ਈਪੀਐਫਓ ਤਹਿਤ ਘੱਟੋ-ਘੱਟ ਪੈਨਸ਼ਨ ਹੋਈ 1000 ਰੁਪਏ

ਨਵੀਂ ਦਿੱਲੀ : ਈਪੀਐਫਓ ਦੇ ਸਾਰੇ ਖਾਤਾ ਧਾਰਕਾਂ ਨੂੰ ਅਕਤੂਬਰ ਤੋਂ ਘੱਟੋ-ਘੱਟ ਇਕ ਹਜ਼ਾਰ ਰੁਪਏ ਪੈਨਸ਼ਨ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ। ਸਰਕਾਰ ਨੇ ਇਸ ਨਾਲ ਸਬੰਧਤ ਨੋਟੀਫਿਕੇਸ਼ਨ ਵੀਰਵਾਰ ਨੂੰ ਜਾਰੀ ਕਰ ਦਿੱਤਾ। ਇਸ ਦੇ ਨਾਲ ਹੀ ਮੁਲਾਜ਼ਮਾਂ ਦੀ ਸਮਾਜਿਕ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਈਪੀਐਫ ਲਈ ਵੱਧ ਤੋਂ ਵੱਧ ਤਨਖ਼ਾਹ ਹੱਦ ਵੀ ਵਧਾ ਕੇ 15,000 ਰੁਪਏ ਕਰ ਦਿੱਤੀ ਗਈ ਹੈ। ਇਹ ਫ਼ੈਸਲੇ ਇਕ ਸਤੰਬਰ ਤੋਂ ਲਾਗੂ ਹੋਣਗੇ।

ਮੁਲਾਜ਼ਮ ਪੈਨਸ਼ਨ ਯੋਜਨਾ 1995 ‘ਚ ਘੱਟੋ-ਘੱਟ ਪੈਨਸ਼ਨ 1000 ਰੁਪਏ ਕਰਨ ਨਾਲ ਤੁਰੰਤ 28 ਲੱਖ ਪੈਨਸ਼ਨਭੋਗੀਆਂ ਨੂੰ ਫਾਇਦਾ ਹੋਵੇਗਾ, ਜਿਨ੍ਹਾਂ ਨੂੰ ਹਾਲੇ ਤਕ 1000 ਰੁਪਏ ਤੋਂ ਘੱਟ ਪੈਨਸ਼ਨ ਮਿਲਦੀ ਹੈ। ਇਸ ਦੇ ਨਾਲ ਹੀ ਈਪੀਐਫਓ ਦਾ ਖਾਤਾ ਧਾਰਕ ਬਣਨ ਲਈ ਤਨਖ਼ਾਹ ਹੱਦ 6500 ਰੁਪਏ ਮਹੀਨੇ ਤੋਂ ਵਧਾ ਕੇ 15,000 ਰੁਪਏ ਕਰਨ ਨਾਲ ਸੰਗਿਠਤ ਖੇਤਰ ਦੇ 50 ਲੱਖ ਹੋਰ ਮੁਲਾਜ਼ਮ ਇਸ ਯੋਜਨਾ ਦੇ ਘੇਰੇ ‘ਚ ਆ ਜਾਣਗੇ। ਈਪੀਐਫਓ ਦੇ ਸੀਪੀਐਫ ਕਮਿਸ਼ਨਰ ਕੇਕੇ ਜਾਲਾਨ ਨੇ ਕਿਹਾ, ‘ਸਰਕਾਰ ਨੇ ਤਨਖ਼ਾਹ ਹੱਦ ਵਧਾ ਕੇ 15,000 ਹਰ ਮਹੀਨੇ ਕੀਤੇ ਜਾਣ, ਈਪੀਐਸ-95 ਤਹਿਤ ਘੱਟੋ-ਘੱਟ ਮਾਸਿਕ

ਪੈਨਸ਼ਨ ਇਕ ਹਜ਼ਾਰ ਰੁਪਏ ਤੇ ਮੁਲਾਜ਼ਮ ਦੀ ਈਪੀਐਫ ਜਮ੍ਹਾ ਨਾਲ ਜੁੜੀ ਬੀਮਾ (ਈਡੀਐਲਆਈ) ਯੋਜਨਾ ਤਹਿਤ ਵੱਧ ਤੋਂ ਵੱਧ ਬੀਮਾ ਰਕਮ ਤਿੰਨ ਲੱਖ ਰੁਪਏ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।’ ਜਾਲਾਨ ਨੇ ਕਿਹਾ, ‘ਹੁਣ ਈਡੀਐਲਆਈ ਤਹਿਤ ਵੱਧ ਤੋਂ ਵੱਧ ਬੀਮਾ ਰਕਮ 3.6 ਲੱਖ ਰੁਪਏ ਹੋ ਜਾਵੇਗੀ, ਜਿਸ ਵਿਚ ਨੋਟੀਫਿਕੇਸ਼ਨ ਤਹਿਤ ਤੈਅ ਰਕਮ ‘ਤੇ 20 ਫ਼ੀਸਦੀ (60,000) ਰੁਪਏ ਦਾ ਲਾਭ ਵੀ ਸ਼ਾਮਲ ਹੈ।’ ਇਸ ਦਾ ਅਰਥ ਹੈ ਕਿ ਜੇ ਈਪੀਐਫਓ ਖਾਤਾ ਧਾਰਕ ਦੀ ਮੌਤ ਹੁੰਦੀ ਹੈ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਫਿਲਹਾਲ ਮਿਲਣ ਵਾਲੀ 1.56 ਲੱਖ ਰੁਪਏ ਦੀ ਥਾਂ 3.6 ਲੱਖ ਰੁਪਏ ਮਿਲਣਗੇ।ਜਾਲਾਨ ਨੇ ਕਿਹਾ ਕਿ ਘੱਟੋ-ਘੱਟ ਪੈਨਸ਼ਨ, ਤਨਖ਼ਾਹ ਹੱਦ ਤੇ ਈਡੀਐਲਆਈ ਸਬੰਧੀ ਨੋਟੀਫਿਕੇਸ਼ਨ ਇਕ ਸਤੰਬਰ ਤੋਂ ਲਾਗੂ ਹੋਵੇਗਾ। ਇਸ ਤਰ੍ਹਾਂ ਉਨ੍ਹਾਂ ਸਾਰੇ ਪੈਨਸ਼ਨ ਧਾਰਕਾਂ ਨੂੰ ਜਿਨ੍ਹਾਂ ਨੂੰ ਫਿਲਹਾਲ 1,000 ਰੁਪਏ ਹਰ ਮਹੀਨੇ ਤੋਂ ਘੱਟ ਪੈਨਸ਼ਨ ਮਿਲ ਰਹੀ ਹੈ, ਉਨ੍ਹਾਂ ਨੂੰ ਅਕਤੂਬਰ ਤੋਂ ਘੱਟੋ-ਘੱਟ ਏਨੀ ਰਕਮ ਮਿਲੇਗੀ। ਈਪੀਐਸ-95 ਤਹਿਤ ਪਾਤਰਤਾ ਪ੍ਰਦਾਨ ਕਰਨ ਦਾ ਫ਼ੈਸਲਾ ਕੈਬਨਿਟ ਨੇ 28 ਫਰਵਰੀ ਨੂੰ ਲਿਆ ਸੀ, ਇਸ ਨੂੰ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਲਾਗੂ ਨਹੀਂ ਕੀਤਾ ਜਾ ਸਕਦਾ ਸੀ।

Widgetized Section

Go to Admin » appearance » Widgets » and move a widget into Advertise Widget Zone