲੈ ਕੇ ਮੰਤਰੀ ਤ੍ਰਿਪਤ ਬਾਜਵਾ ਨਾਲ ਮੁਲਾਕਾਤ ਕੀਤੀ ਗਈ ਜਿਸ ਦੌਰਾਨ ਬਾਜਵਾ ਨੇ ਇਨਸਾਫ਼ ਦਿਵਾਉਣਾ ਤਾਂ ਦੂਰ ਸਗੋਂ ” ਕੁੜੀਏ ਮੈ ਤਾਂ ਆਪਣੀ ਪਾਰਟੀ ਦਾ ਹੀ ਸਾਥ ਦਿਆਂਗਾ” ਕਹਿੰਦਿਆਂ ਵਾਪਸ ਭੇਜ ਦਿੱਤਾ। 26 ਅਕਤੂਬਰ ਵਾਲੇ ਦਿਨ ਸ਼ਾਮ 5: 30 ਵਜੇ ਕਾਂਗਰਸੀ ਅਜਾਇਬ ਸਿੰਘ, ਪਰਗਟ ਸਿੰਘ, ਪ੍ਰੀਤਮ ਸਿੰਘ, ਕਰਮ ਸਿੰਘ ਕੁਲਵੰਤ ਸਿੰਘ ਆਦਿ ਦਰਜਨਾਂ ਬੰਦਿਆਂ ਨੇ ਮੰਤਰੀ ਬਾਜਵਾ ਅਤੇ ਕਾਂਗਰਸੀ ਆਗੂ ਬਲਵਿੰਦਰ ਬਿਲਾ ਕੋਟਲਾ ਬਾਮਾ ਦੀ ਸਹਿ ‘ਤੇ ਉਹਨਾਂ ਦੇ ਪਰਿਵਾਰ ‘ਤੇ ਹਮਲਾ ਕਰਦਿਤਾ, ਮੇਰੀ ਮਾਤਾ ਸੁਖਵਿੰਦਰ ਕੌਰ ਜੋ ਕੈਂਸਰ ਨਾਲ ਪੀੜਤ ਹਨ ‘ਤੇ ਅੱਧਾ ਘੰਟਾ ਟਰੈਕਟਰ ਚੜ੍ਹਾਈ ਰੱਖਿਆ ਅਤੇ ਡੂੰਘੀਆਂ ਸੱਟਾਂ ਮਾਰੀਆਂ ਗਈਆਂ । ਐੱਮ ਐੱਲ ਆਰ ਮੁਤਾਬਿਕ ਮਾਂ ਨੂੰ 13 ਸੱਟਾਂ ਲੱਗੀਆਂ। ਇਸੇ ਤਰਾਂ ਭੈਣ ਕੁਲਦੀਪ ਕੌਰ ਨੂੰ 6 ਸੱਟਾਂ ਲੱਗੀਆਂ। ਬੇ ਕਸੂਰ ਭਾਣਜੀ ਜੋ ਕਿ 12ਵੀਂ ਕਲਾਸ ਦੀ ਵਿਦਿਆਰਥਣ ਹੈ ਨੂੰ ਵੀ ਝੂਠੇ ਕੇਸ ਵਿੱਚ ਫਸਾ ਦਿੱਤਾ ਗਿਆ।  ਡਾਕਟਰਾਂ ਵੱਲੋਂ ਅਣਫਿਟਾਂ ਨੂੰ ਫਿਟ ਕਰਾਰ ਦੇ ਕੇ ਜਬਰੀ ਛੁੱਟੀ ਕਰਦਿਤੀ ਗਈ। ਦੋਸ਼ੀਆਂ ‘ਤੇ ਕਾਰਵਾਈ ਕਰਨ ਦੀ ਥਾਂ ਪੁਲੀਸ ਥਾਣਾ ਘਣੀਏ ਕੇ ਬਾਂਗਰ ਦੇ ਮੁਖੀ ਪਰਮਜੀਤ ਸਿੰਘ ਅਤੇ ਡੀ ਐੱਸ ਪੀ ਫ਼ਤਿਹਗੜ੍ਹ ਚੂੜੀਆਂ ਰਵਿੰਦਰ ਕੁਮਾਰ ਨੇ ਉਲਟਾ ਉਸ ਦੇ ਪਰਿਵਾਰ ‘ਤੇ ਕਰਾਸ ਕੇਸ ਦਰਜ ਕਰ ਦਿੱਤਾ।ਇਸ ਦੌਰਾਨ ਮੇਰੀ ਭੈਣ ਕੁਲਦੀਪ ਦੀ ਇੱਜ਼ਤ ਨੂੰ ਵੀ ਹੱਥ ਪਾਇਆ ਗਿਆ।ਮੀਡੀਆ ‘ਚ ਮਾਮਲਾ ਆਉਣ ਦੇ ਬਾਅਦ ਪੁਲਸ ਨੇ ਮਾਮਲਾ ਤਾਂ ਦਰਜ਼ ਕਰ ਲਿਆ ਪਰ ਦੋਸ਼ੀਆਂ ਨੂੰ ਨਹੀਂ ਫੜਿਆ।ਇਸ ਦੌਰਾਨ ਸੈਨਿਕ ਭਰਾ ਸਤਵੰਤ ਸਿੰਘ ਛੁੱਟੀ ਲੈ ਕੇ ਪੁਲਸ ਅਧਿਕਾਰੀਆਂ ਦੇ ਅੱਗੇ ਇਨਸਾਫ਼ ਦੇ ਲਈ ਗਿੜਗਿੜਾਉਂਦਾ ਰਿਹਾ। ਅੰਤ ਪੁਲੀਸ ਦੀ ਲਾਪਰਵਾਹੀ ਅਤੇ ਵਧੀਕੀਆਂ ਪ੍ਰਤੀ ਕੋਈ ਕਾਰਵਾਈ ਨਾ ਕਰਨ ‘ਤੇ ਮੇਰੀ ਭੈਣ ਕੁਲਦੀਪ ਕੌਰ ਆਪਣੀ ਬੇਇੱਜ਼ਤੀ ਬਰਦਾਸ਼ਤ ਨਾ ਕਰ ਸਕੀ ਤੇ ਆਪਣੀ ਜਾਨ ਦੇ ਦਿੱਤੀ। ਉਹਨਾਂ ਮ੍ਰਿਤਕ ਕੁਲਦੀਪ ਕੌਰ ਵੱਲੋਂ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ‘ਤੇ ਜਿੱਤੇ ਤਗਮੇ ਦਿਖਾਉਂਦਿਆਂ ਕਿਹਾ ਕਿ ਜੂਡੋ ਕਰਾਟੇ ਦੀ ਅੰਤਰਰਾਸ਼ਟਰੀ ਖਿਡਾਰੀ ਜਿਸ ਨੇ ਖੇਡਾਂ ‘ਚ ਕਈ ਤਗਮੇ ਜਿੱਤ ਸਨ ਪਰ ਕਾਨੂੰਨ ਅਤੇ ਸਿਸਟਮ ਦੇ ਖੇਡ ਦੇ ਅੱਗੇ ਆਪਣੀ ਜ਼ਿੰਦਗੀ ਹਾਰ ਗਈ। ਉਹਨਾਂ ਕਿਹਾ ਕਿ ਜਦੋਂ ਤੱਕ ਉਹ ਕਾਤਲਾਂ ਨੂੰ ਸਲਾਖ਼ਾਂ ਦੇ ਪਿੱਛੇ ਨਹੀਂ ਪਹੁੰਚਾ ਦਿੰਦੀ ਉਹ ਚੈਨ ਨਾਲ ਨਹੀਂ ਬੈਠੇਗੀ।ਉਹਨਾਂ ਸਰਕਾਰ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਇਸ ਮੌਕੇ ਅਜੈਬੀਰਪਾਲ ਸਿੰਘ ਰੰਧਾਵਾ, ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਗੁਜਰਪੁਰਾ, ਗੁਰਜੀਤ ਸਿੰਘ ਬਿਜਲੀ ਵਾਲ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।
5 sarchand 2a
ਫੋਟੋ : 5 ਸਰਚਾਂਦ 1
ਕੈਪਸ਼ਨ : ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੌਮਾਂਤਰੀ ਕਰਾਟੇ ਖਿਡਾਰਨ ਕੁਲਦੀਪ ਕੌਰ ਦੀ ਭੈਣ ਬਲਵੀਰ ਕੌਰ , ਅਕਾਲੀ ਆਗੂ ਵੀਰ ਸਿੰਘ ਲੋਪੋਕੇ, ਹਰਮੀਤ ਸਿੰਘ ਸੰਧੂ, ਦਲਬੀਰ ਸਿੰਘ ਵੇਰਕਾ, ਮਲਕੀਤ ਸਿੰਘ ਏ ਆਰ, ਗੁਰਪ੍ਰਤਾਪ ਸਿੰਘ ਟਿਕਾ, ਰਵੀ ਕਰਨ ਸਿੰਘ ਕਾਹਲੋਂ, ਤਲਬੀਰ ਸਿੰਘ ਗਿੱਲ ਅਤੇ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ।
ਕੈਪਸ਼ਨ : ਪ੍ਰੈੱਸ ਕਾਨਫਰੰਸ ਦੌਰਾਨ ਕੌਮਾਂਤਰੀ ਕਰਾਟੇ ਖਿਡਾਰਨ ਕੁਲਦੀਪ ਕੌਰ ਵੱਲੋਂ ਜਿੱਤੇ ਤਗਮੇ ਦਿਖਾਉਂਦੇ ਹੋਏ ਭੈਣ ਬਲਵੀਰ ਕੌਰ , ਅਕਾਲੀ ਆਗੂ ਵੀਰ ਸਿੰਘ ਲੋਪੋਕੇ, ਹਰਮੀਤ ਸਿੰਘ ਸੰਧੂ, ਦਲਬੀਰ ਸਿੰਘ ਵੇਰਕਾ, ਮਲਕੀਤ ਸਿੰਘ ਏ ਆਰ, ਗੁਰਪ੍ਰਤਾਪ ਸਿੰਘ ਟਿਕਾ, ਰਵੀ ਕਰਨ ਸਿੰਘ ਕਾਹਲੋਂ, ਤਲਬੀਰ ਸਿੰਘ ਗਿੱਲ ਅਤੇ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone