Last UPDATE: May 13, 2018 at 6:31 pm

ਅਖੌਤੀ ਸਿਖ ਬੁੱਧੀਜੀਵੀਆਂ ਦਾ ਦਮਦਮੀ ਟਕਸਾਲ ਦੇ ਮੁਖੀ ਪ੍ਰਤੀ ਈਰਖਾਲੂ ਸੋਚ ਬੁਖਲਾਹਟ ਦਾ ਨਤੀਜਾ। 

ਸਿਖੀ ਪ੍ਰਤੀ ਕੁ ਬੋਲਾਂ ਵਾਲੇ ਪ੍ਰਚਾਰਕ ਬਾਜ ਆਉਣ ਜਾਂ ਫਿਰ ਸਿਖ ਸੰਗਤਾਂ ਦੇ ਵਧੇਰੇ ਰੋਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ : ਦਮਦਮੀ ਟਕਸਾਲ।

ਅੰਮ੍ਰਿਤਸਰ ( ਸਰਚਾਂਦ ਸਿੰਘ ) ਲੰਡਨ ਦੇ ਸਾਊਥ ਹਾਲ ਗੁਰਦਵਾਰੇ ‘ਚ ਅਖੌਤੀ ਸਿਖ ਪ੍ਰਚਾਰਕ ਅਮਰੀਕ ਸਿੰਘ ਚੰਡੀਗੜ੍ਹੀਏ ‘ਤੇ ਹੋਏ ਹਮਲੇ ਨੂੰ ਲੈ ਕੇ ਚੰਡੀਗੜ੍ਹ ਨਾਲ ਸੰਬੰਧਿਤ ਆਪੂ ਬਣੇ ਕੁੱਝ ਅਖੌਤੀ ਸਿਖ ਬੁੱਧੀਜੀਵੀਆਂ ਵੱਲੋਂ ਦਮਦਮੀ ਟਕਸਾਲ ਅਤੇ ਇਸ ਦੇ ਮੁਖੀ ‘ਤੇ ਨਿਸ਼ਾਨਾ ਸਾਧਨ ਦਾ ਦਮਦਮੀ ਟਕਸਾਲ ਨੇ ਸਖ਼ਤ ਨੋਟਿਸ ਲਿਆ ਅਤੇ ਉਨ੍ਹਾਂ ਨੂੰ ਦਮਦਮੀ ਟਕਸਾਲ ਨੂੰ ਬਦਨਾਮ ਕਰਨ ਦੀ ਕਵਾਇਦ ਛੱਡਣ ਦੀ ਸਲਾਹ ਦਿਤੀ। ਸਿਖ ਬੁੱਧੀਜੀਵੀ ਅਖਵਾਉਣ ਵਾਲੇ ਗੁਰਤੇਜ ਸਿੰਘ ਆਈਏਐਸ, ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਅਤੇ ਜਸਪਾਲ ਸਿੰਘ ਸਿੱਧੂ ਵੱਲੋਂ ਅਮਰੀਕ ਸਿੰਘ ਚੰਡੀਗੜੀਏ ਦੇ ਮਾਮਲੇ ਨੂੰ ਦਮਦਮੀ ਟਕਸਾਲ ਨਾਲ ਜੋੜੇ ਜਾਣ ਨੂੰ ਲੈ ਕੇ ਉਨ੍ਹਾਂ ‘ਤੇ ਪਲਟ ਵਾਰ ਕਰਦਿਆਂ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਸੰਤ ਚਰਨਜੀਤ ਸਿੰਘ ਜੱਸੋਵਾਲ, ਭਾਈ ਅਜਾਇਬ ਸਿੰਘ ਅਭਿਆਸੀ, ਗਿਆਨੀ ਪਲਵਿੰਦਰ ਪਾਲ ਸਿੰਘ ਬੁੱਟਰ, ਗਿਆਨੀ ਹਰਦੀਪ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਦਮਦਮੀ ਟਕਸਾਲ ਵਲ ਈਰਖਾ ਤਹਿਤ ਉਗਲ ਕਰਕੇ ਇਹਨਾਂ ਅਖੌਤੀ ਬੁੱਧੀਜੀਵੀਆਂ ਨੇ ਬੁਖਲਾਹਟ ਦਾ ਸਬੂਤ ਦਿਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਦੀ ਭੁਗਤ ਸੰਵਾਰਨ ਤੇ ਸਬਕ ਸਿਖਾਉਣ ਵਾਲਿਆਂ ‘ਚ ਦਮਦਮੀ ਟਕਸਾਲ ਨਾਲ ਜੁੜੇ ਰਹੇ ਸਿੰਘਾਂ ਦੇ ਸ਼ਾਮਿਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਉਕਤ ਵਰਤਾਰੇ ਨੂੰ ਅੰਜਾਮ ਦੇਣ ਵਾਲਿਆਂ ਨੂੰ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਪ੍ਰੇਰਿਤ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਸਗੋਂ ਹਕੀਕਤ ਇਹ ਹੈ ਕਿ ਸਮੁੱਚੀ ਸਿਖ ਜਗਤ ਸਿਖੀ ਬਾਣੇ ਅਤੇ ਭੇਸ ਵਿਚ ਗੁਰੂ ਸਾਹਿਬਾਨ, ਗੁਰਬਾਣੀ, ਗੁਰ ਇਤਿਹਾਸ, ਸਿਖੀ ਅਸੂਲਾਂ, ਸਿਧਾਂਤਾਂ, ਪੁਰਾਤਨ ਰਵਾਇਤਾਂ, ਮਾਨਤਾਵਾਂ ਅਤੇ ਮਹਾਨ ਸ਼ਹੀਦਾਂ ਦਾ ਤੌਹੀਨ ਕਰਨ ‘ਚ ਲਗੇ ਅਖੌਤੀ ਪ੍ਰਚਾਰਕਾਂ ਪ੍ਰਤੀ ਸੁਚੇਤ ਹੋ ਚੁਕੀ ਹੈ। ਸਿਖ ਜਗਤ ਦਾ ਸਬਰ ਦਾ ਪਿਆਲਾ ਭਰ ਚੁਕਾ ਹੈ ਅਤੇ ਉਹ ਹੁਣ ਗੁਰਬਾਣੀ, ਸਿਧਾਂਤਾਂ ਅਤੇ ਸਿੱਖੀ ਵਰਤਾਰੇ ਪ੍ਰਤੀ ਅਪਮਾਨ ਨੂੰ ਚੁੱਪੀ ਵਟ ਕੇ ਸਹਿਣ ਕਰਨ ਲਈ ਬਿਲਕੁਲ ਤਿਆਰ ਨਹੀਂ ਹਨ। ਸਿਖੀ ਪ੍ਰਤੀ ਗਲਤ ਅਤੇ ਗੁਮਰਾਹਕੁਨ ਪ੍ਰਚਾਰ ਕਰਨ ਬਦਲੇ ਅਮਰੀਕ ਸਿੰਘ ਚੰਡੀਗੜ੍ਹ ਅਸਟਰੇਲੀਆ ਅਤੇ ਹੋਰਨਾਂ ਥਾਵਾਂ ਤੇ ਗ਼ਲਤੀ ਮੰਨਦਿਆਂ ਕਈ ਵਾਰ ਮੁਆਫ਼ੀ ਮੰਗ ਚੁਕਾ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕ ਅਖਵਾਉਂਦੇ ਤਾਂ ਸਿਖ ਹਨ ਪਰ ਪ੍ਰਚਾਰ ਉਹ ਕਰਦੇ ਹਨ ਜਿਨ੍ਹਾਂ ਨਾਲ ਸਿੱਖੀ ਹਿਰਦੇ ਵਲੂੰਧਰੇ ਜਾਣ । ਕਿਸੇ ਸਾਜ਼ਿਸ਼ ਤਹਿਤ ਸਿਖੀ ਭਾਵਨਾਵਾਂ ਨਾਲ ਖਿਲਵਾੜ ਕਰਨਾ ਉਨ੍ਹਾਂ ਨੇ ਬਿਜ਼ਨਸ ਬਣਾ ਲਿਆ ਹੋਇਆ ਹੈ। ਅਜਿਹਾ ਹੀ ਇਕ ਰੇਡੀਉ ਪ੍ਰਚਾਰਕ ਹਰਨੇਕ ਨੇਕੀ ਨਿਊਜ਼ੀਲੈਂਡ ਦਾ ਮਾਮਲਾ ਸਾਡੇ ਸਾਹਮਣੇ ਹੈ। ਜਿਸ ਦੇ ਹਿਰਦੇਵਿੰਨੂੰ ਕੁ ਬੋਲਾਂ ਤੋਂ ਖ਼ਫ਼ਾ ਹੋਕੇ ਨਿਊਜ਼ੀਲੈਂਡ ਦੀਆਂ ਸੰਗਤਾਂ ਵੱਲੋਂ ਉਸ ਦੇ ਗੁਰਦਵਾਰਾ ਨੁਮਾ ਸਟੂਡੀਓ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹੋਰਨਾਂ ਗੁਰ ਅਸਥਾਨਾਂ ‘ਤੇ ਸਤਿਕਾਰ ਸਹਿਤ ਸੁਸ਼ੋਭਿਤ ਕਰ ਦਿਤੇ ਗਏ। ਉਸ ਵੱਲੋਂ ਗੁਰਸਿਖਾਂ ਦੇ ਹਿਰਦੇ ਨਾ ਵਿੰਨ੍ਹੇ ਹੁੰਦੇ ਤਾਂ ਅਜ ਉਸ ਨਾਲ ਤੁਰਨ ਨੂੰ ਕੋਈ ਲੋਕ ਖੜੇ ਹੋ ਜਾਂਦੇ ਪਰ ਅਜ ਨਿਊਜ਼ੀਲੈਂਡ ਦੀਆਂ 19 ਗੁਰਦਵਾਰਾ ਕਮੇਟੀਆਂ ਅਤੇ ਸਮੁੱਚੀ ਸੰਗਤ ਦੇ ਮੁਕਾਬਲੇ ਉਸ ਨਾਲ ਖੜਨ ਜਾਂ ਪਿੱਛੇ ਜਾਣ ਨੂੰ ਕੋਈ ਇਕ ਵੀ ਤਿਆਰ ਨਹੀਂ ਮਿਲਦਾ। ਉਨ੍ਹਾਂ ਅਖੌਤੀ ਬੁੱਧੀਜੀਵੀਆਂ ਨੂੰ ਦਮਦਮੀ ਟਕਸਾਲ ਜਾਂ ਇਸ ਦੇ ਮੁਖੀ ਨੂੰ ਬਦਨਾਮ ਕਰਨ ਦੀ ਚਾਲ ਤਿਆਗ ਦੇਣ ਦੀ ਸਲਾਹ ਦਿਤੀ ਅਤੇ ਕਿਹਾ ਕਿ ਉਹ ਆਪਣੇ ਜੋਟੀਦਾਰਾਂ ਨੂੰ ਸ੍ਰੀ ਅਕਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਹਾਲ ਹੀ ‘ਚ ਜਾਰੀ ਸੰਦੇਸ਼ ਦੀ ਰੌਸ਼ਨੀ ਵਿਚ ਇਹ ਸਮਝਾਉਣ ਕਿ ਉਹ ਅਜਿਹਾ ਪ੍ਰਚਾਰ ਕਰਨ ਜਿਸ ਨਾਲ ਗੁਰੂਘਰ ਪ੍ਰਤੀ ਲੋਕਾਂ ਦੀ ਸ਼ਰਧਾ ਵਧੇ ਅਤੇ ਸਿਖੀ ਹਿਰਦੇ ਰੱਬੀ ਗੁਣਾਂ ਨਾਲ ਸਰਸ਼ਾਰ ਹੋਵਨ। ਨਹੀਂ ਤਾਂ ਆਉਣ ਵਾਲੇ ਸਮੇਂ ‘ਚ ਸਿਖ ਸੰਗਤਾਂ ਦੇ ਵਧੇਰੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone