Last UPDATE: August 23, 2014 at 7:43 pm

ਕਵੀ ਦਰਬਾਰ ਕਰਵਾਇਆ

ਅਮਰ ਗਿਰੀ
ਚੰਡੀਗੜ੍ਹ, 23 ਅਗਸਤ
ਲਾਇਬ੍ਰੇਰੀ ਕਮੇਟੀ ਪ੍ਰੈਸ ਕਲੱਬ ਵੱਲੋਂ ਅੱਜ ਇੱਥੇ ਕਰਵਾਏ ਗਏ ਬਹੁਭਾਸ਼ੀ ਕਵੀ ਦਰਬਾਰ ਵਿੱਚ ਕਲੱਬ  ਦੇ ਮੈਂਬਰਾਂ ਅਤੇ ਟ੍ਰਾਈਸਿਟੀ ਦੇ ਨਾਮੀ ਕਵੀਆਂ ਵੱਲੋਂ ਆਪਣੀਆਂ ਰਚਨਾਵਾਂ ਰਾਹੀਂ ਸਰੋਤਿਆਂ ਤੋਂ ਖੂਬ ਦਾਦ ਖੱਟੀ ਗਈ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਨੌਜਵਾਨ ਕਵੀ ਦੀਪਕ ਸ਼ਰਮਾ ਤੋਂ ਕੀਤੀ ਗਈ। ਉਨ੍ਹਾਂ ਨੇ ‘ਮੇਰੇ ਦੇਸ਼ ਵਿੱਚ’ ‘ਕੌੜਾ ਸੱਚ’ ਅਤੇ ‘ਕਬਾੜ’ ਕਵਿਤਾਵਾਂ ਰਾਹੀਂ ਵਰਤਮਾਨ ਹਾਲਾਤ ‘ਤੇ ਖੂਬ ਵਿਅੰਗ ਦੇ ਬਾਣ ਕਸੇ। ਡਾ. ਸੁਖਵਿੰਦਰ ਸਿੰਘ ਆਪਣੀ ਕਵਿਤਾ ਸੱਚ’ ਰਾਹੀਂ ‘ਘੱਟ ਬੋਲਿਆਂ ਸੱਚ ਕਦੇ ਨਿਰੋਲ ਨਹੀਂ ਹੁੰਦਾ’ ਰਾਹੀਂ ਜ਼ਿੰਦਗੀ ਦੀ ਤਜਰਬੇ ਸਾਂਝੇ ਕੀਤੇ। ਸੁਰਜੀਤ ਸਿੰਘ ਜੀਤ ਨੇ ਆਪਣੀ ਗ਼ਜ਼ਲ ‘ਪਾਣੀ ਨਾਲ ਭਰਿਆ ਹੈ ਫਿਰ ਵੀ ਪਿਆਸ ਰੱਖਦਾ ਹੈ, ਭਾਵੇਂ ਉਹ ਸਮੁੰਦਰ ਹੈ, ਨਦੀ ਤੋਂ ਆਸ ਰੱਖਦਾ ਹੈ’ ਰਾਹੀਂ ਖੂਬ ਤਾੜੀਆਂ ਬਟੋਰੀਆਂ। ਪੱਤਰਕਾਰ ਚੇਤਨ ਠਾਕੁਰ ਨੇ ‘ਮੇਰੇ ਮਾਲਕ ਮੇਰੇ ਖੇਤਾਰ ਮਿਲ ਤੋ ਜਾਏਂ’ ਅਤੇ ਦੇਵ ਭਾਰਦਵਾਜ ਨੇ ਸੁਲਤਾਨ ਬਾਹੂ ਦੇ ਕਲਾਮ ਨਾਲ ਹੀ ਸ਼ਾਮ ਸਿੰਘ ਦੀ ਰਚਨਾ ਤਰੁੰਨਮ ਵਿੱਚ ਸੁਣਾਈ। ਮਨੋਜ ਕੁਮਾਰ ਦੀ ਰਚਨਾ ‘ਅਭੀ ਤੋ ਰਾਤ ਬਾਕੀ ਹੈ’ ਅਤੇ ਗੁਰਵਿੰਦਰ ਕੌਰ ਸਿੱਧੂ ਨੇ ‘ ਫੌਜੀ ਦੀ ਚਿੱਠੀ’ ਨਾਲ ਮਾਹੌਲ ਨੂੰ ਭਾਵੁਕ ਕੀਤਾ।
ਸੁਸ਼ੀਲ ਦੋਸਾਂਝ ਨੇ  ‘ਠਰਦੇ ਨੀਵੇਂ ਵਿਹੜਿਆਂ ਖਾਤਰ, ਧੁੱਪ ਦੀ ਹੀ ਇਕ ਕਾਤਰ ਹੋ ਜਾਵਾਂ’ ਨੂੰ ਕਵਿਤਾ ਪ੍ਰੇਮੀਆਂ ਨੇ ਖੂਬ ਮਾਣਿਆਂ। ਉਨ੍ਹਾਂ ਦੇ ਪੁੱਤਰ ਅਜ਼ਲ ਦੋਸਾਂਝ ਨੇ ਅੰਗਰੇਜ਼ੀ ਵਿੱਚ ਦੋ ਕਵਿਤਾਵਾਂ ‘ਹੋਪ’ ਅਤੇ ‘ਨੇਚਰ’ ਨਾਲ ਆਪਣੇ ਸ਼ਾਇਰੀ ਨਾਲ ਲਗਾਓ ਦਾ ਪ੍ਰਮਾਣ ਦਿੱਤਾ। ਸ਼ਿਮਲਾ ਤੋਂ ਆਏ ਸਤੀਸ਼ ਰਤਨ ਨੇ ਪਾਖੰਡੀ ਬਾਬਿਆਂ ‘ਤੇ ਵਿਅੰਗ ਕਰਦੀ ਕਵਿਤਾ ‘ ਕਹੋ ਬੇਟਾ ਕਿਆ ਕਸ਼ਟ ਹੈ’ ਰਾਹੀਂ ਹਾਸਾ ਵੀ ਪੈਦਾ ਕੀਤਾ ਅਤੇ ਕਟਾਕਸ਼ ਵੀ। ਸ਼ਿਰੀ ਰਾਮ ਅਰਸ਼ ਦੀ ਗ਼ਜ਼ਲ ਦੇ ਬੋਲ ਸਨ ‘ ਸ਼ੋਖ਼ ਨਜ਼ਰਾਂ ਦਾ ਜਦੋਂ ਦਿਲ ਨੂੰ ਸਹਾਰਾ ਮਿਲ ਗਿਆ, ਭੂਤਰੇ ਸਾਗਰ ‘ਚ ਕਿਸ਼ਤੀ ਨੂੰ ਸਹਾਰਾ ਮਿਲ ਗਿਆ’ ਅਤੇ ਕਿਦਾਰ ਨਾਥ ਕਿਦਾਰ ਦੀ ਉਰਦੂ ਗ਼ਜ਼ਲ ‘ਫਾਸਲੇ ਨਾ ਰੱਖੀਏ, ਵਕਤ ਕੇ ਸਾਥ ਬਿਖਰ ਜਾਤੇ ਹੈਂ’ ਨੂੰ ਵੀ ਕਾਫ਼ੀ ਪਸੰਦ ਕੀਤਾ ਗਿਆ।
ਮਨਜੀਤ ਇੰਦਰਾ ਨੇ ਤਰੁੰਨਮ ਵਿੱਚ ਗੀਤ ‘ ਰੁਸਣਾ ਜੇ ਚਾਹੇਂ ਚੰਨਾ, ਮੰਨਣਾ ਵੀ ਸਿੱਖ ਲੈ’ ਪੇਸ਼ ਕੀਤਾ।  ਸੁਵਿਰਤਾ ਨੇ ਧਰਤੀ ਕਰੇ ਪੁਕਾਰ ਅਤੇ ਸ੍ਰੀਮਤੀ ਸੰਧੂ ਨੇ ‘ਮਾਂ’ ਅਤੇ ਮਲਕੀਤ ਬਸਰਾ ਨੇ ‘ਬੇਬੇ ਦੀ ਚਿੱਠੀ’ ਰਾਹੀਂ ਭਰਪੂਰ ਹਾਜ਼ਰੀ ਲਵਾਈ। ਅੰਤ ਵਿੱਚ ਉਰਦੂ ਸ਼ਾਇਰ ਸਮਸ਼ ਨੇ ‘ ਆਦਮੀ ਖੁਦ ਕਬੂਲ ਹੋਤਾ ਹੈ। ਇਤਨੀ ਛੋਟੀ ਸੀ ਹੋ ਗਈ ਦੁਨੀਆਂ, ਮਿਲ ਹੀ ਜਾਤਾ ਹੈ ਜੋ ਵੀ ਖੋਤਾ ਹੈ’ ਪੇਸ਼ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਗੁਰਦਰਸ਼ਨ ਸਿੰਘ ਸੈਣੀ ਨੇ ਜ਼ਿੰਦਗੀ ਦੇ ਤਲਖ਼ ਤਜਰਬੇ ‘ਤੇ ਆਧਾਰਿਤ ਪੰਜਾਬੀ ਕਵਿਤਾ ਸੁਣਾਈ।
ਆਖਿਰ ਵਿੱਚ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਹਰਿਆਣਾ ਸਾਹਿਤ ਅਕਾਦਮੀ ਦੇ ਡਾਇਰੈਕਟਰ ਸੁਖਚੈਨ ਸਿੰਘ ਭੰਡਾਰੀ ਨੇ ਮੁਲਤਾਨੀ ਵਿੱਚ ‘ਆ ਵੇ ਢੋਲਾ’ ਸੁਣਾ ਕੇ ਖੂਬ ਰੰਗ ਬੰਨਿ੍ਹਆਂ। ਮੰਚ ਸੰਚਾਲਨ ਸ਼ਾਮ ਸਿੰਘ ਅੰਗ-ਸੰਗ ਨੇ ਕੀਤਾ। ਇਸ ਮੌਕੇ ਪੱਤਰਕਾਰ ਮਨਮੋਹਨ ਨੂੰ ਪੁਸਤਕਾਂ ਦਾ ਸੈੱਟ ਵੀ ਭੇਟ ਕੀਤਾ ਗਿਆ।

Widgetized Section

Go to Admin » appearance » Widgets » and move a widget into Advertise Widget Zone