ਕਲਿਆਣ ਸਿੰਘ ਸਮੇਤ ਚਾਰ ਸੂਬਿਆਂ ਦੇ ਰਾਜਪਾਲ ਨਿਯੁਕਤ
ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੂੰ ਰਾਜਸਥਾਨ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ ਜਦਕਿ ਕੇਂਦਰ ਨੇ ਤਿੰਨ ਹੋਰ ਭਾਜਪਾ ਨੇਤਾਵਾਂ ਨੂੰ ਮਹਾਰਾਸ਼ਟਰ, ਕਰਨਾਟਕ ਅਤੇ ਗੋਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਗੁਜਰਾਤ ਦੇ ਸਪੀਕਰ ਵਾਜੂਭਾਈ ਵਾਲਾ ਨੂੰ ਕਰਨਾਟਕ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ ਜਿੱਥੇ ਐਚ ਆਰ ਭਾਰਦਵਾਜ ਦਾ ਪਿਛਲੇ ਦਿਨੀਂ ਹੀ ਕਾਰਜਕਾਲ ਖਤਮ ਹੋ ਗਿਆ ਸੀ। ਸਾਬਕਾ ਕੇਂਦਰੀ ਮੰਤਰੀ ਸੀ ਵਿਦਿਆਸਾਗਰ ਰਾਓ ਕੇ ਸ਼ੰਕਰਨਾਰਾਇਣ ਦੀ ਥਾਂ ਲੈਣਗੇ, ਜਿਨ੍ਹਾਂ ਐਤਵਾਰ ਨੂੰ ਮਿਜ਼ੋਰਮ ਤਬਦੀਲ ਕੀਤੇ ਜਾਣ ਤੋਂ ਬਾਅਦ ਮਹਾਰਾਸ਼ਟਰ ਦੇ ਰਾਜਪਾਲ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਭਾਜਪਾ ਮਹਿਲਾ ਮੋਰਚਾ ਦੀ ਸਾਬਕਾ ਪ੍ਰਧਾਨ 71 ਸਾਲਾ ਮਿ੍ਰਦੁਲਾ
ਸਿਨਹਾ ਨੂੰ ਬੀ ਵੀ ਵਾਂਚੂ ਦੀ ਥਾਂ ਗੋਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਨੂੰ ਵੀ ਕੇਂਦਰ ‘ਚ ਸਰਕਾਰ ਬਦਲਣ ਦੇ ਬਾਅਦ ਅਸਤੀਫ਼ਾ ਦੇਣ ਲਈ ਕਿਹਾ ਗਿਆ ਸੀ। ਰਾਸ਼ਟਰਪਤੀ ਭਵਨ ਤੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ 82 ਸਾਲਾ ਕਲਿਆਣ ਸਿੰਘ ਨੂੰ ਰਾਜਸਥਾਨ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਹ ਮਾਰਗ੍ਰੇਟ ਅਲਵਾ ਦੀ ਥਾਂ ‘ਤੇ ਨਿਯੁਕਤ ਹੋਣਗੇ ਜੋ ਇਸ ਮਹੀਨੇ ਰਿਟਾਇਰ ਹੋ ਰਹੇ ਹਨ। ਉੱਤਰ ਪ੍ਰਦੇਸ਼ ਦੇ ਦੋ ਵਾਰੀ ਮੁੱਖ ਮੰਤਰੀ ਰਹਿ ਚੁੱਕੇ ਕਲਿਆਣ ਸਿੰਘ ਨੂੰ ਸੁਪਰੀਮ ਕੋਰਟ ਨੇ 24 ਅਕਤੂਬਰ, 1994 ਨੂੰ ਕੀਤਾ ਵਾਅਦਾ ਪੂਰਾ ਨਾ ਕਰਨ ਦਾ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਨੇ ਬਾਬਰੀ ਮਸਜਿਦ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਸੀ। ਉਹ ਦੋ ਵਾਰੀ ਭਾਜਪਾ ਨੂੰ ਛੱਡ ਗਏ ਸਨ, ਆਖਰ ਫਿਰ ਭਾਜਪਾ ‘ਚ ਸ਼ਾਮਲ ਹੋ ਗਏ।76 ਸਾਲਾ ਵਾਲਾ, ਜੋ ਬੰਗਲੌਰ ‘ਚ ਰਾਜਪਾਲ ਦਾ ਅਹੁਦਾ ਸੰਭਾਲਣਗੇ, ਮੋਦੀ ਦੇ ਬਹੁਤ ਭਰੋਸੇਮੰਦ ਸਾਥੀ ਹਨ ਅਤੇ ਉਨ੍ਹਾਂ ਦੀ ਸਰਕਾਰ ‘ਚ ਵਿੱਤ ਮੰਤਰੀ ਰਹਿ ਚੁੱਕੇ ਹਨ। ਇਸ ਤੋਂ ਬਾਅਦ ਪਿਛਲੇ ਸਾਲ ਜਨਵਰੀ ‘ਚ ਉਹ ਗੁਜਰਾਤ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ।
ਰਾਓ, ਜੋ ਵਾਜਪਾਈ ਸਰਕਾਰ ‘ਚ ਗ੍ਰਹਿ ਰਾਜ ਮੰਤਰੀ ਰਹਿ ਚੁੱਕੇ ਹਨ, ਤੇਲੰਗਾਨਾ ਸੂਬੇ ਨਾਲ ਸਬੰਧਤ ਹਨ। ਕਿੱਤੇ ਤੋਂ ਵਕੀਲ, 69 ਸਾਲਾ ਰਾਓ ਤਿੰਨ ਵਾਰੀ ਆਂਧਰ ਪ੍ਰਦੇਸ਼ ਵਿਧਾਨ ਸਭ ਲਈ ਚੁਣੇ ਜਾ ਚੁੱਕੇ ਹਨ। ਉਹ ਵਿਧਾਨ ਸਭਾ ‘ਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਵੀ ਸਨ।
ਸਿਨਹਾ ਹਿੰਦੀ ਦੇ ਪ੍ਰਮੁੱਖ ਲੇਖਕ ਹਨ। ਉਨ੍ਹਾਂ ਨੇ ‘ਏਕ ਥੀ ਰਾਣੀ ਐਸੀ ਭੀ’ ਸਮੇਤ ਕਈ ਕਿਤਾਬਾਂ ਲਿਖੀਆਂ ਹਨ। ਰਾਸ਼ਟਰਪਤੀ ਭਵਨ ਤੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਨਿਯੁਕਤੀਆਂ ਉਸ ਦਿਨ ਤੋਂ ਅਮਲ ‘ਚ ਆਉਣਗੀਆਂ ਜਿਸ ਦਿਨ ਤੋਂ ਉਹ ਅਹੁਦਾ ਸੰਭਾਲਣਗੇ।
ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਸ਼ੰਕਰਨਾਰਾਇਣ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਮਣੀਪੁਰ ਦੇ ਰਾਜਪਾਲ ਵਿਨੋਦ ਕੁਮਾਰ ਦੁੱਗਲ ਨਵੀਂ ਨਿਯੁਕਤੀ ਹੋਣ ਤਕ ਮਿਜ਼ੋਰਮ ਦੇ ਰਾਜਪਾਲ ਦਾ ਵੀ ਕੰਮ ਵੇਖਦੇ ਰਹਿਣਗੇ।
ਇਸ ਤੋਂ ਪਹਿਲਾਂ ਐਨਡੀਏ ਸਰਕਾਰ ਨੇ ਮਿਜ਼ੋਰਮ ਦੇ ਰਾਜਪਾਲ ਕਮਲਾ ਬੇਨੀਵਾਲ ਨੂੰ ਬਰਖ਼ਾਸਤ ਕਰ ਦਿੱਤਾ ਸੀ। ਇਸ ਦੇ ਨਾਲ ਹੀ ਪਾਂਡੀਚੇਰੀ ਦੇ ਉਪ ਰਾਜਪਾਲ ਵੀਰੇਂਦਰ ਕਟਾਰੀਆ ਨੂੰ ਵੀ ਪਿਛਲੇ ਮਹੀਨੇ ਬਰਖ਼ਾਸਤ ਕੀਤਾ ਗਿਆ ਸੀ।
ਪੰਜ ਹੋਰਨਾਂ ਰਾਜਪਾਲਾਂ- ਐਮ ਕੇ ਨਾਰਾਇਨਣ (ਪੱਛਮੀ ਬੰਗਾਸ), ਅਸ਼ਵਨੀ ਕੁਮਾਰ (ਨਗਾਲੈਂਡ), ਬੀ ਐਲ ਜੋਸ਼ੀ (ਯੂ ਪੀ), ਬੀ ਵੀ ਵਾਂਚੂ (ਗੋਆ) ਅਤੇ ਸ਼ੇਖਰ ਦੱਤ (ਛੱਤੀਸਗੜ੍ਹ) ਨੇ ਕੇਂਦਰੀ ਗ੍ਰਹਿ ਸਕੱਤਰ ਦੇ ਫੋਨ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ। ਜਦਕਿ ਕਾਂਗਰਸ ਦੇ ਬਜ਼ੁਰਗ ਨੇਤਾ ਜਗਨ ਨਾਥ ਪਹਾੜੀਆ ਨੇ ਹਰਿਆਣਾ ਦੇ ਰਾਜਪਾਲ ਵਜੋਂ ਆਪਣਾ ਕਾਰਜਕਾਲ ਪੂਰਾ ਕੀਤਾ। ਅਜੀਜ਼ ਕੁਰੈਸ਼ੀ ਨੇ ਮੋਦੀ ਸਰਕਾਰ ਦੇ ਫ਼ੈਸਲੇ ਨੂੰ ਚੁਣੌਤੀ ਦੇ ਦਿੱਤੀ, ਜਿਸ ਨਾਲ ਯੂਪੀਏ ਸਰਕਾਰ ਵੱਲੋਂ ਨਿਯੁਕਤ ਕੀਤੇ ਰਾਜਪਾਲਾਂ ਨੂੰ ਹਟਾਉਣ ਦੇ ਮਾਮਲੇ ‘ਤੇ ਵਿਵਾਦ ਪੈਦਾ ਹੋ ਗਿਆ ਹੈ।